US Elections 2024: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਡੋਨਾਲਡ ਟਰੰਪ ਨੇ ਆਪਣੇ ਵਿਰੋਧੀ ਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਯਹੂਦੀਆਂ ਨੂੰ ਨਫ਼ਰਤ ਕਰਦੀ ਹੈ। ਜੇ ਉਹ ਚੋਣ ਜਿੱਤ ਜਾਂਦੀ ਹੈ, ਤਾਂ ਇਜ਼ਰਾਈਲ ਦੀ ਤਬਾਹੀ ਯਕੀਨੀ ਹੈ ਕਿਉਂਕਿ ਡੈਮੋਕਰੇਟਸ ਹਮਾਸ ਦੇ ਸਮਰਥਕ ਹਨ। ਉਨ੍ਹਾਂ ਦੇ ਵੱਡੇ ਨੇਤਾ ਫਲਸਤੀਨ ਦੇ ਨਾਂਅ 'ਤੇ ਹਮਾਸ ਨੂੰ ਉਤਸ਼ਾਹਿਤ ਕਰਦੇ ਹਨ। ਅਮਰੀਕੀ ਲੀਡਰਸ਼ਿਪ ਦੀ ਕਮਜ਼ੋਰੀ ਕਾਰਨ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ। ਇਨ੍ਹਾਂ ਵਿੱਚ ਕਈ ਅਮਰੀਕੀ ਵੀ ਸ਼ਾਮਲ ਹਨ।


ਹਿੰਦੀ ਅਖਬਾਰ 'ਦੈਨਿਕ ਭਾਸਕਰ' ਨਾਲ ਇੰਟਰਵਿਊ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਡੈਮੋਕਰੇਟਸ ਅੰਤਰਰਾਸ਼ਟਰੀ ਨੀਤੀ 'ਚ ਅਸਫਲ ਰਹੇ ਹਨ। ਅਮਰੀਕਾ ਨੇ ਇਜ਼ਰਾਈਲ-ਹਮਾਸ ਜੰਗ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਨਹੀਂ ਕੀਤੀ। ਅਫਸੋਸ ਦੀ ਗੱਲ ਹੈ ਕਿ ਰਾਸ਼ਟਰਪਤੀ ਜੋ ਬਾਇਡੇਨ ਨੇ ਬਿਨਾਂ ਕਿਸੇ ਚਰਚਾ ਦੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਸੀ। ਅਜਿਹੇ 'ਚ ਕੌਮਾਂਤਰੀ ਪੱਧਰ 'ਤੇ ਫੈਸਲਿਆਂ 'ਚ ਅਮਰੀਕੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ।


ਭਾਰਤ ਲਈ ਡੋਨਾਲਡ ਟਰੰਪ ਦੀ ਕੀ ਯੋਜਨਾ ?


ਡੋਨਾਲਡ ਟਰੰਪ ਨੇ ਕਿਹਾ, "ਭਾਰਤੀ-ਅਮਰੀਕੀ ਮੇਰੇ ਵੱਡੇ ਸਮਰਥਕ ਹਨ। ਕਿਉਂਕਿ, ਪਿਛਲੀਆਂ ਚੋਣਾਂ 'ਚ ਵੀ ਮੈਨੂੰ ਉਨ੍ਹਾਂ ਦਾ ਸਮਰਥਨ ਮਿਲਿਆ ਸੀ। ਕਈ ਭਾਰਤੀ ਮੇਰੀ ਚੋਣ 'ਚ ਪ੍ਰਚਾਰ ਕਰ ਰਹੇ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਜੇਕਰ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਭਾਰਤ ਮੇਰੇ ਤੋਂ ਵਧੀਆ ਦੋਸਤ ਨਹੀਂ ਮਿਲੇਗਾ


ਅਮਰੀਕੀ ਇਮੀਗ੍ਰੇਸ਼ਨ ਪ੍ਰਕਿਰਿਆ 'ਤੇ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਸਖਤ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀਆਂ ਨੂੰ ਗ੍ਰੀਨ ਕਾਰਡ ਦੇਣ ਦਾ ਐਲਾਨ ਕੀਤਾ ਹੈ। ਭਾਵ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਸੈਟਲ ਹੋਣ ਲਈ ਸਾਰੀਆਂ ਸਹੂਲਤਾਂ ਮਿਲਣਗੀਆਂ। ਦਰਅਸਲ, ਬਹੁਤ ਸਾਰੇ ਵਿਦਿਆਰਥੀ ਅਮਰੀਕਾ ਦੀਆਂ ਨਾਮਵਰ ਯੂਨੀਵਰਸਿਟੀਆਂ ਹਾਰਵਰਡ ਅਤੇ ਐਮਆਈਟੀ ਤੋਂ ਪੜ੍ਹ ਕੇ ਵਾਪਸ ਆਪਣੇ ਵਤਨ ਭਾਰਤ ਪਰਤ ਜਾਂਦੇ ਹਨ, ਜਿਸ ਕਾਰਨ ਅਮਰੀਕਾ ਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ।