Shri Guru Amar Das ji Gurgaddi Diwas 2023: ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਸਬਰ-ਸੰਤੋਖ ਤੇ ਸੇਵਾ ਸਿਮਰਨ ਦੇ ਪੁੰਜ, ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ।


 






 


ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ


ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 9 ਜੇਠ, ਨਾਨਕਸ਼ਾਹੀ 11 (5 ਮਈ, 1479) ਨੂੰ, ਪਿੰਡ ਬਾਸਰਕੇ (ਤਹਿ ਤੇ ਜ਼ਿਲ੍ਹਾ ਅੰਮ੍ਰਿਤਸਰ) ਬਾਬਾ ਤੇਜਭਾਨ ਜੀ ਤੇ ਮਾਤਾ ਲਖੋ ਜੀ ਦੇ ਘਰ ਹੋਇਆ। 1502 ਈ. ਨੂੰ ਆਪ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ, ਜਿਨ੍ਹਾਂ ਦੇ ਉਦਰ ਤੋਂ ਦੋ ਬੇਟੀਆਂ ਬੀਬੀ ਦਾਨੀ ਜੀ (ਸੁਪਤਨੀ ਭਾਈ ਰਾਮਾ ਜੀ) ਤੇ ਬੀਬੀ ਭਾਨੀ ਜੀ (ਸੁਪਤਨੀ ਗੁਰੂ ਰਾਮਦਾਸ ਜੀ) ਤੇ ਦੋ ਪੁੱਤਰ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਪੈਦਾ ਹੋਏ।


ਸੁੱਚੇ ਇਖ਼ਲਾਕ, ਅਨਿੰਨ ਭਗਤੀ ਤੇ ਸੇਵਾ ਆਦਿ ਤੋਂ ਖੁਸ਼ ਹੋ ਕੇ ਜਦ 3 ਵੈਸਾਖ, ਨਾਨਕਸ਼ਾਹੀ (1552 ਈ.) ਨੂੰ ਗੁਰੂ ਅੰਗਦ ਸਾਹਿਬ ਜੀ ਵੱਲੋਂ, ਆਪ ਜੀ ਨੂੰ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ/ਸੇਵਾ ਸੌਪੀ ਗਈ ਤਾਂ ਆਪ ਨੇ ਸਿੱਖ-ਲਹਿਰ ਦੇ ਵਿਕਾਸ ਲਈ ਅਨੇਕਾਂ ਜ਼ਿਕਰਯੋਗ ਕੰਮ ਕੀਤੇ, ਜਿਨ੍ਹਾਂ ਵਿਚ ਬਾਈ ਮੰਜੀਆਂ ਦੀ ਸਥਾਪਨਾ, ਬਉਲੀ (ਗੋਇੰਦਵਾਲ) ਸਾਹਿਬ ਦਾ ਨਿਰਮਾਣ, ਸਤੀ ਆਦਿਕ ਪ੍ਰਥਾ ਬੰਦ ਕਰਵਾਉਣਾ, ਸੰਗਤ, ਪੰਗਤ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹਨ। ਗੁਰੂ ਜੀ ਦਾ ਵਿਆਪਕ ਵਿਅਕਤਿੱਤਵ ਅਤਿ ਗੰਭੀਰ, ਦਾਰਸ਼ਨਿਕ ਹੋਣ ਦੇ ਨਾਲ-ਨਾਲ ਪਿਆਰ-ਭਿੰਨਾ, ਨਿਮਰ, ਮਿੱਠਾ ਤੇ ਦਾਨਾ ਸੀ।


ਗੁਰੂ ਅਮਰਦਾਸ ਜੀ ਬਾਰੇ, ਗੁਰੂ-ਘਰ ਦੇ ਰਾਗੀ ‘ਰਾਇ ਬਲਵੰਡਿ ਤਥਾ ਸਤੈ ਡੂਮਿ’ ਨੇ ‘ਪਰਬਤੁ ਮੇਰਾਣੁ’ ਆਖ ਕੇ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਵੱਲ ਸੰਕੇਤ ਕਰ ਦਿੱਤਾ ਹੈ, ਭਾਵ ਗੁਰੂ ਅਮਰਦਾਸ ਜੀ ਵਿਸ਼ੇ-ਵਿਕਾਰਾਂ ਤੇ ਸੰਸਾਰੀ ਮੋਹ-ਮਾਇਆ ਦੇ  ‘ਝਖੜਿ’ ਵਿਚ ਡੋਲਣ ਵਾਲੇ ਨਹੀਂ, ਉਹ ਮੇਰਾਣ ਪਰਬਤ ਵਾਂਗ ਅਡੋਲ ਹਨ।1


ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਮਰਦਾਸ ਜੀ ਦਾ ਜ਼ਿਕਰ ਲਗਪਗ 26 ਵਾਰ ਵੱਖੋ-ਵੱਖ ਪ੍ਰਸੰਗਾਂ/ਅਰਥਾਂ ਤੇ ਵਿਆਕਰਣਿਕ (ਅਮਰਦਾਸ/ਸਿ/ਸੁ ਆਦਿ) ਰੂਪਾਂ ਵਿਚ ਹੋਇਆ ਹੈ। ਅਰਥ ਦੀ ਦ੍ਰਿਸ਼ਟੀ ਤੋਂ ਬਾਣੀ ਵਿਚ ਗੁਰੂ ਜੀ ਦਾ ਜ਼ਿਕਰ ਜ਼ਿਆਦਾਤਰ ‘ਗੁਰੂ ਸ਼ਖ਼ਸੀਅਤ’ ਅਤੇ ‘ਗੁਰੂ ਜੋਤਿ’ ਦੇ ਰੂਪ ਵਿਚ ਹੋਇਆ ਹੈ। ਲਗਪਗ 4 ਥਾਵਾਂ ਉੱਤੇ ਆਪ ਜੀ ਦੀ ਸ਼ਖ਼ਸੀਅਤ ਬਾਰੇ ਵਿਸ਼ੇਸ਼ ਜਾਣਕਾਰੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਇਤਿਹਾਸਕ ਸੰਕੇਤ ਵੀ ਮਿਲਦੇ ਹਨ।


ਭਾਈ ਗੁਰਦਾਸ ਜੀ ਦੀ ਰਚਨਾ (ਵਾਰਾਂ) ਵਿੱਚੋਂ, ਜਿੱਥੇ ਗੁਰਬਾਣੀ ਵਾਂਗ ਗੁਰੂ ਸਾਹਿਬ ਦੀ ਉਚ-ਆਤਮਿਕ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ, ਉਥੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਗੁਰੂ ਜੀ ਦਾ ਗੋਇੰਦਵਾਲ ਵਸਾਉਣ, ਗੁਰਗੱਦੀ ਪ੍ਰਾਪਤੀ ਲਈ (ਗੁਰੂ ਅੰਗਦ ਸਾਹਿਬ ਦੇ ਪੁੱਤਰ) ਦਾਸੂ ਜੀ ਆਦਿ ਦੇ ਵਿਰੋਧ ਬਾਰੇ ਸੰਕੇਤ ਮਿਲਦੇ ਹਨ ਤੇ ਗੁਰੂ ਅਮਰਦਾਸ ਜੀ ਦੇ ਸਿੱਖਾਂ ਬਾਰੇ (ਨਾਵਾਂ/ਥਾਵਾਂ ਆਦਿ ਦਾ) ਵੀ ਪਤਾ ਲੱਗਦਾ ਹੈ।


ਗੁਰੂ ਅਮਰਦਾਸ ਜੀ ਦੇ ਨਿਕਟ-ਤਤਕਾਲੀ ਜਾਂ 18ਵੀਂ-19ਵੀਂ ਸਦੀ ਦੇ ਸ੍ਰੋਤਾਂ (ਖ਼ਾਸ ਕਰ ਗੁਰਮੁਖੀ ਸ੍ਰੋਤਾਂ) ਵਿਚ ਗੁਰੂ ਸਾਹਿਬ ਦੇ ਜਨਮ, ਵੰਸ਼, ਜੋਤੀ-ਜੋਤਿ, ਕਾਰਜਾਂ ਆਦਿ ਬਾਬਤ ਥੋੜ੍ਹੀ-ਬਹੁਤੀ ਭਿੰਨ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਆਧੁਨਿਕ ਵਿਦਵਾਨਾਂ ਵਿਚ ਵੀ ਰਾਇ ਦੀ ਭਿੰਨਤਾ ਹੈ। ਇਥੇ ਇਕੱਲੇ-ਇਕੱਲੇ ‘ਸ੍ਰੋਤ’ ਜਾਂ ‘ਰਾਇ ਭਿੰਨਤਾ’ ਨੂੰ ਵਿਚਾਰਨਾ ਤਾਂ ਸਾਡੀ ਸੀਮਾ (ਸੰਭਵ) ਨਹੀਂ, ਪਰੰਤੂ ਗੁਰਬਾਣੀ/ਭਾਈ ਗੁਰਦਾਸ/ਮੁੱਢਲੇ ਸ੍ਰੋਤਾਂ/ਆਧੁਨਿਕ ਵਿਦਵਾਨਾਂ ਆਦਿ ਤੋਂ ਕੁੱਲ ਮਿਲਾ ਕੇ, ਗੁਰੂ ਸਾਹਿਬ ਦੀ ਸ਼ਖ਼ਸੀਅਤ ਜਾਂ ਜੀਵਨ-ਅਵਧੀ ਬਾਰੇ ਜੋ ਜਾਣਕਾਰੀ ਸਪੱਸ਼ਟ ਹੁੰਦੀ ਹੈ।



ਬਾਣੀ ਬਿਉਰਾ: 


ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ 18 ਰਾਗਾਂ (ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਸੂਹੀ, ਬਿਲਾਵਲੁ, ਰਾਮਕਲੀ, ਮਾਰੂ, ਭੈਰਉ, ਬਸੰਤੁ, ਸਾਰੰਗ, ਮਲਾਰ ਤੇ ਪ੍ਰਭਾਤੀ) ਵਿਚ ਅਤੇ ਕੁਝ ਰਾਗ-ਰਹਿਤ ਹੈ, ਜਿਹੜੀ ਕਿ ਪ੍ਰਮਾਣਿਕ ਰੂਪ ਵਿਚ ਸਾਡੇ ਪਾਸ ‘ਗੁਰੂ ਗ੍ਰੰਥ ਸਾਹਿਬ’ ਵਿਚ ਸੁਰੱਖਿਅਤ ਹੈ। ਆਪ ਜੀ ਦੀ ਬਾਣੀ ਦੇ ਬਿਉਰਿਆਂ ਵਿਚ ਵਿਦਵਾਨਾਂ ਨੇ ਭਿੰਨ-ਭਿੰਨ ਗਿਣਤੀ ਦਿੱਤੀ ਹੈ,8 ਜਿਸ ਦਾ ਕਾਰਨ ਵਿਦਵਾਨਾਂ ਦੁਆਰਾ ਰਚਨਾ-ਗਿਣਤੀ ਕਰਨ ਲਈ ਅਪਣਾਈਆਂ ਗਈਆਂ ਵੱਖ-ਵੱਖ ਵਿਧੀਆਂ ਹਨ। 


ਡਾ. ਰਤਨ ਸਿੰਘ ਜੱਗੀ ਦੁਆਰਾ ਅਪਣਾਈ ਗਈ ਵਿਧੀ (ਰਾਗ-ਕ੍ਰਮ) ਨਾਲ ਗੁਰੂ ਸਾਹਿਬ ਦੀ ਰਚਨਾ ਦਾ ਸਹੀ ਸਰਵੇਖਣ ਸਾਹਮਣੇ ਆਇਆ ਹੈ, ਫਲਸਰੂਪ ਡਾ. ਰਤਨ ਸਿੰਘ ਜੱਗੀ ਦੁਆਰਾ ਕੀਤੀ ਗਿਣਤੀ ਅਨੁਸਾਰ ਗੁਰੂ ਸਾਹਿਬ ਦੇ ਸ਼ਬਦ/ਸਲੋਕਾਂ ਦੀ ਕੁੱਲ ਗਿਣਤੀ 885 ਹੈ, ਜਿਨ੍ਹਾਂ ਵਿਚ 172 ਚਉਪਦੇ, 91 ਅਸ਼ਟਪਦੀਆਂ, 24 ਸੋਲਹੇ, 78 ਪਦੇ, 4 ਅਲਾਹਣੀਆਂ, 20 ਛੰਤ, 411 ਸਲੋਕ ਅਤੇ 85 ਪਉੜੀਆਂ ਹਨ। ਸੁਤੰਤਰ ਨਾਵਾਂ ਵਾਲੀਆਂ ਬਾਣੀਆਂ ਦੀ ਗਿਣਤੀ 8 ਹੈ, ਜਿਨ੍ਹਾਂ ਵਿਚ ਪਟੀ, ਵਾਰ ਗੂਜਰੀ, ਸੂਹੀ, ਰਾਮਕਲੀ, ਮਾਰੂ, ਅਲਾਹਣੀਆਂ, ਅਨੰਦੁ, ਸਤ ਵਾਰ (ਵਾਰ ਸਤ) ਆਦਿ ਸ਼ਾਮਲ ਹਨ।