Sania Mirza: ਫਤਵੇ ਤੋਂ ਲੈ ਕੇ ਵਿਆਹ ਤੱਕ ਸਾਨੀਆ ਮਿਰਜ਼ਾ ਦੀ ਜ਼ਿੰਦਗੀ 'ਚ ਰਹੇ ਹਨ ਕਈ ਵਿਵਾਦ
ਭਾਰਤ ਦੀ ਪਹਿਲੀ ਗਰੈਂਡ ਸਲੈਮ ਜੇਤੂ ਮਹਿਲਾ ਖਿਡਾਰਨ ਸਾਨੀਆ ਮਿਰਜ਼ਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਸਾਨੀਆ ਭਾਰਤ ਦੀ ਸਰਵੋਤਮ ਟੈਨਿਸ ਖਿਡਾਰਨ ਹੈ, ਜਿਸ ਨੇ ਭਾਰਤ ਲਈ ਕਈ ਤਗਮੇ ਅਤੇ ਟਰਾਫੀਆਂ ਜਿੱਤੀਆਂ ਹਨ। ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ਵੀ ਵਿਵਾਦਾਂ ਨਾਲ ਭਰੀ ਰਹੀ ਹੈ, ਜਿਸ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ। ਹੁਣ ਇੱਕ ਵਾਰ ਫਿਰ ਸਾਨੀਆ ਮਿਰਜ਼ਾ ਦੀ ਜ਼ਿੰਦਗੀ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ 12 ਸਾਲ ਪੁਰਾਣਾ ਵਿਆਹ ਟੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ।
Download ABP Live App and Watch All Latest Videos
View In Appਸਾਨੀਆ ਮਿਰਜ਼ਾ ਦਾ ਜਨਮ 15 ਨਵੰਬਰ 1986 ਨੂੰ ਮੁੰਬਈ ਵਿੱਚ ਹੋਇਆ ਸੀ। ਉਸਨੇ ਆਪਣਾ ਬਚਪਨ ਹੈਦਰਾਬਾਦ ਵਿੱਚ ਬਿਤਾਇਆ ਅਤੇ ਉਥੋਂ ਟੈਨਿਸ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸਾਨੀਆ ਲਈ ਉਨ੍ਹਾਂ ਦਾ ਜਨਮਦਿਨ ਬਹੁਤ ਖਾਸ ਹੈ ਕਿਉਂਕਿ ਇਸ ਦਿਨ ਉਨ੍ਹਾਂ ਦੀ ਮਾਂ ਦਾ ਜਨਮਦਿਨ ਵੀ ਆਉਂਦਾ ਹੈ। ਇਸ ਕਾਰਨ ਉਨ੍ਹਾਂ ਲਈ ਇਹ ਦੋਹਰੀ ਖੁਸ਼ੀ ਦਾ ਦਿਨ ਬਣਿਆ ਰਹਿੰਦਾ ਹੈ। ਪਰ ਅੰਤਰਰਾਸ਼ਟਰੀ ਟੈਨਿਸ 'ਚ ਆਉਣ ਤੋਂ ਬਾਅਦ ਸਾਨੀਆ ਨੂੰ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਸਾਨੀਆ ਮਿਰਜ਼ਾ ਨੇ ਆਪਣੇ ਟੈਨਿਸ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਛੋਟੀ ਉਮਰ ਵਿੱਚ ਕੀਤੀ ਸੀ। ਉਸਨੇ ਸਾਲ 1999 ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਅਗਲੇ ਹੀ ਸਾਲ ਉਸਨੇ ਪਾਕਿਸਤਾਨ ਵਿੱਚ ਖੇਡੀ ਗਈ ਇੰਟੇਲ ਜੂਨੀਅਰ ਚੈਂਪੀਅਨਸ਼ਿਪ ਜੀ-5 ਮੈਚ ਵਿੱਚ ਸਿੰਗਲ ਅਤੇ ਡਬਲਜ਼ ਮੈਚ ਜਿੱਤੇ। ਸਾਲ 2003 ਸਾਨੀਆ ਦੇ ਇਸ ਸਫ਼ਰ ਵਿੱਚ ਸਭ ਤੋਂ ਰੋਮਾਂਚਕ ਮੋੜ ਲੈ ਕੇ ਆਇਆ, ਜਿਸ ਵਿੱਚ ਸਾਨੀਆ ਨੇ ਵਿੰਬਲਡਨ ਵਿੱਚ ਡਬਲਜ਼ ਦੌਰਾਨ ਜਿੱਤ ਦਰਜ ਕੀਤੀ।
2003 ਵਿੱਚ, ਸਾਨੀਆ ਮਿਰਜ਼ਾ ਰੂਸੀ ਖਿਡਾਰਨ ਅਲੀਸਾ ਕੇਲਬਾਨੋਵਾ ਨਾਲ ਮਿਲ ਕੇ ਫਾਈਨਲ ਵਿੱਚ ਪਹੁੰਚੀ। 1952 ਵਿੱਚ ਰੀਟਾ ਡਾਬਰ ਦੇ ਸਿੰਗਲਜ਼ ਮੁਕਾਬਲੇ ਵਿੱਚ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਸੀ। ਰੀਟਾ ਡਾਬਰ ਸਿਰਫ ਉਪ ਜੇਤੂ ਰਹੀ ਸੀ ਪਰ ਸਾਨੀਆ ਮਿਰਜ਼ਾ ਜਿੱਤ ਗਈ ਸੀ।
ਸਾਨੀਆ ਮਿਰਜ਼ਾ ਨੇ ਆਸਟ੍ਰੇਲੀਅਨ ਓਪਨ 2009 ਦੇ ਮਿਕਸਡ ਡਬਲਜ਼ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ, ਜਿੱਥੇ ਉਸਨੇ ਭਾਰਤੀ ਮਹਾਨ ਖਿਡਾਰੀ ਮਹੇਸ਼ ਭੂਪਤੀ ਦੇ ਨਾਲ ਸਾਂਝੇਦਾਰੀ ਵਿੱਚ ਕੋਰਟ ਵਿੱਚ ਪ੍ਰਵੇਸ਼ ਕੀਤਾ। ਇਸ ਜੋੜੀ ਨੇ ਵਧੀਆ ਪ੍ਰਦਰਸ਼ਨ ਦਿਖਾਉਂਦੇ ਹੋਏ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਸੀ। ਸਾਬਕਾ ਡਬਲਜ਼ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਆਪਣੇ ਕਰੀਅਰ ਵਿੱਚ ਛੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ।
ਸਾਨੀਆ ਮਿਰਜ਼ਾ ਨੂੰ ਆਪਣੀ ਜ਼ਿੰਦਗੀ 'ਚ ਕਈ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ਦੌਰਾਨ ਉਸ ਨੇ ਛੋਟੇ ਕੱਪੜੇ ਪਾਏ ਹੋਣ 'ਤੇ ਕਈ ਵਿਵਾਦ ਵੀ ਹੋਏ ਸਨ। ਮੁਸਲਿਮ ਸੰਗਠਨ ਨੇ ਉਸ ਦੇ ਖਿਲਾਫ ਫਤਵਾ ਵੀ ਜਾਰੀ ਕੀਤਾ ਸੀ। ਇੰਨਾ ਹੀ ਨਹੀਂ ਉਸ 'ਤੇ ਤਿਰੰਗੇ ਦਾ ਅਪਮਾਨ ਕਰਨ ਦਾ ਦੋਸ਼ ਵੀ ਲਗਾਇਆ ਗਿਆ ਸੀ, ਜਿਸ ਲਈ ਉਸ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ਼ ਹੋ ਗਈ ਸੀ ਪਰ ਇਨ੍ਹਾਂ ਵਿਵਾਦਾਂ ਦਾ ਉਸ ਦੀ ਜ਼ਿੰਦਗੀ 'ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਆਪਣੀ ਖੇਡ 'ਚ ਅੱਗੇ ਵਧਦੀ ਰਹੀ।
ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਦੇ ਵਿਆਹ ਨੂੰ ਲੈ ਕੇ ਵੀ ਕਈ ਚਰਚਾਵਾਂ ਹੋਈਆਂ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ। ਦਰਅਸਲ, ਸਾਨੀਆ ਮਿਰਜ਼ਾ ਨੇ ਸਾਲ 2010 'ਚ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ। ਉਦੋਂ ਤੋਂ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਅਕਸਰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਇਸ ਦੇ ਨਾਲ ਹੀ ਹੁਣ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਹੈ। ਖਬਰਾਂ ਮੁਤਾਬਕ ਸ਼ੋਏਬ ਨੇ ਆਪਣੀ ਪਤਨੀ ਸਾਨੀਆ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦਾ ਤਲਾਕ ਹੋ ਰਿਹਾ ਹੈ। ਹਾਲਾਂਕਿ ਜੋੜੇ ਨੇ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ।
ਸਾਨੀਆ ਮਿਰਜ਼ਾ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਮਹਿਲਾ ਖਿਡਾਰਨ ਹੈ, ਜੋ 2007 ਦੇ ਮੱਧ ਵਿੱਚ ਵਿਸ਼ਵ ਨੰਬਰ 27 'ਤੇ ਪਹੁੰਚੀ ਸੀ। ਹਾਲਾਂਕਿ, ਗੁੱਟ ਦੀ ਇੱਕ ਵੱਡੀ ਸੱਟ ਨੇ ਉਸਨੂੰ ਆਪਣਾ ਸਿੰਗਲ ਕਰੀਅਰ ਛੱਡਣ ਅਤੇ ਡਬਲਜ਼ ਸਰਕਟ 'ਤੇ ਧਿਆਨ ਦੇਣ ਲਈ ਮਜਬੂਰ ਕੀਤਾ।
ਸਾਨੀਆ ਮਿਰਜ਼ਾ ਨੂੰ 2004 ਵਿੱਚ ਅਰਜੁਨ ਅਵਾਰਡ, 2005 ਵਿੱਚ ਡਬਲਯੂਟੀਏ ਨਿਊਕਮਰਸ ਆਫ ਦਿ ਈਅਰ, 2006 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਰਾਜੀਵ ਗਾਂਧੀ ਖੇਲ ਰਤਨ, 2016 ਵਿੱਚ ਪਦਮ ਭੂਸ਼ਣ ਅਤੇ 2016 ਵਿੱਚ ਹੀ ਸਾਲ ਦੇ ਐਨਆਰਆਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2014 ਵਿੱਚ, ਤੇਲੰਗਾਨਾ ਸਰਕਾਰ ਨੇ ਸਾਨੀਆ ਮਿਰਜ਼ਾ ਨੂੰ ਰਾਜ ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਸੀ।