ਰਾਮਕਲੀ ਮਹਲਾ ੫ ॥ ਰੈਣਿ ਦਿਨਸੁ ਜਪਉ ਹਰਿ ਨਾਉ ॥ ਆਗੈ ਦਰਗਹ ਪਾਵਉ ਥਾਉ ॥ ਸਦਾ ਅਨੰਦੁ ਨ ਹੋਵੀ ਸੋਗੁ ॥ ਕਬਹੂ ਨ ਬਿਆਪੈ ਹਉਮੈ ਰੋਗੁ ॥੧॥ ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥ ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥ ਨਾਮ ਬਿਨਾ ਕੋ ਸਕੈ ਨ ਤਾਰਿ ॥ ਸਗਲ ਉਪਾਵ ਨ ਚਾਲਹਿ ਸੰਗਿ ॥ ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥ ਦੇਹੀ ਧੋਇ ਨ ਉਤਰੈ ਮੈਲੁ ॥ ਹਉਮੈ ਬਿਆਪੈ ਦੁਬਿਧਾ ਫੈਲੁ ॥ ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥ ਕਰਿ ਕਿਰਪਾ ਪਾਰਬ੍ਰਹਮ ਦਇਆਲ ॥ ਮਨ ਤੇ ਕਬਹੁ ਨ ਬਿਸਰੁ ਗੁੋਪਾਲ ॥ ਤੇਰੇ ਦਾਸ ਕੀ ਹੋਵਾ ਧੂਰਿ ॥ ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥


ਪਦਅਰਥ: ਰੈਣਿ = {रजनि} ਰਾਤ। ਦਿਨਸੁ = ਦਿਨ। ਜਪਉ = ਜਪਉਂ, ਮੈਂ ਜਪਦਾ ਰਹਾਂ। ਆਗੈ = ਪਰਲੋਕ ਵਿਚ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਸੋਗੁ = ਗ਼ਮ, ਚਿੰਤਾ। ਹੋਵੀ = ਹੋਵੇਗਾ। ਨਾ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ ।੧। ਸੰਤਹੁ = ਹੇ ਸੰਤ ਜਨੋ! ਬ੍ਰਹਮ ਗਿਆਨੀ = ਪਰਮਾਤਮਾ ਨਾਲ ਸਾਂਝ ਰੱਖਣ ਵਾਲਾ। ਬ੍ਰਹਮ ਗਿਆਨੀ ਸੰਤਹੁ = ਪਰਮਾਤਮਾ ਨਾਲ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਖੋਜਹੁ = ਭਾਲ ਕਰੋ। ਬਿਸਮ = ਅਸਚਰਜ। ਬਿਸਮਨ ਬਿਸਮ = ਬਹੁਤ ਹੀ ਹੈਰਾਨ ਕਰਨ ਵਾਲੀ। ਬਿਸਮਾਦਾ = ਹੈਰਾਨੀ ਪੈਦਾ ਕਰਨ ਵਾਲੀ ਅਵਸਥਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਰਾਨੀ = ਹੇ ਪ੍ਰਾਣੀ!।੧।ਰਹਾਉ। ਗਨਿ = ਗਿਣ ਕੇ। ਮਿਨਿ = ਮਿਣ ਕੇ। ਬੀਚਾਰਿ = ਵਿਚਾਰ ਕੇ। ਕੋ = ਕੋਈ। ਸਕੈ ਨ ਤਾਰਿ = ਤਾਰਿ ਨ ਸਕੈ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਸਗਲ = ਸਾਰੇ। ਸੰਗਿ = ਨਾਲ। ਭਵਜਲੁ = ਸੰਸਾਰ = ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕੈ ਰੰਗਿ = ਦੇ ਪ੍ਰੇਮ ਵਿਚ ਰਿਹਾਂ ।੨। ਦੇਹੀ = ਸਰੀਰ। ਧੋਇ = ਧੋ ਕੇ। ਦੁਬਿਧਾ = ਦੁ = ਚਿੱਤਾ = ਪਨ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣਾ। ਫੈਲੁ = ਖਿਲਾਰਾ, ਪਸਾਰਾ। ਅਉਖਧੁ = ਦਾਰੂ, ਦਵਾਈ। ਤਾ ਕਾ = ਉਸ (ਮਨੁੱਖ) ਦਾ ।੩। ਤੇ = ਤੋਂ। ਕਬਹੁ ਨ = ਕਦੇ ਭੀ ਨ। ਗਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ) । ਹੋਵਾ = ਹੋਵਾਂ, ਮੈਂ ਹੋ ਜਾਵਾਂ। ਸਰਧਾ = ਤਾਂਘ, ਇੱਛਾ। ਪੂਰਿ = ਪੂਰੀ ਕਰ ।੪।


ਅਰਥ: ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ। ਹੇ ਪ੍ਰਾਣੀ! ਸਦਾ) ਪਰਮਾਤਮਾ ਦਾ ਸਿਮਰਨ ਕਰਦਾ ਰਹੁ; (ਸਿਮਰਨ ਦੀ ਬਰਕਤਿ ਨਾਲ) ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਇਗੀ, ਤੂੰ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਏਂਗਾ ।੧।ਰਹਾਉ। (ਹੇ ਪ੍ਰਭੂ! ਕਿਰਪਾ ਕਰ) ਮੈਂ ਦਿਨ ਰਾਤ ਹਰਿ-ਨਾਮ ਜਪਦਾ ਰਹਾਂ, (ਤੇ ਇਸ ਤਰ੍ਹਾਂ) ਪਰਲੋਕ ਵਿਚ ਤੇਰੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲਵਾਂ। (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਨੂੰ) ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ; ਹਉਮੈ ਦਾ ਰੋਗ ਕਦੇ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ।੧। ਹੇ ਸੰਤ ਜਨੋ! ਸਾਰੇ ਗਹੁ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ। (ਨਾਮ ਤੋਂ ਬਿਨਾ) ਹੋਰ ਸਾਰੇ ਹੀ ਹੀਲੇ (ਮਨੁੱਖ ਦੇ) ਨਾਲ ਨਹੀਂ ਜਾਂਦੇ (ਸਹਾਇਤਾ ਨਹੀਂ ਕਰਦੇ) । ਪ੍ਰਭੂ ਦੇ ਪ੍ਰੇਮ-ਰੰਗ ਵਿਚ ਰਿਹਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ।੨। (ਹੇ ਸੰਤ ਜਨੋ! ਤੀਰਥ ਆਦਿਕਾਂ ਤੇ) ਸਰੀਰ ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ, (ਸਗੋਂ ਇਹ) ਹਉਮੈ ਆਪਣਾ ਦਬਾਉ ਪਾ ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰ) ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ (ਮਨੁੱਖ ਪਖੰਡੀ ਹੋ ਜਾਂਦਾ ਹੈ। ਹੇ ਸੰਤ ਜਨੋ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ ਹੈ, ਉਸ ਦਾ ਸਾਰਾ (ਮਾਨਸਕ) ਰੋਗ ਦੂਰ ਹੋ ਜਾਂਦਾ ਹੈ ।੩। ਹੇ ਪਾਰਬ੍ਰਹਮ! ਹੇ ਦਇਆ ਦੇ ਘਰ! ਮੇਰੇ ਉਤੇ) ਕਿਰਪਾ ਕਰ। ਹੇ ਗੋਪਾਲ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਵਿੱਸਰ। ਹੇ ਪ੍ਰਭੂ! ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ-ਨਾਨਕ ਦੀ ਇਹ ਤਾਂਘ ਪੂਰੀ ਕਰ ।੪।੨੨।੩੩।