ਸਲੋਕੁ ਮਃ ੩ ॥ ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥ ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥ ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥ ਮਃ ੩ ॥ ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥ ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥ ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥ ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥ ਪਉੜੀ ॥ ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥ ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥


ਪਦਅਰਥ: ਕਿਤੁ = ਕਾਹਦੇ ਲਈ। ਸੈਸਾਰਿ = ਸੰਸਾਰ ਵਿਚ। ਪਦਅਰਥ: ਗੁਣਤਾਸਿ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਵਿਚ। ਤ੍ਰਿਪਤਿ = ਰੱਜ। ਪੈਨਣੁ = ਪੁਸ਼ਾਕ। ਸਰਧ = ਚਾਹ, ਇੱਛਾ। ਕਾਰਕੁਨੀ = ਮੁਖ਼ਤਿਆਰੀ। ਅਗਲੀ = ਪਹਿਲੀ। ਕਾਣਿ = ਮੁਥਾਜੀ।

 

ਸਲੋਕੁ ਮਃ ੩ ॥ ਅੰਨ੍ਹੇ ਮਨਮੁਖ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾ ਸੇਵਾ ਕੀਤੀ, ਨਾ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਹੀ ਲੱਗਾ, ਸ਼ਬਦ ਵਿਚ ਰਸ ਭੀ ਨਾ ਆਇਆ, (ਤਾਹੀਏਂ) ਘੜੀ ਮੁੜੀ ਜੰਮਦਾ ਮਰਦਾ ਹੈ; ਜੇ ਅੰਨ੍ਹਾ ਮਨਮੁਖ ਹਰੀ ਨੂੰ ਯਾਦ ਨਹੀਂ ਕਰਦਾ ਤਾਂ ਸੰਸਾਰ ਵਿਚ ਆਉਣ ਦਾ ਕੀਹ ਲਾਭ (ਉਸ ਨੇ ਖੱਟਿਆ)? ਹੇ ਨਾਨਕ! ਜਿਨ੍ਹਾਂ ਮਨੁੱਖਾਂ ਤੇ ਮੇਹਰ ਦੀ ਨਜ਼ਰ ਕਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਹੋ ਕੇ (ਸੰਸਾਰ ਸਾਗਰ ਤੋਂ) ਪਾਰ ਉਤਰਦੇ ਹਨ ।੧। ਮਃ ੩ ॥ ਇਕ ਸਤਿਗੁਰੂ ਹੀ ਸੁਚੇਤ ਹੈ, ਹੋਰ ਸਾਰਾ ਸੰਸਾਰ (ਮਾਇਆ ਦੇ) ਮੋਹ ਵਿਚ ਤੇ ਤ੍ਰਿਸ਼ਨਾ ਵਿਚ ਸੁੱਤਾ ਹੋਇਆ ਹੈ; ਜੋ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਗੁਣਾਂ ਦੇ ਖ਼ਜ਼ਾਨੇ ਸੱਚੇ ਨਾਮ ਵਿਚ ਰੱਤੇ ਹੋਏ ਹਨ, ਅੰਨ੍ਹੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ, ਜਨਮ ਮਰਨ ਦੇ ਗੇੜ ਵਿਚ ਪੈ ਕੇ ਤਬਾਹ ਹੋ ਰਹੇ ਹਨ; ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਧੁਰ ਮੁੱਢ ਤੋਂ (ਕੀਤੇ ਭਲੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਲੇਖ) ਲਿਖਿਆ ਪਿਆ ਹੈ ।੨। ਪਉੜੀ ॥ ਹਰੀ ਦਾ ਨਾਮ ਸਾਡਾ ਛੱਤੀ (੩੬) ਤਰ੍ਹਾਂ ਦਾ (ਭਾਵ, ਕਈ ਸੁਆਦਾਂ ਵਾਲਾ) ਭੋਜਨ ਹੈ, ਜਿਸ ਨੂੰ ਖਾ ਕੇ ਅਸੀ ਰੱਜ ਗਏ ਹਾਂ (ਭਾਵ, ਮਾਇਕ ਪਦਾਰਥਾਂ ਵਲੋਂ ਤ੍ਰਿਪਤ ਹੋ ਗਏ ਹਾਂ) ਹਰੀ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇ-ਪੜਦਾ ਨਾਹ ਹੋਵਾਂਗੇ, ਤੇ ਹੋਰ (ਸੁੰਦਰ) ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ । ਹਰੀ ਦਾ ਨਾਮ ਸਾਡਾ ਵਣਜ, ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖ਼ਤਿਆਰੀ ਦਿੱਤੀ ਹੈ; ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ, (ਜਿਸ ਲੇਖੇ ਕਰ ਕੇ) ਜਮ ਦੀ ਪਹਿਲੀ ਖ਼ੁਸ਼ਾਮਦ ਦੂਰ ਹੋ ਗਈ ਹੈ । ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ (ਉਹੀ ਸਿਮਰਦੇ ਹਨ) ਜਿਨ੍ਹਾਂ ਨੂੰ ਧੁਰੋਂ ਬਖ਼ਸ਼ਸ਼ ਦੀ ਰਾਹੀਂ (ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉੱਕਰੇ ਹੋਏ) ਲੇਖ ਦੀ ਪਰਾਪਤੀ ਹੋਈ ਹੈ ।੧੨।