Bangladesh Crisis: ਸ਼ੇਖ ਹਸੀਨਾ 45 ਦਿਨਾਂ ਬਾਅਦ 5 ਅਗਸਤ ਨੂੰ ਮੁੜ ਭਾਰਤ ਪਹੁੰਚੇ। ਇਸ ਤੋਂ ਪਹਿਲਾਂ ਜਦੋਂ ਉਹ 21 ਜੂਨ ਨੂੰ ਭਾਰਤ ਆਏ ਸੀ ਤਾਂ ਪੀਐਮ ਮੋਦੀ ਨੇ ਉਨ੍ਹਾਂ ਦਾ ਰੈੱਡ ਕਾਰਪੇਟ 'ਤੇ ਸਵਾਗਤ ਕੀਤਾ ਸੀ ਪਰ ਇਸ ਵਾਰ ਕਹਾਣੀ ਕੁਝ ਵੱਖਰੀ ਹੈ। ਹਸੀਨਾ ਭਾਰਤ ਜ਼ਰੂਰ ਆਈ ਸੀ, ਪਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ। ਅਜਿਹੇ ਸਮੇਂ ਜਦੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਫ਼ਤਰ 'ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਬਜ਼ਾ ਹੈ। ਹਸੀਨਾ ਨੂੰ ਆਪਣਾ ਦੇਸ਼ ਛੱਡਣ ਲਈ ਮਜਬੂਰ ਕਰਨ ਪਿੱਛੇ ਤਿੰਨ ਅਹਿਮ ਕਿਰਦਾਰ ਹਨ ਜਿਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਤੋਂ ਅੰਦੋਲਨ ਸ਼ੁਰੂ ਕੀਤਾ ਤੇ 15 ਸਾਲਾਂ ਤੋਂ ਸੱਤਾ ਵਿੱਚ ਰਹੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਡੇਗ ਦਿੱਤਾ।


ਆਓ ਜਾਣਦੇ ਹਾਂ ਕੌਣ ਨੇ ਉਹ 3 ਵਿਦਿਆਰਥੀ ?


ਨਾਹਿਦ ਇਸਲਾਮ


ਨਾਹਿਦ ਇਸਲਾਮ ਵਿਦਿਆਰਥੀ ਲਹਿਰ ਦਾ ਸਭ ਤੋਂ ਵੱਡਾ ਚਿਹਰਾ ਹੈ। ਉਨ੍ਹਾਂ ਨੇ ਐਤਵਾਰ ਨੂੰ ਬਿਆਨ ਦਿੱਤਾ ਸੀ, ''ਅੱਜ ਅਸੀਂ ਲਾਠੀਆਂ ਚੁੱਕੀਆਂ ਹਨ, ਜੇ ਲਾਠੀਆਂ ਨਹੀਂ ਚੱਲੀਆਂ ਤਾਂ ਅਸੀਂ ਹਥਿਆਰ ਚੁੱਕਣ ਲਈ ਵੀ ਤਿਆਰ ਹਾਂ। ਪ੍ਰਧਾਨ ਮੰਤਰੀ ਹਸੀਨਾ ਦੇਸ਼ ਨੂੰ ਘਰੇਲੂ ਯੁੱਧ ਵੱਲ ਧੱਕਣਾ ਚਾਹੁੰਦੀ ਹੈ। ਹੁਣ ਸ਼ੇਖ ਹਸੀਨਾ ਨੇ ਫੈਸਲਾ ਕਰਨਾ ਹੈ ਕਿ ਉਹ ਅਹੁਦੇ ਤੋਂ ਅਸਤੀਫਾ ਦੇਵੇਗੀ ਜਾਂ ਅਹੁਦੇ 'ਤੇ ਬਣੇ ਰਹਿਣ ਲਈ ਖੂਨ-ਖਰਾਬਾ ਦਾ ਸਹਾਰਾ ਲਵੇਗੀ।  ਨਾਹਿਦ ਢਾਕਾ ਯੂਨੀਵਰਸਿਟੀ ਦੀ ਵਿਦਿਆਰਥੀ ਹੈ। ਉਸ ਨੇ ਪੁਲਿਸ ’ਤੇ ਦੋਸ਼ ਲਾਇਆ ਕਿ ਉਸ ਨੂੰ 20 ਜੁਲਾਈ ਦੀ ਸਵੇਰ ਚੁੱਕ ਲਿਆ ਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਵਰਦੀ ਵਿੱਚ ਕੁਝ ਲੋਕ ਨਾਹਿਦ ਨੂੰ ਕਾਰ ਵਿੱਚ ਬਿਠਾ ਰਹੇ ਸਨ। ਨਾਹਿਦ ਦੇ ਲਾਪਤਾ ਹੋਣ ਦੇ 24 ਘੰਟੇ ਬਾਅਦ, ਉਹ ਇੱਕ ਪੁਲ ਦੇ ਥੱਲੇ ਬੇਹੋਸ਼ ਮਿਲਿਆ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਲੋਹੇ ਦੀ ਰਾਡ ਨਾਲ ਉਦੋਂ ਤੱਕ ਕੁੱਟਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। 


ਆਸਿਫ਼ ਮਹਿਮੂਦ


ਆਸਿਫ਼ ਮਹਿਮੂਦ ਢਾਕਾ ਯੂਨੀਵਰਸਿਟੀ ਵਿੱਚ ਭਾਸ਼ਾ ਅਧਿਐਨ ਦਾ ਵਿਦਿਆਰਥੀ ਹੈ। ਉਹ ਜੂਨ ਵਿੱਚ ਸ਼ੁਰੂ ਹੋਏ ਰਾਖਵੇਂਕਰਨ ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਦਾ ਹਿੱਸਾ ਬਣਿਆ । 26 ਜੁਲਾਈ ਨੂੰ ਡਿਟੈਕਟਿਵ ਬ੍ਰਾਂਚ ਵੱਲੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਆਸਿਫ਼ ਮਹਿਮੂਦ ਵੀ ਸ਼ਾਮਲ ਸੀ। ਹੋਰਨਾਂ ਵਾਂਗ ਉਸ ਨੂੰ ਵੀ ਇਲਾਜ ਦੌਰਾਨ ਹਸਪਤਾਲ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਆਸਿਫ਼ ਦੀ ਹਿਰਾਸਤ ਪਿੱਛੇ ਸੁਰੱਖਿਆ ਕਾਰਨਾਂ ਦਾ ਵੀ ਹਵਾਲਾ ਦਿੱਤਾ ਗਿਆ। 27 ਜੁਲਾਈ ਨੂੰ ਡਿਟੈਕਟਿਵ ਬ੍ਰਾਂਚ ਨੇ ਦੋ ਹੋਰ ਵਿਦਿਆਰਥੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਦੇ ਨਾਂਅ ਸਰਜੀਸ ਆਲਮ ਅਤੇ ਹਸਨਤ ਅਬਦੁੱਲਾ ਸਨ। ਉਸ ਨੂੰ ਡਿਟੈਕਟਿਵ ਬਰਾਂਚ ਦੇ ਦਫ਼ਤਰ ਵਿੱਚ ਰੱਖਿਆ ਗਿਆ ਸੀ। 28 ਜੁਲਾਈ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮਿਲਣ ਦੀ ਇਜਾਜ਼ਤ ਮੰਗੀ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।


ਪੁਲਿਸ ਨੇ ਉਨ੍ਹਾਂ ਨੂੰ 29 ਜੁਲਾਈ ਨੂੰ ਵਿਦਿਆਰਥੀਆਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਇਸ ਤੋਂ ਪਹਿਲਾਂ ਨਾਹਿਦ, ਆਸਿਫ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਵੀਡੀਓ ਜਾਰੀ ਕਰਕੇ ਪ੍ਰਦਰਸ਼ਨ ਵਾਪਸ ਲੈਣ ਦੀ ਮੰਗ ਕੀਤੀ ਸੀ। ਰਿਪੋਰਟਾਂ ਮੁਤਾਬਕ ਪੁਲਿਸ ਨੇ ਜ਼ਬਰਦਸਤੀ ਕੁੱਟਮਾਰ ਕਰਕੇ ਵੀਡੀਓ ਬਣਵਾਈ ਸੀ। ਆਸਿਫ ਨੂੰ ਟੀਕਾ ਲਗਾਇਆ ਗਿਆ, ਜਿਸ ਕਾਰਨ ਉਹ ਕਈ ਦਿਨਾਂ ਤੱਕ ਬੇਹੋਸ਼ ਰਿਹਾ। ਵਿਦਿਆਰਥੀਆਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ 1 ਅਗਸਤ ਨੂੰ ਉਸ ਨੂੰ ਹਿਰਾਸਤ 'ਚੋਂ ਰਿਹਾਅ ਕਰ ਦਿੱਤਾ ਗਿਆ ਸੀ। 3 ਅਗਸਤ ਨੂੰ, ਆਸਿਫ ਨੇ ਫੇਸਬੁੱਕ 'ਤੇ ਪੋਸਟ ਕੀਤਾ ਤੇ ਵਿਦਿਆਰਥੀਆਂ ਨੂੰ ਘਰ ਨਾ ਰਹਿਣ ਤੇ ਨੇੜਲੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਆਸਿਫ਼ ਮਹਿਮੂਦ ਨੇ ਇੱਕ ਵਾਰ ਫਿਰ ਬਿਆਨ ਦਿੱਤਾ ਹੈ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਹ ਦੇਸ਼ ਵਿੱਚ ਮਾਰਸ਼ਲ ਲਾਅ ਯਾਨੀ ਫੌਜੀ ਸ਼ਾਸਨ ਨੂੰ ਸਵੀਕਾਰ ਨਹੀਂ ਕਰਨਗੇ।


ਅਬੂ ਬਕਰ ਮਜੂਮਦਾਰ


ਅਬੂ ਬਕਰ ਨੇ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰਨ ਵਿੱਚ ਵੀ ਭੂਮਿਕਾ ਨਿਭਾਈ ਸੀ। ਉਹ ਢਾਕਾ ਯੂਨੀਵਰਸਿਟੀ ਵਿੱਚ ਭੂਗੋਲ ਵਿਭਾਗ ਦਾ ਵਿਦਿਆਰਥੀ ਹੈ। ਦ ਫਰੰਟ ਲਾਈਨ ਡਿਫੈਂਡਰ ਦੇ ਅਨੁਸਾਰ ਉਹ ਨਾਗਰਿਕ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ 'ਤੇ ਵੀ ਕੰਮ ਕਰਦਾ ਹੈ। 5 ਜੂਨ ਨੂੰ ਰਿਜ਼ਰਵੇਸ਼ਨ 'ਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਬਕਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਵਿਦਿਆਰਥੀ ਵਿਤਕਰੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ। ਉਨ੍ਹਾਂ ਨੇ "ਸੁਤੰਤਰਤਾ ਸੈਨਾਨੀਆਂ" ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਦਿੱਤੇ ਗਏ ਰਾਖਵੇਂਕਰਨ ਦਾ ਸਖ਼ਤ ਵਿਰੋਧ ਕੀਤਾ। 19 ਜੁਲਾਈ ਦੀ ਸ਼ਾਮ ਨੂੰ ਕੁਝ ਲੋਕ ਅਬੂ ਨੂੰ ਧਨਮੰਡੀ ਇਲਾਕੇ ਤੋਂ ਆਪਣੇ ਨਾਲ ਲੈ ਗਏ ਸਨ ਜਿਸ ਤੋਂ ਬਾਅਦ ਕਈ ਦਿਨਾਂ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਿਆ। ਦੋ ਦਿਨ ਬਾਅਦ ਉਸ ਨੂੰ ਸੜਕ ਕਿਨਾਰੇ ਛੱਡ ਦਿੱਤਾ ਗਿਆ ਜਿੱਥੋਂ ਉਸ ਨੂੰ ਚੁੱਕਿਆ ਗਿਆ ਸੀ। ਬਾਅਦ ਵਿੱਚ ਅਬੂ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਅੰਦੋਲਨ ਵਾਪਸ ਲੈਣ ਲਈ ਦਬਾਅ ਪਾ ਰਹੀ ਹੈ। ਜਦੋਂ ਉਸਨੇ ਇਨਕਾਰ ਕੀਤਾ ਤਾਂ ਉਸਦੀ ਕੁੱਟਮਾਰ ਕੀਤੀ ਗਈ। ਜ਼ਖਮੀ ਅਬੂ ਮਜ਼ੂਮਦਾਰ ਨੂੰ ਧਨਮੰਡੀ ਦੇ ਗੋਨੋਸ਼ਠਯ ਨਗਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 26 ਜੁਲਾਈ ਨੂੰ ਪੁਲਿਸ ਨੇ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ।  ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ।


ਖਤਮ ਹੋ ਰਿਹਾ ਵਿਰੋਧ ਇਸ ਤਰ੍ਹਾਂ ਫਿਰ ਭੜਕਿਆ...


ਪਿਛਲੇ ਮਹੀਨੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 6 ਲੋਕਾਂ ਨੂੰ ਡਿਟੈਕਟਿਵ ਬ੍ਰਾਂਚ ਨੇ ਸੁਰੱਖਿਅਤ ਰੱਖਣ ਦੇ ਨਾਂਅ 'ਤੇ 6 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਸੀ। ਇਨ੍ਹਾਂ ਵਿੱਚੋਂ ਨਾਹੀਦ ਇਸਲਾਮ, ਆਸਿਫ਼ ਮਹਿਮੂਦ ਅਤੇ ਅਬੂ ਬਕਰ ਮਜੂਮਦਾਰ ਜ਼ਖ਼ਮੀ ਹੋ ਗਏ ਅਤੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਸਾਰਿਆਂ ਤੋਂ ਅੰਦੋਲਨ ਵਾਪਸ ਲੈਣ ਲਈ ਜ਼ਬਰਦਸਤੀ ਵੀਡੀਓ ਬਣਾਈ ਗਈ। ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਗ੍ਰਹਿ ਮੰਤਰੀ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅੰਦੋਲਨ ਖ਼ਤਮ ਕਰਨ ਦੀ ਗੱਲ ਕਹੀ ਸੀ। ਮਾਮਲਾ ਸਾਹਮਣੇ ਆਉਣ 'ਤੇ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਹੋਰ ਭੜਕ ਗਿਆ। ਪ੍ਰਦਰਸ਼ਨ ਇੰਨਾ ਵੱਧ ਗਿਆ ਕਿ ਹਜ਼ਾਰਾਂ ਲੋਕ ਸੜਕਾਂ 'ਤੇ ਆ ਗਏ। ਉਨ੍ਹਾਂ ਨੇ ਸੰਸਦ ਭਵਨ ਅਤੇ ਪ੍ਰਧਾਨ ਮੰਤਰੀ ਦਫ਼ਤਰ 'ਤੇ ਕਬਜ਼ਾ ਕਰ ਲਿਆ।