ਪਰਮਜੀਤ ਸਿੰਘ
ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੂਜੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਹੈ। ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਲਹਿਣਾ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਲਹਿਣੇ ਤੋਂ ਅੰਗਦ ਰੂਪ ਹੋ ਗਏ। ਭਾਈ ਲਹਿਣਾ ਜੀ ਦਾ ਜਨਮ 1504 ਈਸਵੀ ‘ਚ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਤੇ ਕੀ ਸਰਾਏ ਵਿਖੇ ਹੋਇਆ।
ਆਪ ਜੀ ਦੇ ਪਿਤਾ ਜੀ ਦਾ ਨਾਂ ਭਾਈ ਫੇਰੂਮਲ ਜੀ ਤੇ ਮਾਤਾ ਜੀ ਦਾ ਨਾਂ ਦਯਾ ਕੌਰ ਸੀ। ਆਪ ਜੀ ਦੇ ਪਿਤਾ ਵਪਾਰੀ ਸਨ। ਗਰੀਬੀ ਕਾਰਨ ਪਿਤਾ ਫੇਰੂਮਲ ਜੀ ਆਪਣਾ ਜੱਦੀ ਪਿੰਡ ਛੱਡ ਹਰੀਕੇ ਚਲੇ ਗਏ ਤੇ ਫਿਰ ਹਰੀਕੇ ਤੋਂ ਖਡੂਰ ਪਹੁੰਚ ਗਏ। 15 ਸਾਲ ਦੀ ਉਮਰ ‘ਚ ਆਪ ਜੀ ਦਾ ਵਿਆਹ ਬੀਬੀ ਖੀਵੀ ਜੀ ਨਾਲ ਹੋ ਗਿਆ। ਭਾਈ ਲਹਿਣਾ ਜੀ ਦੇ ਘਰ ਦੋ ਸਪੁੱਤਰ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਤੇ ਦੋ ਸਪੁੱਤਰੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਨੇ ਜਨਮ ਲਿਆ। ਅਰੰਭਿਕ ਜੀਵਨ ‘ਚ ਆਪ ਦੇਵੀ ਦੇ ਅਨਿਨ ਭਗਤ ਸਨ। ਹਰ ਸਾਲ ਸੰਗ ਲੈ ਕੇ ਦੇਵੀ ਦਰਸ਼ਨਾਂ ਨੂੰ ਜਾਇਆ ਕਰਦੇ ਸੀ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਭਾਈ ਜੋਧ ਜੀ ਪਾਸੋਂ ਗੁਰਬਾਣੀ ਦਾ ਪਾਠ ਸੁਣ ਆਪ ਦੇ ਮਨ ‘ਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛ ਪੈਦਾ ਹੋਈ। ਇੱਕ ਵਾਰ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਮੇਂ ਆਪ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕੁਝ ਸਮਾਂ ਕਰਤਾਰਪੁਰ ਵਿਖੇ ਰੁਕੇ। ਆਪ ਅਜੇ ਕੁਝ ਦੂਰ ਹੀ ਗਏ ਸਨ ਕਿ ਰਸਤੇ ‘ਚ ਆਪ ਨੂੰ ਗੁਰੂ ਨਾਨਕ ਸਾਹਿਬ ਮਿਲ ਗਏ।
ਗੁਰੂ ਸਾਹਿਬ ਦੀ ਪਛਾਣ ਨਾ ਹੋਣ ਕਰਕੇ ਆਪ ਨੇ ਉਨ੍ਹਾਂ ਪਾਸੋਂ ਹੀ ਰਾਹ ਪੁੱਛਿਆ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਕਿ ਪੁਰਖਾ ਮੇਰੇ ਮਗਰ ਹੀ ਘੋੜੀ ਲਈ ਆ ਮੈਂ ਉਧਰ ਹੀ ਜਾਣਾ ਹੈ। ਧਰਮਸ਼ਾਲਾ ਅੰਦਰ ਜਾ ਜਦੋਂ ਕਿਲ਼ੇ ਨਾਲ ਘੋੜੀ ਬੰਨ੍ਹੀ ਤੇ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਤਾਂਹ ਤੱਕਿਆ ਤਾਂ ਹੈਰਾਨ ਹੋ ਗਏ ਕਿ ਇਹ ਤਾਂ ਉਹੀ ਸਨ ਜੋ ਮੇਰੀ ਘੋੜੀ ਦੇ ਅੱਗੇ ਅੱਗੇ ਤੁਰ ਕੇ ਆਏ ਸਨ। ਸ਼ਰਮਸਾਰ ਹੋਣ 'ਤੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ। ਗੁਰੂ ਸਾਹਿਬ ਨੇ ਫੁਰਮਾਇਆ ਪੁਰਖਾ ਤੇਰਾ ਨਾਮ ਕੀ ਹੈ। ਭਾਈ ਲਹਿਣਾ ਜੀ ਨੇ ਕਿਹਾ ਜੀ ਲਹਿਣਾ। ਗੁਰੂ ਸਾਹਿਬ ਮੁਸਕਰਾ ਕੇ ਬੋਲੇ ਜੇ ਤੂੰ ਲਹਿਣਾ ਹੈ ਤੇ ਅਸੀਂ ਤੇਰਾ ਦੇਣਾ ਹੈ। ਲਹਿਣੇਦਾਰ ਹਮੇਸ਼ਾ ਘੋੜੀਆਂ 'ਤੇ ਚੜ੍ਹ ਕੇ ਹੀ ਦੇਣਦਾਰਾਂ ਦੇ ਘਰ ਆਉਂਦੇ ਹਨ ਸੋ ਭਰਮ ਨਹੀਂ ਕਰਨਾ।
ਆਪ ਨੇ ਗੁਰੂ ਸਾਹਿਬ ਦੀ ਅਥਾਹ ਸੇਵਾ ਕੀਤੀ ਤੇ ਹਰ ਬਚਨ ਨੂੰ ਸਤਿ ਕਰਕੇ ਮੰਨਿਆ। ਆਪ ਜੀ ਦੀ ਸੇਵਾ ਭਾਵਨਾ ਤੋਂ ਪ੍ਰਸਨ ਹੋ ਕੇ 1539 ਈ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਮੱਥਾ ਟੇਕਿਆ ਤੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ। ਆਪ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਤਿ ਹਰ ਸਾਲ ਖਡੂਰ ਸਾਹਿਬ ਦੀ ਧਰਤੀ ਤੇ ਸਾਲਾਨਾ ਜੋੜ ਮੇਲ ਬਹੁਤ ਹੀ ਸ਼ਰਧਾ ਨਾਲ ਭਰਦਾ ਹੈ। ਸੰਗਤਾਂ ਗੁਰੂ ਚਰਨਾਂ ‘ਚ ਹਾਜ਼ਰੀ ਲਵਾਉਂਦੀਆਂ ਹਨ। ਐਸੇ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਤੇ ਕੋਟਿ ਕੋਟਿ ਪ੍ਰਣਾਮ।
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ 'ਤੇ ਵਿਸ਼ੇਸ
ਏਬੀਪੀ ਸਾਂਝਾ
Updated at:
07 Sep 2020 03:26 PM (IST)
ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੂਜੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਹੈ। ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਲਹਿਣਾ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਲਹਿਣੇ ਤੋਂ ਅੰਗਦ ਰੂਪ ਹੋ ਗਏ। ਭਾਈ ਲਹਿਣਾ ਜੀ ਦਾ ਜਨਮ 1504 ਈਸਵੀ ‘ਚ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਤੇ ਕੀ ਸਰਾਏ ਵਿਖੇ ਹੋਇਆ।
- - - - - - - - - Advertisement - - - - - - - - -