ਅੰਮ੍ਰਿਤਸਰ: ਬੀਤੇ ਦਿਨੀਂ ਪਾਕਿਸਤਾਨ ਤੋਂ ਭਾਰਤ ਪੁੱਜੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ’ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ। ਸ੍ਰੀ ਨਨਕਾਣਾ ਸਾਹਿਬ ਤੋਂ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਇਹ ਜਥਾ ਵਾਹਗਾ ਅਟਾਰੀ ਸਰਹੱਦ ਰਾਹੀਂ 22 ਅਪ੍ਰੈਲ ਨੂੰ ਭਾਰਤ ਪੁੱਜਾ ਸੀ, ਜੋ ਦਿੱਲੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਬੀਤੇ ਕੱਲ੍ਹ ਇਥੇ ਪਹੁੰਚਿਆ ਹੈ। 


ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪਾਕਿਸਤਾਨ ਤੋਂ ਪੁੱਜੇ ਸ਼ਰਧਾਲੂਆਂ ਨੂੰ ਸਨਮਾਨਿਤ ਕਰਨ ਮੌਕੇ ਐਡਵੋਕੇਟ ਧਾਮੀ ਨੇ ਆਖਿਆ ਕਿ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ’ਚ ਵੱਸਦੇ ਬਹੁਗਿਣਤੀ ਸਿੱਖ ਸਾਬਤ ਸੂਰਤ ਅੰਮ੍ਰਿਤਧਾਰੀ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸੇ ਸਾਲ 30 ਅਕਤੂਬਰ ਨੂੰ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਿੱਖ ਕੌਮ ਵੱਲੋਂ ਮਨਾਈ ਜਾ ਰਹੀ ਹੈ ਅਤੇ ਯਤਨ ਹੋਵੇਗਾ ਕਿ ਇਸ ਸਬੰਧ ਵਿਚ ਇਕ ਵੱਡਾ ਜਥਾ ਭਾਰਤ ਤੋਂ ਪਾਕਿਸਤਾਨ ਲਿਜਾਇਆ ਜਾਵੇ। 


ਇਸ ਮੌਕੇ ਜਥੇ ਦੀ ਆਗੂ ਪ੍ਰੀਤਮ ਸਿੰਘ ਨੇ ਕਿਹਾ ਕਿ 15 ਦਿਨ ਦੇ ਵੀਜੇ ’ਤੇ 48 ਸਿੱਖ ਸ਼ਰਧਾਲੂ ਭਾਰਤ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਪੁੱਜੇ ਹਨ ਅਤੇ ਇਥੇ ਸ੍ਰੀ ਅਨੰਦਪੁਰ ਸਾਹਿਬ ਅਤੇ ਦਿੱਲੀ ਦੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਸੰਗਤਾਂ ਬੇਹੱਦ ਪ੍ਰਸੰਨ ਹੋਈਆਂ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੇ ਗਏ ਮਾਨ-ਸਨਮਾਨ ਲਈ ਧੰਨਵਾਦ ਕੀਤਾ ਅਤੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ ਵੀ ਦਿੱਤਾ। 


ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਗੁਰਮੀਤ ਸਿੰਘ ਬੂਹ, ਭਾਈ ਮਨਜੀਤ ਸਿੰਘ, ਵਧੀਕ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਤੇਜਿੰਦਰ ਸਿੰਘ ਪੱਡਾ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅ੍ਰੰਮਿਤਪਾਲ ਸਿੰਘ, ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ’ਚੋਂ ਰਣਜੀਤ ਸਿੰਘ, ਹਰਭਜਨ ਸਿੰਘ, ਕਿਰਪਾ ਸਿੰਘ, ਰਾਮ ਸਿੰਘ, ਕਿਰਪਾਲ ਸਿੰਘ ਆਦਿ ਮੌਜੂਦ ਸਨ।