ਸਲੋਕ ਮਃ ੩ ॥
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥ ਮਃ ੩ ॥ ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥ ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥ ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥
ਸੋਮਵਾਰ, ੮ ਜੇਠ (ਸੰਮਤ ੫੫੫ ਨਾਨਕਸ਼ਾਹੀ) ੨੨ ਮਈ, ੨੦੨੩ (ਅੰਗ: ੮੫੪)


ਪੰਜਾਬੀ ਵਿਆਖਿਆ:
ਸਲੋਕ ਮਃ ੩ ॥
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ, ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ । ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ । ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ।੧। ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ) । (ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ । ਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ । ਹੇ ਨਾਨਕ! (ਆਖ—ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ ।੨। (ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ, ਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ । ਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ, (ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤਿ੍ਰਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ ।ਹੇ ਨਾਨਕ! (ਆਖ—ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ।੧੩।।