ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੦੯ ਜੇਠ (ਸੰਮਤ ੫੫੪ ਨਾਨਕਸ਼ਾਹੀ) ਅੰਗ ੬੨੦-੬੨੧

 

ਸੋਰਠਿ ਮਹਲਾ ੫ ॥ ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
ਪਦਅਰਥ :- ਧਾਰਿ = ਧਾਰ ਕੇ। ਪ੍ਰਭਿ = ਪ੍ਰਭੂ ਨੇ। ਨਵਾ ਨਿਰੋਆ = ਬਿਲਕੁਲ ਅਰੋਗ ॥੧॥ ਪ੍ਰਭਿ = ਪ੍ਰਭੂ ਨੇ। ਲਾਜ = ਇੱਜ਼ਤ। ਤੇ = ਤੋਂ, ਪਾਸੋਂ। ਬਲਿ ਜਾਂਈ = ਮੈਂ ਕੁਰਬਾਨ ਜਾਂਦਾ ਹਾਂ ॥੧॥ ਹਲਤੁ = {अत्र} ਇਹ ਲੋਕ। ਪਲਤੁ {परत्र} ਪਰ ਲੋਕ। ਹਮਰਾ = ਅਸਾਂ ਜੀਵਾਂ ਦਾ। ਅਟਲ = ਕਦੇ ਨਾਹ ਟਲਣ ਵਾਲਾ। ਨਾਨਕ = ਹੇ ਨਾਨਕ! ਗੁਰ = ਹੇ ਗੁਰੂ! ਸਫਲ = ਫਲ ਦੇਣ ਵਾਲਾ, ਬਰਕਤਿ ਵਾਲਾ। ਕਰੁ = ਹੱਥ। ਮਸਤਕਿ = ਮੱਥੇ ਉੱਤੇ ॥੨॥
ਅਰਥ :- ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ ਹੋ ਗਿਆ ਹੈ ॥੧॥ ਰਹਾਉ ॥ (ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥ (ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ। ਹੇ ਨਾਨਕ ਜੀ! (ਆਖੋ-) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥