History Of Takhat Sri Kesgarh Sahib: ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪਛਾਣ ਦਿੱਤੀ, ਅੰਮ੍ਰਿਤ ਸੰਚਾਰ ਸ਼ੁਰੂ ਕੀਤਾ। ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਕੇਸਗੜ੍ਹ ਸਾਹਿਬ ਹੈ। ਇਹ ਉਹੀ ਸਥਾਨ ਤੇ ਹੈ ਜਿਥੇ ਖਾਲਸੇ ਦਾ ਜਨਮ ਹੋਇਆ ਸੀ। ਇਹ ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇੱਕ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ।
ਗੁਰੂ ਜੀ ਨੇ ਖਾਲਸਾ ਸਿਰਜਿਆ
ਇਥੇ ਹੀ 1699 ਵਿਚ ਵੈਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਿਰਜਿਆ ਸੀ। ਗੁਰੂ ਜੀ ਦੇ ਬੁਲਾਉਣ ਤੇ ਪਹਾੜੀ ਤੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਸਨ ਜਿਥੇ ਹੁਣ ਗੁਰਦੁਆਰਾ ਕੇਸਗੜ੍ਹ ਸਾਹਿਬ ਖੜ੍ਹਾ ਹੈ।
ਗੁਰੂ ਜੀ ਭੀੜ ਦੇ ਸਾਹਮਣੇ ਨੰਗੀ ਤਲਵਾਰ ਲੈ ਕੇ ਖੜ੍ਹੇ ਹੋਏ ਅਤੇ ਕਿਹਾ ਕਿ ਉਨ੍ਹਾਂ ਦੀ ਪਿਆਸੀ ਤਲਵਾਰ ਲਹੂ ਮੰਗ ਕਰਦੀ ਹੈ। ਭੀੜ ਵਿਚ ਚੁੱਪੀ ਛਾ ਗਈ। ਅਖੀਰ ਦਯਾ ਰਾਮ ਲਾਹੌਰ ਦਾ ਖਤਰੀ ਸਾਹਮਣੇ ਆਇਆ। ਗੁਰੂ ਜੀ ਉਸ ਨੂੰ ਤੰਬੂ ਵਿਚ ਲੈ ਗਏ ਅਤੇ ਬਾਹਰ ਖੂਨ ਨਾਲ ਭਰੀ ਤਲਵਾਰ ਨਾਲ ਵਾਪਸ ਆਏ। ਉਨ੍ਹਾਂ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ ਅਤੇ ਧਰਮ ਦਾਸ ਦਿੱਲੀ ਦਾ ਜੱਟ ਅੱਗੇ ਆਇਆ।
ਤਿੰਨ ਵਾਰ ਹੋਰ ਮੰਗ ਕਰਨ ਤੇ ਮੋਹਕਮ ਚੰਦ, ਦਵਾਰਕਾ ਦਾ ਧੋਬੀ, ਸਾਹਿਬ ਚੰਦ, ਬੀਦਰ ਤੋਂ ਨਾਈ ਅਤੇ ਹਿੰਮਤ ਰਾਇ ਜਗਨਨਾਥ ਪੁਰੀ ਤੋਂ ਪਾਣੀ ਢੋਣ ਵਾਲਾ ਸਾਹਮਣੇ ਆਏ ਤੰਬੂ ਵਿਚ ਜਿਥੇ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਲੈ ਕੇ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੱਖ ਨਵੇਂ ਕੱਪੜਿਆਂ, ਨੀਲੀ ਪੱਗ, ਲੰਬੇ ਪੀਲੇ ਕੁਰਤਿਆਂ, ਕਮਰਕੱਸਾ, ਲੰਬੇ ਕਛਹਿਰੇ ਪਾਏ ਹੋਏ ਅਤੇ ਤਲਵਾਰਾਂ ਲਟਕਾਏ ਬਾਹਰ ਲੈ ਕੇ ਆਏ। ਇਹ ਬਹੁਤ ਹੀ ਪ੍ਰੇਰਨਾ ਵਾਲਾ ਦ੍ਰਿਸ਼ ਸੀ।
'ਆਪੇ ਗੁਰ ਚੇਲਾ'
ਗੁਰੂ ਜੀ ਨੇ ਭੀੜ ਨੂੰ ਦੱਸਿਆ ਕਿ ਉਨ੍ਹਾਂ ਦੇ ‘ਪੰਜ ਪਿਆਰੇ’ ਹਨ ਅਤੇ ਉਨ੍ਹਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਜੋ ਕਿ ਉਨ੍ਹਾਂ ਨੇ ਬਾਟੇ ਵਿਚ ਖੰਡੇ ਨਾਲ ਪਤਾਸੇ ਘੋਲ ਕੇ ਅਤੇ ਪਾਠ ਕਰਦੇ ਹੋਏ ਤਿਆਰ ਕੀਤਾ ਸੀ। ਫਿਰ ਗੁਰੂ ਜੀ ਨੇ ਆਪ ਉਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਅਤੇ ਇਸ ਤਰ੍ਹਾਂ ਗੁਰੂ ਅਤੇ ਚੇਲੇ ਵਿਚਲੇ ਭੇਦ ਨੂੰ ਖਤਮ ਕੀਤਾ। ਉਸ ਦਿਨ ਗੁਰੂ ਗੋਬਿੰਦ ਰਾਇ ਗੁਰੂ ਗੋਬਿੰਦ ਸਿੰਘ ਬਣੇ। ਗੁਰੂ ਸਾਹਿਬ ਨੇ ਜਿੱਥੇ 'ਆਪੇ ਗੁਰ ਚੇਲਾ' ਦਾ ਸਾਂਝੀਵਾਲਤਾ ਦਾ ਸਿਧਾਂਤ ਦੁਨੀਆ ਨੂੰ ਦਿੱਤਾ ਉੱਥੇ ਇਤਹਾਸ ਨੂੰ ਨਵੀਂ ਸੇਧ ਵੀ ਦਿਤੀ।
ਸਿੰਘਾਂ ਦੇ ਪੰਜ ਕਕਾਰ
ਪੰਜ ਪਿਆਰਿਆਂ ਨੇ ਵੀ ਪੰਜ ਕਕਾਰਾਂ ਨੂੰ – ਕੇਸ, ਕੰਘਾ, ਕੜਾ, ਕੱਛਾ ਅਤੇ ਕਿਰਪਾਨ ਨੂੰ ਅਪਣਾਇਆ। ਸਿੱਖਾਂ ਨੂੰ ਆਪਣੇ ਨਾਵਾਂ ਨਾਲ 'ਸਿੰਘ' ਅਤੇ 'ਕੌਰ' ਲਗਾਉਣ ਦਾ ਹੁਕਮ ਦਿੱਤਾ। ਇਸ ਰਸਮ ਨੇ ਗੁਰੂ ਦੇ ਸਿੱਖਾਂ ਨੂੰ ਨਵੀਂ ਪਛਾਣ ਦਿੱਤੀ ਜੋ ਕਿ ਉਨ੍ਹਾਂ ਨੇ ਮੁਗਲ ਜ਼ੁਲਮ ਦੇ ਵਿਰੁੱਧ ਸਿੰਘਾਂ ਨੂੰ ਤਿਆਰ ਕਰਨ ਲਈ ਅਤੇ ਦੇਸ਼ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਸੀ।
ਹੋਲਾ ਮਹੱਲਾ
ਹੋਲੇ ਮੁਹੱਲੇ ਦੀ ਸ਼ੁਰੂਆਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਵਿੱਚ ਕੀਤੀ ਸੀ। ਹੋਲਾ ਮਹੱਲਾ ਖਾਲਸਾ ਪੰਥ ਦਾ ਪ੍ਰਤੀਕ ਹੈ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮਨਾਇਆ ਜਾਂਦਾ ਹੈ।
ਹੋਲਾ ਇੱਕ ਅਰਬੀ ਸ਼ਬਦ ਹੈ 'ਜੋ ਹੁਲ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ 'ਚੰਗੇ ਕੰਮਾਂ ਲਈ ਲੜਨਾ' ਅਤੇ ਮਹੱਲਾ ਦਾ ਅਰਥ ਹੈ 'ਜਿੱਤ ਤੋਂ ਬਾਅਦ ਵਸਣ ਦੀ ਥਾਂ।' ਹੋਲਾ ਮਹੱਲਾ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਵਿੱਚ ਹੋਲਗੜ੍ਹ ਕਿਲ੍ਹੇ ਤੋਂ ਕੀਤੀ ਸੀ।
ਹੋਲਾ ਮੁਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ ਵਿੱਚ ਜੋਸ਼ ਅਤੇ ਭਾਵਨਾ ਪੈਦਾ ਕਰਨ ਲਈ ਨਕਲੀ ਲੜਾਈਆਂ ਕਰਵਾਉਂਦੇ ਸੀ ਅਤੇ ਜੇਤੂ ਫੌਜ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ।
ਹੋਲੇ ਮਹੱਲੇ ਦੀ ਸ਼ੁਰੂਆਤ ਸ੍ਰੀ ਕੀਰਤਪੁਰ ਸਾਹਿਬ ਤੋਂ ਹੁੰਦੀ ਹੈ ਤਿੰਨ ਦਿਨਾਂ ਤੋਂ ਬਾਅਦ ਮਹੱਲਾ ਫਿਰ ਆਖਰੀ 3 ਦਿਨ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਜਾਦਾ ਹੈ। ਆਖਰੀ ਦਿਨ ਇੱਕ ਵਿਸ਼ਾ ਮਹੱਲਾ ਸਜਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸਿੰਘ, ਸਿੰਘਣੀਆਂ, ਬੱਚੇ, ਬਜ਼ੁਰਗ ਨੀਲੇ ਤੇ ਕੇਸਰੀ ਦਸਤਾਰਾਂ ਨਾਲ ਸਜੇ ਹੋਏ, ਜੈਕਾਰੇ ਗਜਾਉਂਦੇ ਹੋਏ ਇੱਥੇ ਪੁੱਜਦੇ ਹਨ। ਇੱਥੇ ਚਰਨ ਗੰਗਾ ਸਟੇਡੀਅਮ ਵਿਚ ਸ਼ਸਤਰਾਂ ਤੇ ਘੋੜ ਸਵਾਰੀ ਦੇ ਜੌਹਰ ਦਿਖਾਏ ਜਾਂਦੇ ਹਨ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 12 ਸ਼ਸਤਰ ਸੁਸ਼ੋਭਿਤ
ਖੰਡਾ : ਇਹ ਦੋਧਾਰਾ ਖੰਡਾ ਹੈ, ਜਿਸ ਨਾਲ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲੀ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ। ਇਤਹਾਸਕਾਰਾਂ ਅਨੁਸਾਰ ਉਸ ਦਿਨ 20 ਹਜ਼ਾਰ ਪ੍ਰਾਣੀਆਂ ਨੇ ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ।
ਕਟਾਰ : ਛੋਟੇ ਆਕਾਰ ਦਾ ਇਹ ਉਹ ਸ਼ਸਤਰ ਹੈ ਜਿਸ ਨੂੰ ਗੁਰੂ ਸਾਹਿਬ ਆਪਣੇ ਕਮਰਕੱਸੇ ਵਿਚ ਸਜਾ ਕੇ ਰੱਖਦੇ ਸਨ ਅਤੇ ਇਹ ਹੱਥੀਂ ਲੜਾਈ ਵੇਲੇ ਵਰਤਿਆ ਜਾਂਦਾ ਹੈ। ਇਸ ਕਟਾਰ ਦੀ ਲੰਬਾਈ ਦੋ ਫੁੱਟ ਇਕ ਇੰਚ ਹੈ।
ਨਾਗਨੀ ਬਰਛਾ : ਇਸ ਬਰਛੇ ਨਾਲ ਭਾਈ ਬਚਿੱਤਰ ਸਿੰਘ ਨੇ ਪਹਾੜੀ ਰਾਜਿਆਂ ਵੱਲੋਂ ਛੱਡੇ ਗਏ ਉਸ ਮਸਤ ਹਾਥੀ ਦਾ ਮੁਕਾਬਲਾ ਕੀਤਾ ਸੀ ਜੋ ਕਿਲ੍ਹਾ ਲੋਹਗੜ੍ਹ ਸਾਹਿਬ ਦੇ ਦਰਵਾਜ਼ੇ ਨੂੰ ਤੋੜਣ ਲਈ ਭੇਜਿਆ ਗਿਆ ਸੀ।
ਕਰਪਾ ਬਰਛਾ : ਸ੍ਰੀ ਅਨੰਦਪੁਰ ਸਾਹਿਬ ਤੋਂ 15 ਕਿਲੋਮੀਟਰ ਦੂਰ 'ਗੁਰੂ ਕਾ ਲਾਹੌਰ' ਵਿਖੇ ਗੁਰੂ ਸਾਹਿਬ ਨੇ ਇਸ ਬਰਛੇ ਨਾਲ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ। ਇਸ ਬਰਛੇ ਦੀ ਲੰਬਾਈ 8 ਫੁੱਟ ਹੈ।
ਬੰਦੂਕ : ਇਹ ਉਹ ਬੰਦੂਕ ਹੈ ਜਿਸ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਡੱਲਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਰਖ ਕੀਤੀ ਸੀ ਅਤੇ ਭਾਈ ਡੱਲਾ ਗੁਰੂ ਕਾ ਸਿੰਘ ਸਜਿਆ ਸੀ।
ਸੈਫ਼ : ਮੰਨਿਆ ਜਾਂਦਾ ਹੈ ਕਿ ਇਹ ਕਰੀਬ 1400 ਸਾਲ ਪੁਰਾਣਾ ਸ਼ਸਤਰ ਹੈ। ਮੁਸਲਮਾਨਾਂ ਦੇ ਉੱਚ ਦੇ ਪੀਰ ਹਜ਼ਰਤ ਅਲੀ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਇਹ ਸ਼ਸਤਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ 23 ਜੁਲਾਈ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀ।
ਛੇ ਹੋਰ ਸ਼ਸਤਰ : ਇਸ ਤੋਂ ਇਲਾਵਾ ਛੇ ਹੋਰ ਸ਼ਸਤਰ ਇੰਗਲੈਂਡ ਤੋਂ ਆਏ ਹਨ, ਜਿਨ੍ਹਾਂ ਵਿਚ 'ਦਾਹਵੇ ਆਹਨੀ', 'ਸ਼ਮਸ਼ੀਰ-ਏ-ਤੇਗ਼', 'ਵੱਡਾ ਬਰਛਾ', 'ਛੋਟੀ ਬਰਛੀ', 'ਢਾਲ' ਅਤੇ 'ਸੁਨਹਿਰੀ ਚੱਕਰ' ਸ਼ਾਮਲ ਹੈ, ਜਿਸ ਉੱਪਰ ਜਪੁਜੀ ਸਾਹਿਬ ਦੀਆਂ 22 ਪਉੜੀਆਂ ਅੰਕਿਤ ਹਨ।