ਪਰਗਟ ਸਿੰਘ ਨੂੰ ਮਿਲਣ ਪਹੁੰਚੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ, ਵੇਖੋ ਤਸਵੀਰਾਂ
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਬਣਦੇ ਹੀ ਚੰਨੀ ਨੇ ਕਿਹਾ, ਮੈਂ ਕਿਸਾਨਾਂ ਲਈ ਸਿਰ ਲਵਾ ਦਿਆਂਗਾ, ਇਹ ਕਾਂਗਰਸ ਸਰਕਾਰ ਕਿਸਾਨਾਂ ਲਈ ਸਰਕਾਰ ਹੈ।
Download ABP Live App and Watch All Latest Videos
View In Appਸਹੁੰ ਚੁੱਕਣ ਮਗਰੋਂ ਖ਼ਬਰਾਂ ਸੀ ਕਿ ਚੰਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚਣਗੇ ਪਰ ਅਜਿਹਾ ਨਹੀਂ ਹੋਇਆ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਮਿਲਣ ਪਹੁੰਚ ਗਏ।
ਪਰਗਟ ਸਿੰਘ ਦੇ ਘਰ ਪਹੁੰਚੇ ਚੰਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਪਰਗਟ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਨਵੇਂ ਮੁੱਖ ਮੰਤਰੀ ਦਾ ਸਵਾਗਤ ਕਰ ਰਹੇ ਹਨ ਤੇ ਇੱਕ ਦੂਜੇ ਦਾ ਮੁੰਹ ਮਿੱਠਾ ਕਰਵਾ ਰਹੇ ਹਨ।
ਦੱਸ ਦੇਈਏ ਕਿ ਚਰਨਜੀਤ ਚੰਨੀ ਦਾ ਸਿਆਸੀ ਕੱਦ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਉਤਾਂਹ ਵੱਲ ਨੂੰ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਚੁਣੇ ਜਾਣ ਤੋਂ ਲੈ ਕੇ ਪੰਜਾਬ ਦੇ ਦਲਿਤ ਭਾਈਚਾਰੇ ਦੇ ਪਹਿਲੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੱਕ। ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਚੰਨੀ 2012 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ।
ਚਰਨਜੀਤ ਚੰਨੀ ਦਲਿਤ ਸਿੱਖ (ਰਾਮਦਾਸੀਆ ਸਿੱਖ) ਭਾਈਚਾਰੇ ਤੋਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੰਤਰੀ ਮੰਡਲ ਵਿੱਚ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਨੌਕਰੀਆਂ ਪੈਦਾ ਕਰਨ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗਾਂ ਨੂੰ ਸੰਭਾਲ ਰਹੇ ਸਨ।
ਚੰਨੀ ਨੇ ਤਿੰਨ ਹੋਰ ਮੰਤਰੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਵਤ ਕਰ ਦਿੱਤੀ ਸੀ, ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੈਂਪ ਦੇ ਪੱਖ ਵਿੱਚ ਸੀ। ਦਿਲਚਸਪ ਗੱਲ ਇਹ ਹੈ ਕਿ 2007 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਚਮਕੌਰ ਸਾਹਿਬ ਸੀਟ ਲਈ ਕਾਂਗਰਸੀ ਉਮੀਦਵਾਰ ਵਿਰੁੱਧ ਬਗਾਵਤ ਕਰਨ ਦੇ ਤਿੰਨ ਸਾਲ ਬਾਅਦ ਦਸੰਬਰ 2010 ਵਿੱਚ ਚੰਨੀ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਵਾਲੇ ਕੈਪਟਨ ਅਮਰਿੰਦਰ ਹੀ ਸਨ।
ਬੀਤੇ ਕੱਲ੍ਹ ਲੰਮੀ ਜਦੋ-ਜਹਿਦ ਮਗਰੋਂ ਚੰਨੀ ਨੂੰ ਵਿਧਾਇਕ ਦਲ ਦਾ ਨੇਤਾ ਐਲਾਨਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਕਾਂਗਰਸ 'ਚ ਨਵਾਂ ਮੁੱਖ ਮੰਤਰੀ ਤੈਅ ਕਰਨ ਲਈ ਕਾਫੀ ਕਸ਼ਮਕਸ਼ ਚੱਲੀ ਸੀ। ਪਹਿਲਾਂ ਸੁਨੀਲ ਜਾਖੜ, ਫੇਰ ਸੁਖਜਿੰਦਰ ਰੰਧਾਵਾ ਤੇ ਅੰਤ ਵਿੱਚ ਚਰਨਜੀਤ ਚੰਨੀ ਦੇ ਨਾਮ ਤੇ ਮੋਹਰ ਲੱਗੀ।