Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਰੇਦਾਰੀ ਦੀ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਕੱਤਰਤਾ ਕਰਕੇ ਤਨਦੇਹੀ ਨਾਲ ਸੇਵਾ ਨਿਭਾਉਣ ਦੀ ਪ੍ਰੇਰਣਾ ਕੀਤੀ। ਇਸ ਦੌਰਾਨ ਭਾਈ ਗਰੇਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਸੇਵਾ ਨਿਭਾਉਣ ਸਮੇਂ ਸੁਚੇਤ ਰਹਿਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੰਗਤ ਦੀ ਵਧਦੀ ਆਮਦ ਕਰਕੇ ਪਹਿਰੇਦਾਰੀ ਦੀ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਦੀ ਜ਼ੁੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਸ਼ੋਸ਼ਲ ਮੀਡੀਆ ਦੇ ਯੁੱਗ ਵਿਚ ਸਿੱਖੀ ਸਿਧਾਂਤਾਂ ਅਤੇ ਮਰਯਾਦਾ ਬਾਰੇ ਨਾ ਜਾਨਣ ਵਾਲੀ ਸੰਗਤ ਨੂੰ ਸਮਝਾਉਣਾ ਵੀ ਬੇਹੱਦ ਲਾਜ਼ਮੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਤਬਦੀਲੀਆਂ ਦੇ ਮੱਦੇਨਜ਼ਰ ਸੰਗਤ ਦੀ ਭਾਵਨਾ ਅਤੇ ਪ੍ਰਬੰਧਕੀ ਕੁਸ਼ਲਤਾ ਦਾ ਸੁਮੇਲ ਬਣਾ ਕੇ ਰੱਖਿਆ ਜਾਵੇ, ਤਾਂ ਜੋ ਸੰਗਤ ਚੰਗਾ ਸੁਨੇਹਾ ਲੈ ਕੇ ਜਾਵੇ। ਭਾਈ ਗਰੇਵਾਲ ਨੇ ਪਰਕਰਮਾਂ ਅੰਦਰ ਤਾਇਨਾਤ ਸੇਵਾਦਾਰਾਂ ਅਤੇ ਸੁਰੱਖਿਆ ਦਸਤੇ ਦੇ ਮੁਲਾਜ਼ਮਾਂ ਦੀ ਲਗਾਤਾਰ ਖੜ੍ਹੇ ਰਹਿ ਕੇ ਚੌਕਸੀ ਨਾਲ ਸੇਵਾ ਨਿਭਾਉਣ ਲਈ ਸ਼ਲਾਘਾ ਵੀ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ, ਇੰਚਾਰਜ ਸ. ਗੁਰਵੇਲ ਸਿੰਘ, ਪਰਕਰਮਾਂ ਵਿਚ ਸੇਵਾ ਨਿਭਾਉਣ ਵਾਲੇ ਸਮੂਹ ਨਿਗਰਾਨ ਅਤੇ ਸੇਵਾਦਾਰ ਮੌਜੂਦ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :