Guru Amardas Sahib Ji Prakash Purb: ਅੱਜ ਪੂਰੇ ਸਿੱਖ ਜਗਤ ਵਿੱਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ 'ਤੇ ਪੋਸਟ ਪਾ ਕੇ ਸਾਰੀ ਸਿੱਖ ਸੰਗਤ ਨੂੰ ਮੁਬਾਰਕਾਂ ਦਿੱਤੀਆਂ ਹਨ।






ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਮਈ, 1479 ਈ: ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿਚ ਭੱਲਾ ਖੱਤਰੀ ਕੁੱਲ ਵਿਚ ਹੋਇਆ। ਆਪ ਜੀ ਦੇ ਦਾਦਾ ਜੀ ਦਾ ਨਾਮ ਹਰਿ ਜੀ ਅਤੇ ਪਿਤਾ ਜੀ ਦਾ ਨਾਂ ਤੇਜਭਾਨ ਸੀ। ਵਪਾਰ ਅਤੇ ਖੇਤੀ ਕਰਨਾ ਆਪ ਦੇ ਪਿਤਰੀ ਕਿੱਤੇ ਸਨ। ਆਪ ਨੂੰ ਭਗਤੀ ਭਾਵਨਾ ਅਤੇ ਕਰਮ ਨਿਸ਼ਠਾ ਵਿਰਾਸਤ ਵਿਚ ਮਿਲੀਆਂ ਸਨ। ਆਪ ਜੀ ਦਾ ਵਿਆਹ 23 ਵਰ੍ਹਿਆਂ ਦੀ ਉਮਰ ਵਿਚ ਸੰਨ 1502 ਈ: ਨੂੰ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਅਤੇ ਮੋਹਰੀ ਅਤੇ ਦੋ ਪੁੱਤਰੀਆਂ ਦਾਨੀ ਅਤੇ ਭਾਨੀ ਪੈਦਾ ਹੋਈਆਂ। ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕੀਤਾ ਗਿਆ, ਜੋ ਬਾਅਦ ਵਿਚ ਚੌਥੇ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਰੂਪ ਵਿਚ ਪ੍ਰਗਟ ਹੋਏ।


ਗੁਰੂ ਸਾਹਿਬ ਦਾ ਜੀਵਨ ਇਕ ਅਧਿਆਤਮਕ ਜਗਿਆਸੂ ਵਾਲਾ ਸੀ


ਗੁਰੂ ਸਾਹਿਬ ਦਾ ਜੀਵਨ ਇਕ ਅਧਿਆਤਮਕ ਜਗਿਆਸੂ ਵਾਲਾ ਸੀ, ਆਪਣੇ ਕੰਮਕਾਰ ਵਿਚੋਂ ਪਰਮਾਤਮਾ ਭਗਤੀ ਲਈ ਵੀ ਜ਼ਰੂਰ ਸਮਾਂ ਕੱਢ ਲੈਂਦੇ ਸਨ। ਗੁਰੂ ਅਮਰਦਾਸ ਪਾਤਿਸ਼ਾਹ ਜੀ ਬਿਰਧ ਅਵਸਥਾ ਵਿਚ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿਚ ਆਏ ਸਨ। ਗੁਰੂ ਅੰਗਦ ਸਾਹਿਬ ਵੱਲੋਂ ਪ੍ਰਾਪਤ ਕੀਤਾ ਗਿਆਨ ਅਤੇ ਆਪਣੇ ਆਪ ਨੂੰ ਸਮਰਪਿਤ ਦੀ ਭਾਵਨਾ ਕਰਕੇ ਸੇਵਾ ਅਤੇ ਸਿਮਰਨ ਦੇ ਸਦਕਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਮਾਲਿਕ ਬਣੇ। ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿਚ ਬਾਣੀ ਰਚ ਕੇ ਉਸ ਵਿਚ ਜੀਵਨ ਅਨੁਭਵ ਦਾ ਨਿਚੋੜ ਭਰ ਦਿੱਤਾ, ਜੋ ਜਗਿਆਸੂਆਂ ਲਈ ਸਹੀ ਪੱਥ- ਪ੍ਰਦਰਸ਼ਕ ਅਤੇ ਅਤਿਅੰਤ ਪ੍ਰੇਰਣਾਦਾਇਕ ਹੈ।


ਗੁਰਗੱਦੀ 'ਤੇ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀਂ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਜੀ ਨੇ 18 ਰਾਗਾਂ ਵਿਚ ਬਾਣੀ ਰਚੀ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।


ਇਹ ਵੀ ਪੜ੍ਹੋ: Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ


ਜਿਥੇ ਗੁਰੂ ਅਮਰਦਾਸ ਪਾਤਿਸ਼ਾਹ ਜੀ ਨੇ 18 ਰਾਗਾਂ ਦੇ ਵਿਚ ਗੁਰਬਾਣੀ ਉਚਾਰਨ ਕੀਤੀ, ਉੱਥੇ ਹੀ ਸਮੁੱਚੇ ਸਮਾਜ ਦੇ ਲਈ ਮਨੁੱਖ ਨੂੰ ਕਲਿਆਣਕਾਰੀ ਬਣਾਉਣ ਦੇ ਲਈ ਅਨੇਕਾਂ ਹੀ ਪੁਰਉਪਕਾਰੀ ਕਾਰਜ ਕੀਤੇ। ਗੁਰੂ ਅਮਰਦਾਸ ਜੀ ਨੇ ਗੁਰੂ ਕੇ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ "ਪਹਿਲੇ ਪੰਗਤ ਪਾਛੇ ਸੰਗਤ" ਦੀ ਮਰਿਆਦਾ ਸਥਾਪਿਤ ਕੀਤੀ। ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛੱਕਣਾ ਪੈਂਦਾ ਸੀ।


ਗੁਰੂ ਜੀ ਦਾ ਆਸ਼ਾ ਸਭ ਨੂੰ ਇਕ ਪੰਗਤ ਵਿਚ ਲੰਗਰ ਛਕਾ ਕੇ ਜਾਤ-ਪਾਤ ਅਤੇ ਛੂਤ-ਛਾਤ ਦੀ ਭਾਵਨਾ ਸੰਗਤ ਵਿਚੋਂ ਖਤਮ ਕਰਨਾ ਸੀ। ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਤਿਆਰ ਕਰਵਾਈ। ਇਸ ਵਿੱਚ ਇਸ਼ਨਾਨ ਕਰਨ ਦੀ ਸਭ ਨੂੰ ਖੁੱਲ ਸੀ‌। ਇਸ ਤਰ੍ਹਾਂ ਗੁਰੂ ਜੀ ਨੇ ਮਨੁੱਖੀ ਏਕਤਾ ਤੇ ਭਾਈਚਾਰੇ ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸਤੀ ਪ੍ਰਥਾ ਦਾ ਵੀ ਅੰਤ ਕੀਤਾ ਸੀ।


ਇਹ ਵੀ ਪੜ੍ਹੋ: Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (22-05-2024)