Guru Nanak Jayanti 2022 : ਸ਼੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਦਾ ਜਨਮ ਬੇਦੀ ਕੁਲ ਵਿੱਚ ਬਾਬੇ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਇ ਭੋਇ ਭੱਟੀ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਵਿਚ ਹੋਇਆ। ਇਹ ਸਥਾਨ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਆਪ ਦੇ ਜਨਮ-ਦਿਨ ਸਬੰਧੀ ਦੋ ਮਤ ਪ੍ਰਚਲਿਤ ਹਨ।

ਇੱਕ ਮਤ ਦਾ ਆਧਾਰ ਪੁਰਾਤਨ ਜਨਮਸਾਖੀ ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ. (ਵਿਸਾਖ ਸ਼ੁਦੀ 3, ਸੰਮਤ 1526 ਬਿ.) ਨੂੰ ਆਪ ਦਾ ਜਨਮ ਹੋਇਆ। ਦੂਜੇ ਮਤ ਦਾ ਆਧਾਰ ਬਾਲੇ ਵਾਲੀ ਜਨਮਸਾਖੀ ਹੈ ਜਿਸ ਵਿਚ ਆਪ ਦਾ ਜਨਮ ਕਤਕ ਸੁਦੀ 15, 1526 ਬਿ. ਵਾਲੇ ਦਿਨ ਹੋਇਆ। ਅਧਿਕਾਂਸ਼ ਵਿਦਵਾਨ ਪੁਰਾਤਨ ਜਨਮਸਾਖੀ ਵਾਲੀ ਤਿਥੀ ਨੂੰ ਸਹੀ ਮੰਨਦੇ ਹਨ ਪਰ ਸਿੱਖ ਸਮਾਜ ਵਿਚ ਆਪ ਦਾ ਜਨਮ-ਪੁਰਬ ਕਤਕ ਦੀ ਪੂਰਣਮਾਸੀ ਨੂੰ ਹੀ ਮੰਨਾਇਆ ਜਾਂਦਾ ਹੈ।

ਆਪ ਦੇ ਪਿਤਾ ਖੇਤੀ ਤੇ ਵਪਾਰ ਕਰਦੇ ਸਨ ਤੇ ਨਾਲ ਨਾਲ ਪਿੰਡ ਦੇ ਪਟਵਾਰੀ ਅਥਵਾ ਕਾਰਦਾਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸਨ। ਆਪ ਨੂੰ ਸੰਨ 1475 ਈ. (1532 ਬਿ.) ਵਿੱਚ ਗੋਪਾਲ ਨਾਂ ਦੇ ਪਾਂਧੇ ਪਾਸ ਭਾਖਾ (ਦੇਸੀ ਭਾਸ਼ਾ) ਪੜ੍ਹਨ ਲਈ ਭੇਜਿਆ ਗਿਆ। ਸੰਨ 1478 ਈ. (1535 ਬਿ.) ਵਿੱਚ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਬਿਠਾਇਆ ਗਿਆ ਤੇ ਸੰਨ 1482 ਈ. (1539 ਬਿ.) ਵਿੱਚ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤੁਬੁੱਦੀਨ ਪਾਸ ਮਸੀਤ ਵਿਚ ਭੇਜਿਆ ਗਿਆ।

ਅਧਿਆਪਕਾਂ ਪਾਸੋਂ ਪੜ੍ਹਨ ਵੇਲੇ ਆਪ ਨੇ ਅਧਿਆਤਮਿਕ ਗਿਆਨ ਦੀ ਚਰਚਾ ਵਿਚ ਅਧਿਕ ਰੁਚੀ ਵਿਖਾਈ। ਪੜ੍ਹਾਈ ਤੋਂ ਬਾਅਦ ਗੁਰੂ ਜੀ ਬਹੁਤ ਉਦਾਸ ਰਹਿਣ ਲੱਗੇ। ਆਪ ਨੂੰ ਪਿਤਾ ਵੱਲੋਂ ਖੇਤੀ ਕਰਨ ਤੇ ਫਿਰ ਵਪਾਰ ਕਰਨ ਲਈ ਪ੍ਰੇਰਿਆ ਗਿਆ, ਪਰ ਆਪ ਦੀ ਮਾਨਸਿਕ ਉਦਾਸੀਨਤਾ ਉਸੇ ਤਰ੍ਹਾਂ ਬਣੀ ਰਹੀ। ਆਪ ਕਦੇ ਕਦੇ ਪਿੰਡ ਦੇ ਨੇੜਲੇ ਜੰਗਲਾਂ ਵਿੱਚ ਸਮਾਧੀ ਲਗਾਉਣ ਲਈ ਚਲੇ ਜਾਂਦੇ ਤੇ ਕਈ ਵਾਰ ਸਾਧਾਂ-ਸੰਤਾਂ ਦੀ ਸੰਗਤ ਨੂੰ ਮਾਣਦੇ।

ਜਦੋਂ ਗੁਰੂ ਜੀ ਨੂੰ ਪਿਤਾ ਪੁਰਖੀ ਕੰਮ-ਧੰਧੇ ਵਿੱਚ ਆਪ ਦੇ ਮਾਤਾ-ਪਿਤਾ ਨਾ ਲਗਾ ਸਕੇ ਤੇ ਗੁਰੂ ਜੀ ਦੀ ਉਦਾਸੀ ਉਸੇ ਤਰ੍ਹਾਂ ਬਣੀ ਰਹੀ ਤਾਂ ਆਪ ਦੀ ਵੱਡੀ ਭੈਣ (ਬੇਬੇ) ਨਾਨਕੀ ਦਾ ਪਤੀ ਭਾਈਆ ਜੈਰਾਮ ਤਲਵੰਡੀ ਆਇਆ ਤੇ ਆਪ ਨੂੰ ਕਿਸੇ ਸਰਕਾਰੀ ਕੰਮ ਉਤੇ ਲਗਾਉਣ ਲਈ ਸੰਨ 1484 ਈ. (1541 ਬਿ.) ਵਿੱਚ ਆਪਣੇ ਨਾਲ ਸੁਲਤਾਨਪੁਰ ਲੋਧੀ ਲੈ ਗਿਆ। ਉੱਥੇ ਯਤਨ ਕਰਕੇ ਉਸ ਨੇ ਆਪ ਨੂੰ ਮੋਦੀਖ਼ਾਨੇ ਦਾ ਕੰਮ ਦਿਵਾਇਆ। ਕੁਝ ਸਮੇਂ ਬਾਅਦ ਮਰਦਾਨਾ ਮੀਰਾਸੀ ਵੀ ਤਲਵੰਡੀਓਂ ਆ ਕੇ ਆਪ ਨਾਲ ਰਹਿਣ ਲਗ ਗਿਆ। ਮਰਦਾਨਾ ਰਬਾਬ ਵਜਾਉਂਦਾ ਸੀ ਤੇ ਗੁਰੂ ਜੀ ਇਲਾਹੀ ਮਸਤੀ ਵਿੱਚ ਬਾਣੀ ਉਚਾਰਦੇ ਸਨ।

ਸੰਨ 1487 ਈ. (24 ਜੇਠ, 1544 ਬਿ.) ਵਿਚ ਆਪ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਖਤ੍ਰੀ ਦੀ ਸੁਪੁੱਤਰੀ ਸੁਲੱਖਣੀ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਸੁਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਦਾ ਜਨਮ ਹੋਇਆ। ਲਗਪਗ 13 ਸਾਲ ਸੁਲਤਾਨਪੁਰ ਲੋਧੀ ਵਿਚ ਟਿਕ ਕੇ ਸੰਨ 1497 ਈ. (1554 ਬਿ.) ਵਿਚ ਇਕ ਦਿਨ ਅਚਾਨਕ ਆਪ ਇਸ਼ਨਾਨ ਕਰਨ ਲਈ ਵੇਈਂ ਨਦੀ ਵਿਚ ਦਾਖ਼ਲ ਹੋਏ ਤੇ ਤਿੰਨ ਦਿਨ ਬਾਦ ਪ੍ਰਗਟ ਹੋਏ। ਇਸ ਦੌਰਾਨ ਆਪ ਨੂੰ ਬ੍ਰਹਮ-ਗਿਆਨ ਦੀ ਪ੍ਰਾਪਤੀ ਹੋਈ। ਆਪ ਨੇ ਨ ਕੋਈ ਹਿੰਦੂ ਨ ਕੋਈ ਮੁਸਲਮਾਨ ਦੀ ਘੋਸ਼ਣਾ ਕਰਕੇ ਲੋਕਾਂ ਨੂੰ ਧਾਰਮਿਕ ਤੰਗ-ਨਜ਼ਰੀ ਤੋਂ ਉੱਚਾ ਉਠ ਕੇ ਸਚਾ ਧਰਮ ਧਾਰਣ ਕਰਨ ਲਈ ਪ੍ਰੇਰਿਆ।

ਗੁਰੂ ਜੀ ਨੇ ਮਹਿਸੂਸ ਕੀਤਾ ਕਿ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇਕ ਥਾਂ ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਇਆਂ ਕਰਨਾ ਉਚਿਤ ਹੋਵੇਗਾ। ਇਸ ਪਿਛੋਂ ਗੁਰੂ ਜੀ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਪ੍ਰਚਾਰ ਯਾਤ੍ਰਾਵਾਂ ਅਥਵਾ ਉਦਾਸੀਆਂ ਤੇ ਨਿਕਲ ਪਏ। ਪੂਰਬ, ਪੱਛਮ, ਉੱਤਰ ਅਤੇ ਦੱਖਣ ਚੌਹਾਂ ਦਿਸ਼ਾਵਾਂ ਵਿਚ ਪੈਂਦੇ ਪ੍ਰਸਿੱਧ ਧਰਮ-ਧਾਮਾਂ ਉਤੇ ਗਏ; ਵਿਦਵਾਨਾਂ, ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ, ਫ਼ਕੀਰਾਂ ਨਾਲ ਸੰਵਾਦ ਰਚਾਏ ਤੇ ਸਭ ਨੂੰ ਸਹੀ ਧਰਮ ਦਾ ਬੋਧ ਕਰਾ ਕੇ ਆਪਣਾ ਅਨੁਯਾਈ ਬਣਾਇਆ। ਲਗਪਗ 25 ਹਜ਼ਾਰ ਮੀਲ ਦੀਆਂ ਉਦਾਸੀਆਂ ਤੋਂ ਬਾਦ ਸੰਨ 1522 ਈ. (1579 ਬਿ.) ਵਿੱਚ ਆਪ ਜ਼ਿਲ੍ਹਾ ਗੁਰਦਾਸਪੁਰ ਵਿਚ ਰਾਵੀ ਨਦੀ ਦੇ ਕੰਢੇ ਸੰਨ 1504 ਈ. (1561 ਬਿ.) ਵਿਚ ਵਸਾਏ ਕਰਤਾਰਪੁਰ ਕਸਬੇ ਵਿਚ ਰਹਿਣ ਲਗੇ। ਇਸ ਸਾਲ ਤੋਂ ਇਕ ਪ੍ਰਕਾਰ ਦਾ ਆਪ ਦਾ ਆਸ਼੍ਰਮ-ਜੀਵਨ ਸ਼ੁਰੂ ਹੁੰਦਾ ਹੈ। ਆਪ ਖ਼ੁਦ ਖੇਤੀ ਕਰਦੇ ਤੇ ਹੋਰਨਾਂ ਨੂੰ ਮਿਹਨਤ ਕਰਕੇ ਵੰਡ ਖਾਣ ਦਾ ਉਪਦੇਸ਼ ਦਿੰਦੇ।

ਲਗਭਗ 18 ਵਰ੍ਹੇ ਆਪ ਕਰਤਾਰਪੁਰ ਰਹੇ। ਉਥੋਂ ਕਈ ਵਾਰ ਧਰਮ-ਪ੍ਰਚਾਰ ਲਈ ਇਧਰ-ਉਧਰ ਵੀ ਜਾਂਦੇ ਰਹੇ। ਕਰਤਾਰਪੁਰ ਵਿਚ ਰਹਿੰਦੇ ਹੋਇਆਂ ਆਪ ਨੇ ਲੋਕਾਂ ਨੂੰ ਸਚੇ ਧਰਮ ਦਾ ਸਰੂਪ ਸਮਝਾਉਣ ਦਾ ਪੂਰਾ ਯਤਨ ਕੀਤਾ। ਆਪ ਦੇ ਹਿਰਦੇ ਦੀ ਵਿਸ਼ਾਲਤਾ, ਤੰਗ-ਨਜ਼ਰੀ ਪ੍ਰਤਿ ਬੇਰੁਖੀ ਅਤੇ ਭਾਵਨਾਤਮਕ ਏਕਤਾ ਕਾਰਣ ਹਿੰਦੂ ਮੁਸਲਮਾਨ ਸਮਾਨ ਰੂਪ ਵਿਚ ਆਪ ਪ੍ਰਤਿ ਸ਼ਰਧਾ ਰਖਣ ਲਗੇ। ਇਹੀ ਕਾਰਨ ਹੈ ਕਿ ਜਦੋਂ 22 ਸਤੰਬਰ 1539 ਈ. (23 ਅਸੂ, 1596 ਬਿ.) ਨੂੰ ਆਪ ਜੋਤੀ-ਜੋਤਿ ਸਮਾਏ ਤਾਂ ਦੋਹਾਂ ਧਰਮਾਂ ਵਾਲਿਆਂ ਨੇ ਆਪਣੇ ਆਪਣੇ ਢੰਗ ਨਾਲ ਦੇਹ ਦਾ ਸਸਕਾਰ ਕੀਤਾ। ਗੁਰੂ ਨਾਨਕ ਦੇਵ ਜੀ ਦੀ ਕੁਲ ਉਮਰ 70 ਵਰ੍ਹੇ 4 ਮਹੀਨੇ ਤਿੰਨ ਦਿਨ ਸੀ।