ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ



Indian Railway Bharat Gaurav Paryatan Train: ਪਹਿਲੀ ਵਾਰ ਸਿੱਖ ਧਰਮ ਦੇ ਮਹੱਤਵਪੂਰਨ ਤਖ਼ਤਾਂ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਪਟਨਾ ਸਾਹਿਬ ਨੂੰ ਜੋੜਨ ਲਈ ਟੂਰਿਸਟ ਟਰੇਨ ਚਲਾਈ ਜਾ ਰਹੀ ਹੈ। ਬਿਦਰ ਸਥਿਤ ਪਵਿੱਤਰ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਗੁਰਦੁਆਰਾ ਵੀ ਯਾਤਰਾ ਦਾ ਹਿੱਸਾ ਹੋਵੇਗਾ। 9 ਅਪ੍ਰੈਲ ਨੂੰ ਭਾਰਤ ਗੌਰਵ ਸੈਰ ਸਪਾਟਾ ਟਰੇਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 7 ਰੋਜ਼ਾ ‘ਗੁਰੂ ਕ੍ਰਿਪਾ ਯਾਤਰਾ’ ਲਈ ਰਵਾਨਾ ਹੋਵੇਗੀ।



ਇਹ ਹੋਣਗੀਆਂ ਸਹੂਲਤਾਂ 
ਭਾਰਤ ਗੌਰਵ ਟਰੇਨ ਵਿੱਚ ਕੁੱਲ 9 ਸਲੀਪਰ ਸ਼੍ਰੈਣੀ ਦੇ ਕੁੱਲ 9 ਕੋਚਾਂ ਤੇ ਥਰਡ ਏਸੀ ਅਤੇ ਸੈਕਿੰਡ ਏਸੀ ਦੇ ਇੱਕ-ਇੱਕ ਕੋਚ ਵਿੱਚ 600 ਯਾਤਰੀ ਸਫ਼ਰ ਕਰ ਸਕਣਗੇ। ਇਸ ਟੂਰਿਸਟ ਟਰੇਨ ਵਿੱਚ ਪੈਂਟਰੀ ਕੋਚ ਦੀ ਸਹੂਲਤ ਹੋਵੇਗੀ ਜਿਸ ਕਾਰਨ ਸੈਲਾਨੀਆਂ ਨੂੰ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਇਨਫੋਟੇਨਮੈਂਟ ਸਿਸਟਮ ਦੇ ਨਾਲ, ਸੀਸੀਟੀਵੀ ਕੈਮਰੇ ਨਾਲ ਲੈਸ, ਸੁਰੱਖਿਆ ਪ੍ਰਣਾਲੀ ਹੋਏਗੀ। ਬੁਕਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਟੂਰ ਦਾ ਭੁਗਤਾਨ ਡੈਬਿਟ/ਕ੍ਰੈਡਿਟ ਕਾਰਡਾਂ ਰਾਹੀਂ ਆਸਾਨ ਕਿਸ਼ਤਾਂ ਵਿੱਚ ਕੀਤਾ ਜਾ ਸਕਦਾ ਹੈ।


ਇੱਥੋਂ ਹੋ ਸਕੋਗੇ ਯਾਤਰੀ ਸਵਾਰ
ਯਾਤਰੀ ਅੰਮ੍ਰਿਤਸਰ, ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ-ਜਨ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਤੇ ਦਿੱਲੀ ਸਫਦਰਜੰਗ ਤੋਂ ਵੀ ਸਵਾਰ ਹੋ ਸਕਣਗੇ। ਯਾਤਰਾ ਦੀ ਵਾਪਸੀ ਵੇਲੇ ਇਹ ਰੇਲਗੱਡੀ ਨਵੀਂ ਦਿੱਲੀ ਪਹੁੰਚੇਗੀ ਜਿੱਥੋਂ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇਗਾ।



7 ਦਿਨਾਂ 'ਚ 5100 ਕਿਲੋਮੀਟਰ ਚੱਲੇਗੀ
ਇਹ ਰੇਲ ਗੱਡੀ 9 ਅਪ੍ਰੈਲ ਨੂੰ ਅੰਮ੍ਰਿਤਸਰ ਸਟੇਸ਼ਨ ਤੋਂ 7 ਦਿਨਾਂ ਦੀ ਯਾਤਰਾ 'ਤੇ ਰਵਾਨਾ ਹੋਵੇਗੀ ਤੇ ਸ਼ਰਧਾਲੂਆਂ ਨੂੰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ, ਸ਼੍ਰੀ ਗੁਰੂ ਨਾਨਕ ਝੀਰਾ ਸਾਹਿਬ, ਬਿਦਰ ਅਤੇ ਸ਼੍ਰੀ ਹਰਿਮੰਦਰਜੀ ਸਾਹਿਬ ਤੇ ਪਟਨਾ ਸਾਹਿਬ ਲੈ ਕੇ ਜਾਵੇਗੀ। ਇਸ ਪੂਰੇ ਸਫਰ ਦੌਰਾਨ ਟਰੇਨ ਲਗਭਗ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।



 ਬਰਥ 'ਤੇ ਹੀ ਮਿਲੇਗਾ ਖਾਣਾ
ਇਸ ਰੇਲ ਗੱਡੀ ਨਾਲ, ਆਧੁਨਿਕ ਰਸੋਈ ਕਾਰ ਤੋਂ ਯਾਤਰੀਆਂ ਨੂੰ ਉਨ੍ਹਾਂ ਦੇ ਬਰਥ 'ਤੇ ਸੁਆਦੀ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਯਾਤਰੀਆਂ ਨੂੰ ਮਨੋਰੰਜਨ ਅਤੇ ਯਾਤਰਾ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਟਰੇਨ ਵਿੱਚ ਇੱਕ ਇੰਫੋਟੇਨਮੈਂਟ ਸਿਸਟਮ ਵੀ ਲਾਇਆ ਗਿਆ ਹੈ। ਸਾਫ਼-ਸੁਥਰੇ ਪਖਾਨੇ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਵੀ ਉਪਲਬਧ ਹੋਵੇਗੀ।



ਇੰਨਾ ਹੋਵੇਗਾ ਕਿਰਾਇਆ 


ਭਾਰਤ ਸਰਕਾਰ ਦੀ "ਦੇਖੋ ਆਪਣਾ ਦੇਸ਼" ਪਹਿਲਕਦਮੀ ਦੇ ਅਨੁਸਾਰ, ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਗੌਰਵ ਪ੍ਰਯਾਕ ਟ੍ਰੇਨ ਚਲਾਈ ਜਾ ਰਹੀ ਹੈ। ਰੇਲਵੇ ਨੇ ਇਸ 7 ਦਿਨਾਂ ਦੀ ਯਾਤਰਾ ਲਈ ਸਲੀਪਰ ਕਲਾਸ ਦਾ ਕਿਰਾਇਆ 14100/- ਰੁਪਏ ਪ੍ਰਤੀ ਵਿਅਕਤੀ, ਏਸੀ ਥਰਡ ਕਲਾਸ ਦਾ ਕਿਰਾਇਆ 24200/- ਰੁਪਏ ਅਤੇ ਏਸੀ ਸੈਕਿੰਡ ਕਲਾਸ ਦਾ ਕਿਰਾਇਆ 32300/- ਰੁਪਏ ਤੈਅ ਕੀਤਾ ਹੈ। ਇਸ ਟੂਰ ਪੈਕੇਜ ਦੀ ਕੀਮਤ 'ਚ ਰੇਲ ਯਾਤਰਾ ਤੋਂ ਇਲਾਵਾ ਯਾਤਰੀਆਂ ਨੂੰ ਸੁਆਦੀ ਸ਼ਾਕਾਹਾਰੀ ਭੋਜਨ, ਹੋਟਲਾਂ 'ਚ ਰਿਹਾਇਸ਼ ਅਤੇ ਬੱਸਾਂ ਰਾਹੀਂ ਸਫਰ ਕਰਨ ਦਾ ਪ੍ਰਬੰਧ, ਗਾਈਡ ਤੇ ਬੀਮਾ ਆਦਿ ਵੀ ਮੁਹੱਈਆ ਕਰਵਾਏ ਜਾਣਗੇ।



ਇੱਥੋਂ ਪ੍ਰਾਪਤ ਕਰੋ ਪੂਰੀ ਜਾਣਕਾਰੀ 
ਵਧੇਰੇ ਵੇਰਵਿਆਂ ਲਈ ਯਾਤਰੀ ਵੈੱਬਸਾਈਟ https://www.irctctourism.com 'ਤੇ ਜਾ ਸਕਦੇ ਹਨ ਤੇ ਆਨਲਾਈਨ ਬੁਕਿੰਗ ਵੀ ਕਰ ਸਕਦੇ ਹਨ। ਬੁਕਿੰਗ ਦੀ ਸਹੂਲਤ 'ਪਹਿਲਾਂ ਆਓ-ਪਹਿਲਾਂ ਪਾਓ' ਦੇ ਆਧਾਰ 'ਤੇ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੈ। ਵਧੇਰੇ ਜਾਣਕਾਰੀ ਲਈ 8882278794 ਅਤੇ 8287930749 ਮੋਬਾਈਲ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।