1606 ਈ ਨੂੰ ਜੇਠ ਮਹੀਨੇ ਦੀ ਕੜਕਦੀ ਗਰਮੀ ‘ਚ ਉੱਬਲਦੀ ਦੇਗ ‘ਚ ਬੈਠ, ਤੱਤੀ ਤੱਵੀ 'ਤੇ ਆਸਣ ਲਾ ਕੇ ਭਖਦੀ ਰੇਤ ਕੋਮਲ ਸਰੀਰ 'ਤੇ ਪਵਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਅਜਿਹੇ ਕਾਂਡ ਦੀ ਰਚਨਾ ਕੀਤੀ ਜਿਸ ਕਰਕੇ ਆਪ ਸ਼ਹੀਦਾਂ ਦੇ ਸਰਤਾਜ ਕਹਾਏ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੀ ਪਾਵਨ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਸੁਰਤ ਸੰਭਾਲਣ ਤੋਂ ਹੀ ਆਪ ਨੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਿਤਾ ਨਹੀਂ ਬਲਕਿ ਗੁਰੂ ਰੂਪ ਜਾਣ ਕੇ ਉਨ੍ਹਾਂ ਦੀ ਆਗਿਆ ਦਾ ਪਾਲਣ ਕੀਤਾ।



ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਲ ਅਵਸਥਾ ਵਿੱਚ ਹੀ ਆਪ ਨੂੰ ਦੋਹਿਤਾ ਬਾਣੀ ਕਾ ਬੋਹਿਥਾ ਹੋਣ ਦਾ ਵਰ ਦਿੱਤਾ ਸੀ। ਬਾਲ ਅਵਸਥਾ ਆਪ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਹੀ ਗੁਜ਼ਾਰੀ। ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਸ੍ਰੀ ਗੁਰੂ ਰਾਮਦਾਸ ਜੀ ਨੇ 1581 ਨੂੰ ਗੁਰਤਾਗੱਦੀ ਦੀ ਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ।

ਪ੍ਰਿਥੀ ਚੰਦ ਨੇ ਇਸ ਦਾ ਬਹੁਤ ਵਿਰੋਧ ਕੀਤਾ ਤੇ ਗੁਰੂ ਰਾਮਦਾਸ ਜੀ ਨਾਲ ਇਸ ਬਾਬਤ ਝਗੜਾ ਵੀ ਕੀਤਾ। ਇਸ ਲਈ ਗੁਰੂ ਪਾਤਸ਼ਾਹ ਨੇ ਉਸ ਦਾ ਨਾਂ ਮੀਣਾ ਰੱਖਿਆ ਤੇ ਆਗਿਆ ਕੀਤੀ ਕਿ ਉਹ ਸਾਡੇ ਮੱਥੇ ਨਾ ਲੱਗੇ। ਇੱਧਰ ਗੁਰੂ ਸਾਹਿਬ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਦੇ ਸਮੇਂ ਤੋਂ ਹੀ ਸਾਰੇ ਆਰੰਭੇ ਉਸਾਰੂ ਕੰਮਾਂ ਨੂੰ ਸੰਪੂਰਨ ਕਰਨਾ ਆਰੰਭ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਦਰਜ ਹੈ। ਆਪ ਨੇ ਕੁੱਲ 2218 ਸ਼ਬਦ 30 ਰਾਗਾਂ ਵਿੱਚ ਉਚਾਰੇ।

ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਜਦੋਂ ਜਹਾਂਗੀਰ ਬਾਦਸ਼ਾਹ ਬਣਿਆ ਤਾਂ ਤਖਤਨਸ਼ੀਨ ਹੁੰਦਿਆਂ ਹੀ ਉਸ ਦੇ ਕੰਨਾਂ ਵਿੱਚ ਪਾਇਆ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ ਹੈ ਤੇ ਉਸ ਨੂੰ ਕੇਸਰ ਦਾ ਟਿੱਕਾ ਲਾਇਆ ਹੈ। ਜਹਾਂਗੀਰ ਆਪਣੇ ਬਾਗੀ ਪੁੱਤਰ ਦਾ ਪਿੱਛਾ ਕਰਦਾ ਆਗਰੇ ਤੋਂ ਲਾਹੌਰ ਪੁੱਜਾ ਤਾਂ ਰਸਤੇ ਵਿੱਚ ਉਸ ਨੇ ਉਨ੍ਹਾਂ ਸਭ ਨੂੰ ਸਜ਼ਾ ਦਿੱਤੀ ਜਿਨ੍ਹਾਂ ਬਾਰੇ ਖੁਸਰੋ ਦੀ ਮਦਦ ਕਰਨ ਦੀ ਖ਼ਬਰ ਮਿਲੀ।

ਉਸ ਸਮੇਂ ਵੀ ਗੁਰੂ ਘਰ ਦੇ ਦੋਖੀਆਂ ਦੀ ਕੋਈ ਕਮੀ ਨਹੀਂ ਸੀ ਤੇ ਗੁਰੂ ਘਰ ਦੇ ਦੋਖੀਆਂ ਨੇ ਮਿਲੀ-ਭੁਗਤ ਦੇ ਨਾਲ ਗੁਰੂ ਸਾਹਿਬ ਨੂੰ ਫਸਾਉਣ ਦਾ ਯਤਨ ਕੀਤਾ ਜਿਸ ਵਿੱਚ ਉਹ ਸਫਲ ਰਹੇ। ਗੁਰੂ ਸਾਹਿਬ ਨੂੰ ਚੰਦੂ ਸ਼ਾਹ ਦੇ ਸਪੁਰਦ ਕੀਤਾ ਗਿਆ ਤੇ ਅਨੇਕਾਂ ਤਸੀਹੇ ਦਿੱਤੇ ਗਏ, ਤੱਤੀ ਤਵੀ ਤੇ ਬਿਠਾ ਕੇ ਹੇਠਾਂ ਅੱਗ ਬਾਲੀ ਗਈ ਤੇ ਉੱਪਰੋਂ ਤੱਤੀ ਭੱਖਦੀ ਰੇਤ ਗੁਰੂ ਸਾਹਿਬ ਜੀ ਦੇ ਸਰੀਰ ਤੇ ਪਾਈ ਤੇ ਫਿਰ ਦੇਗ ਵਿਚ ਉਬਾਲਿਆ ਗਿਆ।

ਇਸ ਨਾਲ ਗੁਰੂ ਸਾਹਿਬ ਦੇ ਸਰੀਰ ਤੇ ਵੱਡੇ ਵੱਡੇ ਛਾਲੇ ਪੈ ਗਏ ਤੇ ਗੁਰੂ ਸਾਹਿਬ ਨੂੰ ਹੋਰ ਦੁੱਖ ਦੇਣ ਲਈ ਗਰਮ ਲਾਲ ਪਏ ਛਾਲਿਆਂ ਦੇ ਨਾਲ ਭਰੇ ਸਰੀਰ ਨੂੰ ਰਾਵੀ ਦੇ ਠੰਢੇ ਪਾਣੀ ‘ਚ ਪਾ ਦਿੱਤਾ ਜਿਸ ਨਾਲ ਉਹ ਛਾਲੇ ਫੱਟ ਗਏ ਤੇ ਗੁਰੂ ਸਾਹਿਬ ਸਿੱਖ ਕੌਮ ਦੇ ਪਹਿਲੇ ਸ਼ਹੀਦ ਹੋ ਨਿਬੜੇ।

ਜਿਸ ਥਾਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹ ਅਸਥਾਨ ਪਾਕਿਸਤਾਨ ਦੇ ਲਾਹੌਰ ਦੇ ਕਿਲ੍ਹੇ ਪਾਸ ਸੁਭਾਇਮਾਨ ਹੈ। ਇੱਥੇ ਹੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਤੇ 30 ਮਈ 1606 ਨੂੰ ਗੁਰੂ ਸਾਹਿਬ ਸ਼ਹੀਦ ਕੀਤੇ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਆ ਕੇ ਇੱਥੇ 1621 ‘ਚ ਗੁਰਦੁਆਰਾ ਸਾਹਿਬ ਬਣਾਇਆ। ਬਾਅਦ ਵਿੱਚ ਮਾਹਾਰਾਜਾ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਜਿੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਤਾਮੀਰ ਕੀਤਾ ਹੋਇਆ ਹੈ।