Guru Tegh Bahadur Shaheedi Diwas: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ, 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਕੋਟਾਨਿ ਕੋਟਿ ਪ੍ਰਣਾਮ। ਮਨੁੱਖਤਾ ਦੀ ਰਾਖੀ ਲਈ ਬਲਿਦਾਨ ਦੇ ਕੇ ਸਿੱਖਾਂ ਦੇ ਨੌਵੇਂ ਗੁਰਾਂ ਨੇ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਕੀਤੀ ਤੇ ਕੁੱਲ ਮਾਨਵਤਾ ਨੂੰ ਧਾਰਮਿਕ ਆਜ਼ਾਦੀ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ।



ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖੇ ਦੇ ਨੌਵੇਂ ਗੁਰੂ ਸਨ। ਆਪ ਜੀ ਦਾ ਜਨਮ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸੰਨ 1621 . (ਵਿਸਾਖ ਵਦੀ 5, 1678 ਬਿ.) ਨੂੰ ਅੰਮ੍ਰਿਤਸਰ ਵਿਚ ਹੋਇਆ। ਬਚਪਨ ਤੋਂ ਹੀ ਆਪ ਵੈਰਾਗੀ ਰੁਚੀ ਵਾਲੇ ਗੰਭੀਰ ਧਰਮ-ਸਾਧਕ ਤੇ ਤਪਸਵੀ ਮਹਾਪੁਰਸ਼ ਸਨ।


ਆਪ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਦੀ ਸੁਪੁੱਤਰੀ ਗੁਜਰੀ ਨਾਲ ਸੰਨ 1632 . (15 ਅਸੂ, 1689 ਬਿ.) ਵਿੱਚ ਹੋਇਆ। ਪਿਤਾ-ਗੁਰੂ ਹਰਿਗੋਬਿੰਦ ਜੀ ਦੇ ਮਹਾ-ਪ੍ਰਸਥਾਨ ਤੋਂ ਬਾਦ ਸੰਨ 1644 . ਵਿੱਚ ਆਪ ਆਪਣੀ ਪਤਨੀ ਤੇ ਮਾਤਾ ਸਹਿਤ ਬਕਾਲਾ ਪਿੰਡ ਵਿਚ ਆ ਵਸੇ ਜੋ ਕਾਲਾਂਤਰ ਵਿੱਚ ਆਪ ਦੇ ਨਾਂ 'ਤੇ 'ਬਾਬਾ ਬਕਾਲਾ'ਕਰਕੇ ਪ੍ਰਸਿੱਧ ਹੋਇਆ।


ਆਪ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਤੋਂ ਬਾਅਦ ਗੁਰੂ ਹਰਿਰਾਇ ਜੀ ਤੇ ਗੁਰੂ ਹਰਿਕ੍ਰਿਸ਼ਨ ਜੀ ਕ੍ਰਮਵਾਰ ਸੱਤਵੇਂ ਤੇ ਅੱਠਵੇਂ ਗੁਰੂ ਬਣੇ। ਬਾਲ-ਕਾਲ ਵਿੱਚ ਜੋਤੀ-ਜੋਤਿ ਸਮਾਉਣ ਕਾਰਨ ਅੱਠਵੇਂ ਗੁਰੂ ਨੇ ਗੁਰੂ-ਗੱਦੀ ਦੇ ਉਤਰਾਧਿਕਾਰੀ ਬਾਰੇ ਕੇਵਲ 'ਬਾਬਾ ਬਕਾਲੇ' ਸ਼ਬਦ ਕਹੇ। ਇਸ ਅਸਪੱਸ਼ਟ ਸੰਕੇਤ ਕਾਰਨ ਗੱਦੀ ਦੇ ਕਈ ਦਾਵੇਦਾਰ ਖੜ੍ਹੇ ਹੋ ਗਏ।


ਆਖ਼ਰ ਭਾਈ ਮੱਖਣ ਸ਼ਾਹ ਲੁਬਾਣਾ ਨੇ ਆਪਣੀ ਮੰਨਤ ਭੇਟਾ ਕਰਨ ਲਈ ਸੂਖਮ ਦ੍ਰਿਸ਼ਟੀ ਨਾਲ 22 ਅਖੌਤੀ ਗੱਦੀਆਂ ਵਿਚੋਂ ਸਚੇ ਗੁਰੂ ਨੂੰ ਲਭ ਲਿਆ। ਆਪ 20 ਮਾਰਚ 1665 . (ਚੇਤ ਸੁਦੀ 14, 1722 ਬਿ.) ਨੂੰ 43 ਵਰ੍ਹਿਆਂ ਦੀ ਉਮਰ ਵਿਚ ਗੁਰੂ-ਗੱਦੀ ਉਤੇ ਬੈਠੇ। ਤਦ-ਉਪਰੰਤ ਆਪ ਕਈ ਗੁਰੂ-ਧਾਮਾਂ ਦੀ ਯਾਤਰਾ ਕਰਦੇ ਹੋਏ ਕੀਰਤਪੁਰ ਪਹੁੰਚੇ। ਕੁਝ ਸਮਾਂ ਉਥੇ ਟਿਕੇ ਤੇ ਫਿਰ ਨੈਣਾ ਦੇਵੀ ਦੇ ਨੇੜੇ ਸਤਲੁਜ ਨਦੀ ਦੇ ਕੰਢੇ, ਮਾਖੋਵਾਲ ਪਿੰਡ ਦੀ ਧਰਤੀ ਪਹਾੜੀ ਰਾਜਿਆਂ ਤੋਂ ਖ਼ਰੀਦ ਕੇ ਸੰਨ 1666 . (ਸੰਨ 1723 ਬਿ.) ਵਿੱਚ ਆਨੰਦਪੁਰ ਬਸਤੀ ਦੀ ਸਥਾਪਨਾ ਕੀਤੀ ਜੋ ਬਾਅਦ ਵਿੱਚ ਖ਼ਾਲਸੇ ਦੀ ਜਨਮ-ਭੂਮੀ ਵਜੋਂ ਪ੍ਰਸਿੱਧ ਹੋਈ।


ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਨੂੰ ਸਮੂਹਿਕ ਤੌਰ 'ਤੇ ਮੁਸਲਮਾਨ ਬਣਾਉਣ ਦੀ ਯੋਜਨਾ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਲਾਗੂ ਕਰਨ ਦਾ ਯਤਨ ਕੀਤਾ। ਫਲਸਰੂਪ ਕਸ਼ਮੀਰ ਦੇ ਬ੍ਰਾਹਮਣ ਆਪਣੇ ਧਰਮ ਦੀ ਰੱਖਿਆ ਲਈ ਆਪ ਦੀ ਸ਼ਰਨ ਵਿੱਚ ਆਏ ਤੇ ਸੰਨ 1675 . ਵਿੱਚ ਉਨ੍ਹਾਂ ਦੇ ਧਾਰਮਿਕ ਸੰਕਟ ਨੂੰ ਖ਼ਤਮ ਕਰਨ ਲਈ ਕੁਝ ਸਿੱਖ-ਸੇਵਕਾਂ ਨੂੰ ਨਾਲ ਲੈ ਕੇ ਆਪ ਦਿੱਲੀ ਵਲ ਚਲ ਪਏ। ਯਾਤਰਾ ਦੌਰਾਨ ਆਪ ਕਈ ਨਗਰਾਂ/ਉਪਨਗਰਾਂ ਵਿਚ ਠਹਿਰੇ ਤੇ ਧਰਮ ਪ੍ਰਤਿ ਦ੍ਰਿੜ੍ਹਤਾ ਦਾ ਪ੍ਰਚਾਰ ਕਰਦੇ ਰਹੇ।


ਦਿੱਲੀ ਪਹੁੰਚਣ ਤੋਂ ਪਹਿਲਾਂ ਆਪ ਨੂੰ ਆਗਰੇ ਵਿਚ ਬੰਦੀ ਬਣਾ ਲਿਆ ਗਿਆ। ਬਾਦਸ਼ਾਹ ਵਲੋਂ ਮੁਸਲਮਾਨ ਬਣਨ ਦੀ ਹਰ ਪ੍ਰਕਾਰ ਦੀ ਪੇਸ਼ਕਸ਼ ਨੂੰ ਆਪ ਨੇ ਠੁਕਰਾ ਦਿੱਤਾ। ਬਾਦਸ਼ਾਹ ਨੇ ਆਪ ਨੂੰ 11 ਨਵੰਬਰ 1675 . (ਮਘਰ ਸੁਦੀ 5, 1732 ਬਿ.) ਨੂੰ ਦਿੱਲੀ ਵਿਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਉਤੇ ਸ਼ਹੀਦ ਕਰਵਾ ਦਿੱਤਾ।



ਇਹ ਵੀ ਪੜ੍ਹੋ: Case Against Cow: 'ਗਾਂ ਦੁੱਧ ਨਹੀਂ ਦਿੰਦੀ, ਥਾਣੇ ਬੁਲਾ ਕੇ ਸਮਝਾਓ', ਪੁਲਿਸ ਕੋਲ ਅਜੀਬੋ-ਗਰੀਬ ਸ਼ਿਕਾਇਤ ਲੈ ਪਹੁੰਚਿਆ ਕਿਸਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904