All you need to know about Guru Angad Dev Ji: ਸ਼੍ਰੀ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ। ਉਨ੍ਹਾਂ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ। ਉਸ ਵੇਲੇ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਕਾਲ ਦੌਰਾਨ ਭਾਰਤ ਵਿੱਚ ਰਾਜਨੀਤਕ ਦ੍ਰਿਸ਼ਟੀ ਤੋਂ ਆਰਜਾਕਤਾ ਦਾ ਦੌਰ ਸੀ। ਇਸ ਲਈ ਸਿੱਖ ਧਰਮ ਦੇ ਵਿਕਾਸ ਤੇ ਸੰਗਠਨ ਲਈ ਉਨ੍ਹਾਂ ਦਾ ਗੁਰਿਆਈ ਕਾਲ ਬੜੀ ਅਹਿਮੀਅਤ ਰੱਖਦਾ ਸੀ। 


ਸ਼੍ਰੀ ਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਬਾਬਾ ਫੇਰੂ ਮੱਲ ਤੇ ਮਾਤਾ ਦਇਆ ਜੀ ਦੇ ਗ੍ਰਹਿ ਵਿਖੇ ਹੋਇਆ। ਬਾਬਾ ਫੇਰੂ ਮੱਲ ਪਰਿਵਾਰ ਸਮੇਤ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ। ਫੇਰੂ ਮੱਲ ਦੇ ਸੱਤ ਪੁੱਤਰ ਤੇ ਇੱਕ ਧੀ ਬੀਬੀ ਵਰਾਈ ਸੀ। ਸ਼੍ਰੀ ਗੁਰੂ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਭਾਈ ਲਹਿਣਾ ਸੀ। ਉਨ੍ਹਾਂ ਦਾ ਵਿਆਹ 15 ਸਾਲ ਦੀ ਉਮਰ ਵਿੱਚ 1519 ਈਸਵੀ  ਵਿੱਚ ਮਾਤਾ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ ਸੰਘਰ ਨੇੜੇ ਖਡੂਰ ਵਿਖੇ ਹੋਇਆ।


ਭਾਈ ਲਹਿਣਾ ਜੀ ਦਾ ਬਚਪਨ ਬੜੇ ਚਾਵਾਂ-ਮਲਾਰਾਂ ਤੇ ਉਤਮ ਪਾਲਣ-ਪੋਸ਼ਣ ਨਾਲ ਬੀਤਿਆ। ਉਨ੍ਹਾਂ ਦੀ ਪੜ੍ਹਾਈ ਤੇ ਫ਼ਾਰਸੀ ਸਿੱਖਣ ਦਾ ਯੋਗ ਪ੍ਰਬੰਧ ਕੀਤਾ ਗਿਆ। ਆਪ ਚੌਧਰੀ ਤਖਤ ਕੋਲ ਮੁਨਸ਼ੀ ਦਾ ਕੰਮ ਕਰਨ ਲੱਗ ਪਏ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਭਾਈ ਬੁਢਾ ਕੋਲੋਂ ਗੁਰਗਦੀ ਦੀ ਰਸਮ ਅਦਾ ਕਰਵਾ ਕੇ ਗੁਰਗਦੀ ਭਾਈ ਲਹਿਣੇ ਨੂੰ ਸੌਂਪ ਦਿੱਤੀ। ਉਨ੍ਹਾਂ ਨੂੰ ਆਪਣੇ ਅੰਗ ਲਾ ਕੇ ਨਾਮ ਅੰਗਦ ਰੱਖ ਦਿੱਤਾ। ਪੋਥੀਆਂ ਦੇ ਰੂਪ ਵਿੱਚ ਬਾਣੀ ਦੇ ਖਜਾਨੇ ਦੀ ਜ਼ਿਮੇਵਾਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਗਈ।



ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਨੂੰ ਪੂਰਾ ਕਰਨ ਤੇ ਸੰਗਤ ਨੂੰ ਮਜਬੂਤ ਤੇ ਸੰਗਠਿਤ ਕਰਨ ਦੇ ਪ੍ਰੋਗਰਾਮ ਉਲੀਕੇ। ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਦੀ ਥਾਂ ਖਡੂਰ ਸਾਹਿਬ ਦਰਿਆ ਬਿਆਸ ਤੋਂ 5 ਕਿਲੋਮੀਟਰ ਦੂਰ ਸਿੱਖੀ ਕੇਂਦਰ ਸਥਾਪਤ ਕੀਤਾ। ਲੰਗਰ ਦੀ ਪ੍ਰਥਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੂਰੂ ਕੀਤੀ ਸੀ, ਮੁੜ ਚਾਲੂ ਹੋ ਗਈ। ਮਾਤਾ ਖੀਵੀ ਨੂੰ ਲੰਗਰ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਦਿੱਤੀ ਗਈ। ਖਡੂਰ ਸਾਹਿਬ ਰਹਿੰਦੀਆਂ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਥਾਂ-ਥਾਂ ਗਏ। ਸਿੱਖ ਕੇਂਦਰ ਖੋਲ੍ਹੇ, ਤੀਰਥ ਯਾਤਰਾਵਾਂ ਵੀ ਕੀਤੀਆਂ। ਲੋਕਾਂ ਦੇ ਵਹਿਮਾਂ-ਭਰਮਾਂ ਤੇ ਕਰਮ ਕਾਂਡਾ ਦੇ ਜਾਲ ਨੂੰ ਤੋੜਨ ਲਈ ਤੇ ਸਿਖੀ ਨੂੰ ਮਜਬੂਤ ਕਰਨ ਲਈ ਗੋਇੰਦਵਾਲ ਸਾਹਿਬ ਵਸਾਇਆ ਜੋ ਖਡੂਰ ਸਾਹਿਬ ਦੇ ਨੇੜੇ ਸੀ।


ਗੁਰੂ ਸਾਹਿਬ ਨੇ ਇਹ ਤਾਂ ਸਮਝ ਲਿਆ ਸੀ ਕੀ ਜਦ ਤਕ ਆਪਣੀ ਬੋਲੀ ਦਾ ਪਸਾਰਾ ਨਹੀਂ ਹੁੰਦਾ, ਗੁਰੂ ਉਪਦੇਸ਼ ਵਿੱਚ ਸਥਿਰਤਾ ਨਹੀਂ ਆ ਸਕਦੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਤੇ ਟਿੱਪਣੀ ਵੀ ਕੀਤੀ ਜੋ ਆਪਣੀ ਬੋਲੀ ਤੇ ਧਰਮ  ਨੂੰ ਛੱਡ ਕੇ ਲਾਲਚ ਵੱਸ ਮੁਸਲਮਾਨ ਬਣਦੇ ਜਾ ਰਹੇ ਸੀ। ਉਨ੍ਹਾਂ ਨੇ ਗੁਰਮੁਖੀ ਪੜ੍ਹਨ, ਪੜ੍ਹਾਉਣ ਤੇ ਲਿਖਣ ਤੇ  ਬਹੁਤ ਜ਼ੋਰ ਦਿੱਤਾ। ਖਡੂਰ ਸਾਹਿਬ ਵਿੱਚ ਪੰਜਾਬੀ ਦੀ ਪਹਿਲੀ ਪਾਠਸ਼ਾਲਾ ਸਥਾਪਤ ਕੀਤੀ। ਗੁਰਮੁਖੀ ਲਿਪੀ ਨੂੰ ਯੋਜਨਾਬੰਧ ਕੀਤਾ। ਪੈਂਤੀ ਅੱਖਰ ਪੜ੍ਹਾਉਣ ਲਈ ਬਾਲ ਬੋਥ ਤਿਆਰ ਕਰਵਾਏ। ਗੁਰਮੁੱਖੀ ਨੂੰ ਆਪਣੇ ਪ੍ਰਚਾਰ ਦਾ ਸਾਧਨ ਬਣਵਾਇਆ। ਗੁਰਬਾਣੀ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਣ ਦੀ ਪ੍ਰਥਾ ਆਰੰਭ ਕੀਤੀ। ਸਿੱਖਾਂ ਨੂੰ ਗੁਰਮੁੱਖੀ ਸਿੱਖਣ-ਸਿਖਾਉਣ, ਪੜ੍ਹਨ ਤੇ ਜ਼ੋਰ ਦੇ ਕੇ ਪੰਜਾਬੀ ਬੋਲੀ ਤੇ ਲਿੱਪੀ ਦੀ ਸੇਵਾ ਕੀਤੀ। ਇਸ ਤਰ੍ਹਾਂ ਆਮ ਲੋਕਾਂ, ਗਰੀਬਾਂ ਤੇ ਨੀਵੀਆਂ ਜਾਤਾਂ, ਜਿਨ੍ਹਾਂ ਨੂੰ ਸੰਸਕ੍ਰਿਤ ਪੜ੍ਹਨ ਦੀ ਮਨਾਹੀ ਸੀ, ਉਨ੍ਹਾਂ ਦੀ ਆਪਣੀ ਬੋਲੀ ਵਿੱਚ ਉਨ੍ਹਾਂ ਨੂੰ ਸਿੱਖਿਆ ਤੇ ਗੁਰੂ ਸਹਿਬਾਨ ਦੇ ਉਪਦੇਸ਼ ਸਮਝ ਆਉਣ ਲੱਗ ਪਏ।
 
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਭਗਤਾਂ ਦੀ ਬਾਣੀ ਤੇ ਆਪਣੀ ਰਚੀ ਬਾਣੀ, ਗੁਰੂ ਨਾਨਕ ਸਾਹਿਬ ਤੇ ਗੁਰੂ ਘਰ ਸਬੰਧੀ ਜੋ ਸਮਾਚਾਰ ਇਕੱਠੇ ਕੀਤੇ, ਉਸ ਨੂੰ ਲਿਖਤੀ ਰੂਪ ਵਿੱਚ ਗੁਰੂ ਅਮਰ ਦਾਸ ਜੀ ਦੇ ਹਵਾਲੇ ਕੀਤੇ ਤੇ ਬਾਣੀ ਤੇ ਸਾਖੀਆਂ ਸੰਭਾਲਣ ਦੀ ਰਵਾਇਤ ਸ਼ੁਰੂ ਕੀਤੀ। ਗੁਰੂ ਅੰਗਦ ਦੇਵ ਜੀ ਨੇ ਗੁਰਗਦੀ ਦਾ ਵਾਰਸ ਥਾਪਣ ਵੇਲੇ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਆਪਣੇ ਪੁੱਤਰਾਂ ਤੇ ਸਿਖਾਂ ਨੂੰ ਕਰੜੀ ਪ੍ਰੀਖਿਆ ਵਿੱਚੋਂ ਲੰਘਾਇਆ। ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰਸ ਸਮਝ ਕੇ 29 ਮਾਰਚ 1552 ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।