Ukraine Russia War: ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ। ਬੰਬਾਂ ਤੋਂ ਲੈ ਕੇ ਮਿਜ਼ਾਈਲਾਂ ਤੱਕ ਦੀ ਵਰਤੋਂ ਜਾਰੀ ਹੈ। ਇਸ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰੂਸ ਦੇ ਦਰਜਨਾਂ ਸੈਨਿਕਾਂ ਨੂੰ ਮਾਰ ਦਿੱਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਯੂਕਰੇਨ ਦੀ ਫੌਜ ਨੇ ਹੁਣ ਤੱਕ ਪੂਰਬੀ ਪਾਸੇ 'ਚ 50 ਰੂਸੀ ਫੌਜੀਆਂ ਨੂੰ ਢੇਰ ਕਰ ਦਿੱਤਾ ਹੈ ਤੇ 6 ਜੰਗੀ ਜਹਾਜ਼ਾਂ ਨੂੰ ਵੀ ਪੂਰਬੀ ਪਾਸੇ ਤਬਾਹ ਕਰ ਦਿੱਤਾ ਹੈ।

ਦੂਜੇ ਪਾਸੇ ਸੁਰੱਖਿਆ ਕੈਮਰੇ ਦੀ ਫੁਟੇਜ ਵਿੱਚ ਰੂਸੀ ਫੌਜੀ ਵਾਹਨਾਂ ਨੂੰ ਕ੍ਰੀਮੀਆ ਤੋਂ ਯੂਕਰੇਨ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਰੂਸੀ ਫੌਜ ਨੇ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕੀਤੀ। ਰੂਸ ਦੇ ਇਸ ਕਦਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਹੋ ਰਹੀ ਹੈ। ਪੁਤਿਨ ਨੇ ਦੂਜੇ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਰੂਸੀ ਕਾਰਵਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਦਖ਼ਲਅੰਦਾਜ਼ੀ ਦੇਣ ਦੀ ਕੋਸ਼ਿਸ਼ ਦੇ ਅਜਿਹੇ ਨਤੀਜੇ ਹੋਣਗੇ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ।

ਅੱਜ ਸਵੇਰੇ ਯੂਕਰੇਨ ਦੇ ਕੀਵ, ਖਾਰਕਿਵ, ਓਡੇਸਾ ਅਤੇ ਹੋਰ ਸ਼ਹਿਰਾਂ ਵਿੱਚ ਜ਼ੋਰਦਾਰ ਧਮਾਕੇ ਸੁਣੇ ਗਏ। ਰੂਸ ਵੱਲੋਂ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਦੇਸ਼ ਵਿੱਚ 'ਮਾਰਸ਼ਲ ਲਾਅ' ਦਾ ਐਲਾਨ ਕੀਤਾ ਅਤੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕਰੇਨ ਦੇ ਫੌਜੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਅਤੇ ਦੇਸ਼ ਭਰ ਵਿੱਚ ਧਮਾਕੇ ਸੁਣੇ ਗਏ। ਰਿਪੋਰਟਾਂ ਇਹ ਵੀ ਆ ਰਹੀਆਂ ਹਨ ਕਿ ਰੂਸ ਦੇ ਹਮਲੇ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 9 ਲੋਕ ਜ਼ਖਮੀ ਹਨ।

ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਦੁਨੀਆ ਦੇ ਹੋਰ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਨੂੰ ਰੱਖਿਆ ਸਹਾਇਤਾ ਪ੍ਰਦਾਨ ਕਰਨ ਅਤੇ ਰੂਸ ਤੋਂ ਆਪਣੇ ਹਵਾਈ ਖੇਤਰ ਦੀ ਰੱਖਿਆ ਕਰਨ ਵਿੱਚ ਮਦਦ ਕਰਨ। ਯੂਕਰੇਨ 'ਤੇ ਰੂਸ ਦੇ ਹਮਲੇ ਦੇ ਵਿਚਕਾਰ ਵੀਰਵਾਰ ਸਵੇਰੇ ਜਾਰੀ ਇਕ ਬਿਆਨ 'ਚ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਯੂਕਰੇਨ ਤੇ ਪੂਰੀ ਲੋਕਤੰਤਰੀ ਦੁਨੀਆ ਦੇ ਖਿਲਾਫ ਜੰਗ ਛੇੜੀ ਹੋਈ ਹੈ। ਉਨ੍ਹਾਂ ਨੇ ਵਿਸ਼ਵ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਰੱਖਿਆ ਸਹਾਇਤਾ ਪ੍ਰਦਾਨ ਕਰਨ ਅਤੇ ਇਸ ਦੇ ਹਵਾਈ ਖੇਤਰ ਨੂੰ ਰੂਸੀ ਹਮਲੇ ਤੋਂ ਬਚਾਉਣ ਵਿੱਚ ਮਦਦ ਕਰਨ।