Guru Tegh Bahadurs Martyrdom Day: ਅੱਜ ਦੇਸ਼ ਭਰ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਪਾਏ ਜੇ ਰਹੇ ਹਨ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਉਨ੍ਹਾਂ ਦੀ ਸ਼ਹਾਦਤ ਬਾਰੇ ਭਾਵੇਂ ਵੱਖ-ਵੱਖ ਤਰੀਕਾਂ ਦਰਜ ਹਨ। ਇਸ ਮੌਕੇ ਆਓ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਜੀਵਨ ਉੱਪਰ ਇੱਕ ਝਾਤ ਪਾਈਏ।


ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਜਨਮ ਅੰਮ੍ਰਿਤਸਰ ਵਿਖੇ 1 ਅਪ੍ਰੈਲ 1621 ਈਸਵੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਸਨ। ਉਨ੍ਹਾਂ ਦੇ ਭਰਾ ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਏ ਤੇ ਬਾਬਾ ਅੱਟਲ ਰਾਏ ਸਨ। ਉਨ੍ਹਾਂ ਦੀ ਇੱਕ ਭੈਣ ਬੀਬੀ ਵੀਰੋ ਸਨ। 


 


ਉਨ੍ਹਾਂ ਦਾ ਵਿਆਹ 14 ਸਤੰਬਰ 1632 ਈਸਵੀ ਨੂੰ ਲਖਨੋਰੀ ਪਿੰਡ (ਕਰਤਾਰਪੁਰ, ਜਲੰਧਰ) ਵਾਸੀ, ਲਾਲ ਚੰਦ ਤੇ ਬਿਸ਼ਨ ਕੌਰ ਦੀ ਸਪੁੱਤਰੀ ਮਾਤਾ ਗੁਜਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਬੇਟੇ ਗੋਬਿੰਦ ਰਾਇ (ਬਾਅਦ ਵਿੱਚ ਗੁਰੂ ਗੋਬਿੰਦ ਸਿੰਘ) ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿੱਚ ਹੋਇਆ। ਉਨ੍ਹਾਂ ਨੂੰ ਗੁਰਗਦੀ 30 ਮਾਰਚ 1664 ਈਸਵੀ ਨੂੰ ਮਿਲੀ। ਉਨ੍ਹਾਂ ਨੂੰ ਨਵੰਬਰ, 1675 ਈਸਵੀ ਵਿੱਚ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਬਾਣੀ 15 ਰਾਗਾਂ ਵਿੱਚ ਕੁੱਲ 59 ਸ਼ਬਦ ਤੇ 57 ਸਲੋਕ ਹਨ।


ਮੁੱਢਲਾ ਜੀਵਨ


ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਤੇ ਹੋਇਆ । ਉਹ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ । ਉਨ੍ਹਾਂ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ । 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਬਹਾਦਰੀ ਨੂੰ ਦੇਖਦਿਆਂ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਗੁਰੂ ਸਾਹਿਬ ਨੇ 9 ਸਾਲ ਦੇ ਕਰੀਬ ਅੰਮ੍ਰਿਤਸਰ ਗੁਜ਼ਾਰੇ ਅਤੇ ਫਿਰ ਉਹ ਕਰਤਾਰਪੁਰ (ਜਿਲ੍ਹਾ ਜਲੰਧਰ) ਚਲੇ ਗਏ।



ਗੁਰਗੱਦੀ ਉੱਪਰ ਬਿਰਾਜਮਾਨ ਹੋਣਾ


ਗੁਰੂ ਹਰ ਕਿਸ਼ਨ ਸਾਹਿਬ ਨੇ ਅਕਾਲ ਚਲਾਣੇ ਦੇ ਸਮੇਂ ਆਖਰੀ ਸ਼ਬਦ "ਬਾਬਾ ਬਕਾਲਾ" ਕਹੇ ਸਨ ਜਿਸ ਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਦਾ ਨੌਵਾਂ ਗੁਰੂ ਮੰਨ ਲਿਆ ਗਿਆ। ਧੀਰ ਮੱਲ ਅਤੇ ਪ੍ਰਿਥੀ ਚੰਦ ਦੀ ਔਲਾਦ ਨੇ ਉਨ੍ਹਾਂ ਦਾ ਵਿਰੋਧ ਕੀਤਾ।



ਗੁਰੂ ਜੀ ਦੇ ਵਿਸ਼ੇਸ਼ ਕੰਮ


ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜਿਥੇ ਗੁਰੂ ਸਾਹਿਬ ਨੇ ਨਿਵਾਸ ਕੀਤਾ ਸੀ ਉਥੇ ਅੱਜ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਸ਼ਸ਼ੋਬਤ ਹੈ। ਫਿਰ ਗੁਰੂ ਸਾਹਿਬ ਨੇ ਅੰਮ੍ਰਿਤਸਰ ਦੁਆਲੇ ਧਰਮ ਪ੍ਰਚਾਰ ਲਈ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਹ ਘੁੱਕੇ ਵਾਲੀ ਗਏ। ਇਸ ਦਾ ਨਾਮ ਹੁਣ 'ਗੁਰੂ ਕਾ ਬਾਗ’ ਹੈ। ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਬਾਅਦ ਗੁਰੂ ਸਾਹਿਬ ਮਾਲਵਾ ਇਲਾਕੇ ਦੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ।


ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ, ਅਪ੍ਰੈਲ 1665 ਦੇ ਅਖ਼ੀਰ ਵਿੱਚ, ਧਮਤਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਤਾਨ ਵਿੱਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿੱਚ ਬੜਾ ਚੰਗਾ ਰਸੂਖ਼ ਸੀ। ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉੱਥੇ ਪੁੱਜੇ ਤਾਂ ਸੈਂਕੜੇ ਸਿੱਖ ਗੁਰੂ ਸਾਹਿਬ ਨੂੰ ਮਿਲਣ ਲਈ ਆਉਂਦੇ ਰਹੇ । ਗੁਰੂ ਸਾਹਿਬ ਇਥੇ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। 28 ਅਕਤੂਬਰ, 1665 ਤੱਕ ਗੁਰੂ ਸਾਹਿਬ ਇੱਥੇ ਹੀ ਰਹੇ ਅਤੇ ਫਿਰ ਕੀਰਤਪੁਰ ਸਾਹਿਬ ਚਲੇ ਗਏ ।



ਅੰਨਦਪੁਰ ਵਸਾਉਣਾ:



16 ਜੂਨ 1665 ਈ. ਵਿੱਚ, ਗੁਰੂ ਤੇਗ ਬਹਾਦੁਰ ਸਾਹਿਬ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁਪਏ ਨਾਲ ਪਿੰਡ ਮਾਖੋਵਾਲ (ਰੋਪੜ) ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਗਿਆ। ਹੁਣ ਇਸ ਦਾ ਨਾਮ ਆਨੰਦਪੁਰ ਸਾਹਿਬ ਹੈ।