ਝੋਨੇ ਦੀ ਬਿਜਾਈ ਲਈ ਬਿਜਲੀ ਨਾ ਮਿਲਣ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ
ਗੁਰਦਾਸਪੁਰ: ਝੋਨੇ ਦੀ ਬਿਜਾਈ ਲਈ ਅੱਠ ਘੰਟੇ ਬਿਜਲੀ ਨਾ ਮਿਲਣ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕਿਸਾਨ ਖੇਤ ਛੱਡ ਸੜਕਾਂ ਉੱਪਰ ਆਉਣ ਲਈ ਮਜਬੂਰ ਹਨ। ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਵੱਲੋਂ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ। ਹੁਣ ਸਰਕਾਰ ਪੂਰੀ ਬਿਜਲੀ ਸਪਲਾਈ ਦੇਣ ਤੋਂ ਭੱਜ ਰਹੀ ਹੈ।
Download ABP Live App and Watch All Latest Videos
View In Appਅੱਜ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਪੰਜਾਬ ਦੇ ਕਿਸਾਨ ਆਗੂਆਂ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਬਟਾਲਾ ਵਿਖੇ ਐਕਸੀਅਨ ਬਿਜਲੀ ਬੋਰਡ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜਦ ਤਕ ਬਿਜਲੀ ਬੋਰਡ ਵੱਲੋਂ ਬਿਜਲੀ ਸਪਲਾਈ ਸਹੀ ਢੰਗ ਨਾਲ ਪਿੰਡਾਂ ਨੂੰ ਨਾ ਦਿੱਤੀ ਗਈ ਉਨ੍ਹਾਂ ਵੱਲੋਂ ਬਿਜਲੀ ਬੋਰਡ ਦੇ ਵੱਖ-ਵੱਖ ਦਫਤਰਾਂ ਦਾ ਘੇਰਾਓ ਕੀਤਾ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਇਕੱਠੇ ਹੋਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਖਿਲਾਫ ਨਾਅਰੇਬਾਜੀ ਕੀਤੀ ਗਈ। ਕਿਸਾਨ ਮਜ਼ਦੂਰ ਯੂਨੀਅਨ ਮਾਝਾ ਪੰਜਾਬ ਦੇ ਲੀਡਰਾਂ ਪ੍ਰਧਾਨ ਗੁਰਮੁਖ ਸਿੰਘ ਤੇ ਕਨਵੀਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਲਈ ਪਿੰਡਾਂ ਵਿੱਚ ਅੱਠ ਘੰਟੇ ਬਿਜਲੀ ਸਪਲਾਈ ਦਾ ਵਾਅਦਾ ਤੇ ਦਾਅਵਾ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪਿੰਡਾਂ ਵਿੱਚ ਉਨ੍ਹਾਂ ਨੂੰ ਮਹਿਜ਼ 3 ਜਾਂ ਫਿਰ 4 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਹਰ ਕਿਸਾਨ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਅੱਜ ਇਸ ਮੰਗ ਨੂੰ ਲੈ ਕੇ ਬਿਜਲੀ ਬੋਰਡ ਦੇ ਦਫਤਰ ਵਿਖੇ ਧਰਨਾ ਦੇ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਪਣਾ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਣਗੇ ਤੇ ਜੇਕਰ ਉਸ ਦੇ ਬਾਵਜੂਦ ਜਲਦ ਉਨ੍ਹਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਵਿਭਾਗ ਵੱਲੋਂ ਨਾ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਆਪਣੇ ਧਰਨੇ ਲਗਾਤਾਰ ਜਾਰੀ ਰੱਖੇ ਜਾਣਗੇ। ਭਵਿੱਖ ਵਿੱਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਜਲੀ ਬੋਰਡ ਦੇ ਅਧਕਾਰੀਆਂ ਦੇ ਦਫਤਰਾਂ ਦਾ ਘੇਰਾਓ ਕੀਤਾ ਜਾਵੇਗਾ।