ਪਰਮਜੀਤ ਸਿੰਘ

ਚੰਡੀਗੜ੍ਹ: ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਦੋਰਾਨ ਪੰਥ ਦੀਆਂ ਨਾਮਵਾਰ ਹਸਤੀਆ ਵੱਲੋਂ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਉੱਤੇ ਲਿਖੀ ਕਿਤਾਬ “ਭੇਦੁ ਨ ਜਾਣਹੁ ਮੂਲਿ ਸਾਈ ਜੇਹਿਆ” ਰਿਲੀਜ ਕੀਤੀ ਗਈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਰਿਲੀਜ ਇਸ ਕਿਤਾਬ ਦੀ ਛਪਾਈ ਦਮਦਮੀ ਟਕਸਾਲ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਹੈ ਤੇ ਇਸ ਕਿਤਾਬ ਨੂੰ ਲਿਖਣ ਦੇ ਵਿੱਚ 4 ਤੋਂ 5 ਸਾਲ ਦਾ ਸਮਾਂ ਲੱਗਾ ਹੈ।

ਇਸ ਕਿਤਾਬ ਦੇ ਸਫ਼ਲਤਾ ਨਾਲ ਰਿਲੀਜ਼ ਹੋਣ ਵਿੱਚ ਅਮਰੀਕਾ,ਕੈਨੇਡਾ,ਆਸਟ੍ਰੇਲੀਆ ਤੇ ਭਾਰਤ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਸੇਵਾਦਾਰਾਂ ਨੇ ਮੋਹਰੀ ਰੋਲ ਅਦਾ ਕੀਤਾ ਹੈ।ਸਮੁੱਚੀ ਕਿਤਾਬ ਨੂੰ ਕਰੀਬ 4 ਭਾਗਾਂ ਵਿੱਚ ਵੰਡ ਕੇ ਮਹਾਂਪੁਰਖਾਂ ਦੇ ਜੀਵਨ ਦੇ ਸਿਧਾਂਤਕ ਪੱਖ ਨੂੰ ਪੇਸ਼ ਕੀਤਾ ਗਿਆ ਹੈ।




ਗੱਲਬਾਤ ਦੋਰਾਨ ਟਕਸਾਲ ਦੇ ਸੇਵਾਦਾਰਾਂ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਬੜੇ ਹੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ-ਬਿਰਤਾਂਤ ਤੇ ਉਨ੍ਹਾਂ ਵੱਲੋਂ ਕੋਮ ਦੀ ਚੜਦੀਕਲਾ ਲਈ ਕੀਤੀਆਂ ਮਹਾਨ ਸੇਵਾਵਾਂ ਤੇ ਕੋਈ ਪੁਸਤਕ ਲਿਖੀ ਜਾਵੇ।ਇਸੇ ਮੰਗ ਨੂੰ ਮੁੱਖ ਰੱਖਦਿਆਂ 1912 ਤੋਂ ਲੈ ਕੇ 2004 ਤੱਕ ਮਹਾਂਪੁਰਖਾਂ ਦੀ ਸੰਸਾਰਿਕ ਯਾਤਰਾ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।ਇਸ ਦੇ ਨਾਲ ਹੀ ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਬੇਅੰਤ ਹੀ ਘਟਨਾਵਾਂ,ਸਾਖੀਆਂ ਤੇ ਸਿਧਾਂਤਕ ਪੱਖਾਂ ਦਾ ਇਸ ਪੁਸਤਕ ਵਿੱਚ ਜਿਕਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 2021 ਦਾ ਇੱਕ ਵਿਸ਼ੇਸ਼ ਕੈਲੰਡਰ ਕਿਤਾਬ ਦੇ ਰੂਪ ਚ’ ਸੰਗਤ ਲਈ ਤਿਆਰ ਕੀਤਾ ਗਿਆ ਹੈ।ਵੱਖ ਵੱਖ ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਜੀ ਦਾ ਜੀਵਨ ਤਿਆਰ ਹੋਣ ਦੇ ਨਾਲ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਦੀ ਇੱਕ ਵੱਡੀ ਮੰਗ ਪੂਰੀ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਕਿਤਾਬ ਨੌਜਵਾਨ ਪੀੜੀ ਅਤੇ ਪ੍ਰਚਾਰਕ ਸ੍ਰੇਣੀ ਲਈ ਪ੍ਰੇਰਨਾਦਾਇਕ ਸਿੱਧ ਹੋਵੇਗੀ।