ਪਰਮਜੀਤ ਸਿੰਘ ਦੀ ਰਿਪੋਰਟ
Guru Nanak Dev Ji: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਅਜੋਕੇ ਸਿਆਲਕੋਟ ਵਿੱਚ ਦਰਿਆ ਰਾਵੀ ਦੇ ਸੱਜੇ ਕੰਢੇ ਉੱਪਰ ਵੱਸੇ ਪਿੰਡ ਕਰਤਾਰਪੁਰ ਨੂੰ ਲਹਿੰਦੇ ਵਾਲੇ ਪਾਸੇ ਕਰਤਾਰਪੁਰ ਰਾਵੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਦੋ ਆਖੀਰਲੇ ਦਹਾਕੇ ਆਪਣੀ ਧਰਮ ਪਤਨੀ ਤੇ ਬੱਚਿਆਂ ਨਾਲ ਕਰਤਾਰਪੁਰ ਵਿਖੇ ਹੀ ਗੁਜ਼ਾਰੇ ਤੇ ਇਹੀ ਅਸਥਾਨ ਸਿੱਖ ਧਰਮ ਦੀ ਪ੍ਰਮੁੱਖ ਮੰਜੀ ਹੋ ਨਿਬੜਿਆ।
ਭਾਈ ਗੁਰਦਾਸ ਜੀ ਅਨੁਸਾਰ :
ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖ ਉਦਾਸੀ ਸਗਲ ਉਤਾਰਾ
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ
ਇਹੀ ਉਹ ਪਾਵਨ ਅਸਥਾਨ ਸੀ ਜਿੱਥੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਪਾਸੋਂ ਸਿੱਖਿਆ ਗ੍ਰਹਿਣ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਆਪਣਾ ਰੁਹਾਨੀ ਪੈਰੋਕਾਰ ਨਿਯੁਕਤ ਕੀਤਾ ਤੇ ਇੱਥੇ ਹੀ 7 ਸਤੰਬਰ 1539 ਨੂੰ ਗੁਰੂ ਨਾਨਕ ਪਾਤਸ਼ਾਹ ਇਲਾਹੀ ਜੋਤਿ ਵਿੱਚ ਲੀਣ ਹੋ ਗਏ। ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਪੰਜ ਅਸਥਾਨ ਮੌਜੂਦ ਹਨ ਜਿਨ੍ਹਾਂ ਵਿੱਚ ਚੋਲ੍ਹਾ ਸਾਹਿਬ, ਬਾਬਾ ਸ਼੍ਰੀ ਚੰਦ ਜੀ ਦੇ ਵਿਰਾਜਣ ਦੀ ਥਾਂ, ਟਾਲੀਆਂ, ਡੇਰਾ ਸਾਹਿਬ ਜਿੱਥੇ ਸਮਾਧ ਮੌਜੂਦ ਹੈ, ਧਰਮਸ਼ਾਲਾ ਜਿੱਥੇ ਗੁਰੂ ਨਾਨਕ ਸਾਹਿਬ ਪਹਿਲਾਂ ਬਿਰਾਜੇ ਤੇ ਬਾਅਦ ਵਿੱਚ ਧਰਮ ਪ੍ਰਚਾਰ ਕੀਤਾ।
1947 ਦੀ ਵੰਡ ਤੋਂ ਬਾਅਦ ਇਸ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਸੁਭਾਵਿਕ ਨਹੀਂ ਸਨ ਪਰ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੁੱਚੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਚਿਰੋਕਣੀ ਮੰਗ ਵੀ ਪੂਰੀ ਹੋਈ ਤੇ ਲਾਂਘਾ ਖੁੱਲ੍ਹਿਆ। ਕਰਤਾਰਪੁਰ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ 18 ਸਾਲ ਦਾ ਲੰਬਾ ਸਮਾਂ ਬਤੀਤ ਕਰਦਿਆਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਫਲਸਫਾ ਦਿੱਤਾ ਖੁਦ ਹੱਥੀਂ ਖੇਤੀ ਕੀਤੀ, ਗ੍ਰਹਿਸਥ ਨਿਭਾਈ, ਜਾਤਿ-ਪਾਤਿ ਦੇ ਫਾਸਲੇ ਨੂੰ ਮਿਟਾ ਕੇ ਕਰਤਾਰ ਦੀ ਸਰਵ ਵਿਆਪੀ ਹੋਂਦ ਨੂੰ ਸਵਿਕਾਰ ਕੀਤਾ।
ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਮਹਿਤਾ ਕਾਲੂ ਜੀ ਦੇ ਘਰ ਰਾਏਭੋਇੰ ਦੀ ਤਲਵੰਡੀ ਵਿੱਚ ਹੋਇਆ। ਬਚਪਨ ਦੇ 15 ਸਾਲ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਜ਼ਾਰਨ ਤੋਂ ਬਾਅਦ ਉਹ ਆਪਣੀ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਚਲੇ ਗਏ, ਜਿੱਥੇ ਲਗਪਗ ਉਹ 14-15 ਸਾਲ ਰਹੇ। ਇਸ ਤੋਂ ਬਾਅਦ 22 ਸਾਲਾਂ ਤੱਕ ਉਨ੍ਹਾਂ ਨੇ ਦੱਖਣੀ ਏਸ਼ੀਆ ਤੇ ਮੱਧ ਪੂਰਬ ਦੇ ਦੇਸ਼ਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਅਮਨ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ।
ਗੁਰੂ ਨਾਨਕ ਦੇਵ ਜੀ ਦਾ ਸਹੁਰਾ ਪਿੰਡ ਪੱਖੋਕੇ ਤੇ ਉਨ੍ਹਾਂ ਦੇ ਸਹੁਰਾ ਸਾਹਿਬ ਦਾ ਨਾਂ ਮੂਲ ਚੰਦ ਸੀ। ਉਹ ਵੀ ਕਿੱਤੇ ਵਜੋਂ ਪਟਵਾਰੀ ਹੀ ਸਨ। ਆਪਣੀ ਸੁਪਤਨੀ ਮਾਤਾ ਸੁਲੱਖਣੀ ਤੇ ਬੱਚਿਆਂ ਕਰਕੇ ਗੁਰੂ ਜੀ ਦਾ ਪੱਖੋਕੇ ਆਉਣਾ-ਜਾਣਾ ਸੀ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਵਸਨੀਕ ਅਜਿਤੇ ਰੰਧਾਵੇ ਨੇ ਰਾਵੀ ਦਰਿਆ ਨਾਲ ਲੱਗਦੀ ਕੁਝ ਜ਼ਮੀਨ ਉਨ੍ਹਾਂ ਨੂੰ ਦਾਨ ਵਿਚ ਦਿੱਤੀ ਸੀ। ਇਸ ਕਾਰਨ ਉਸ ਪਾਸੇ ਗੁਰੂ ਨਾਨਕ ਦੇਵ ਜੀ ਦਾ ਤੇ ਭਾਈ ਮਰਦਾਨਾ ਦਾ ਆਉਣਾ-ਜਾਣਾ ਵਧ ਗਿਆ। ਉਥੇ ਉਨ੍ਹਾਂ ਨੇ ਇਕ ਛੋਟੀ ਜਿਹੀ ਰਿਹਾਇਸ਼ ਬਣਾ ਕੇ 1522 ਵਿੱਚ ਉਨ੍ਹਾਂ ਨੇ ਇਸ ਥਾਂ 'ਤੇ ਆਪਣੇ ਮਾਤਾ-ਪਿਤਾ ਤੇ ਬੱਚਿਆੰ ਨੂੰ ਵੀ ਲੈ ਆਂਦਾ ਸੀ।
ਭਾਈ ਗੁਰਦਾਸ ਅਨੁਸਾਰ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਉਦਾਸੀਆਂ ਵਾਲਾ ਭਾਵ ਸਾਧੂ-ਸੰਤਾਂ ਵਾਲਾ ਪਹਿਰਾਵਾ ਉਤਾਰ ਦਿੱਤਾ ਤੇ ਆਮ ਸੰਸਾਰੀ ਲੋਕਾਂ ਵਾਲੇ ਕੱਪੜੇ ਪਹਿਨ ਲਏ ਤੇ ਇਸ ਸਥਾਨ 'ਤੇ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਦੀ ਪਰਖ-ਪੜਚੋਲ ਕਰਕੇ ਉਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਆਪਣਾ ਵਾਰਿਸ ਨਿਯੁਕਤ ਕੀਤਾ। ਉਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਦਾ ਨਾਂ ਦਿੱਤਾ ਜੋ ਸਿੱਖ ਪੰਥ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ।
ਇਤਿਹਾਸ ਅਨੁਸਾਰ ਕਰਤਾਰਪੁਰ ਦੇ ਇਸੇ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਕਰਨੀ ਆਰੰਭ ਦਿੱਤੀ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ-ਨੇੜਿਓਂ ਇੱਥੇ ਆਉਣ ਲੱਗ ਪਈਆਂ। ਸੁਬ੍ਹਾ-ਸਵੇਰੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬਾਣੀ ਦਾ ਕੀਰਤਨ ਕਰਦੇ ਸਨ ਤੇ ਉਸ ਤੋਂ ਬਾਅਦ ਖੇਤੀਬਾੜੀ ਦੇ ਕੰਮ ਵਿੱਚ ਰੁਝ ਜਾਂਦੇ ਸਨ। ਹੌਲੀ-ਹੌਲੀ ਇਸ ਨਗਰ ਦੀ ਆਬਾਦੀ ਵਧਣ ਲੱਗ ਪਈ ਤੇ ਕੁਝ ਸੰਗਤਾਂ ਪੱਕੇ ਤੌਰ 'ਤੇ ਗੁਰੂ ਸਾਹਿਬ ਨਾਲ ਇਸ ਸਥਾਨ 'ਤੇ ਰਹਿਣ ਲੱਗ ਪਈਆਂ। ਉਨ੍ਹਾਂ ਦੇ ਰਹਿਣ ਲਈ ਉਸ ਸਮੇਂ ਦੀਆਂ ਸਥਿਤੀਆਂ ਮੁਤਾਬਕ ਕਮਰੇ ਬਣਵਾਏ ਗਏ ਤੇ ਕੀਰਤਨ ਲਈ ਵੀ ਵਿਸ਼ੇਸ਼ ਸਥਾਨ ਬਣਾਇਆ ਗਿਆ।
7 ਸਤੰਬਰ, 1539 ਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਆਪਣਾ ਵਾਰਿਸ ਨਿਯੁਕਤ ਕਰਕੇ ਸਿੱਖੀ ਦੇ ਪ੍ਰਚਾਰ, ਪ੍ਰਸਾਰ ਦੀ ਸਾਰੀ ਜਿੰਮੇਵਾਰੀ ਉਨ੍ਹਾਂ ਨੂੰ ਸੰਭਾਲ ਦਿੱਤੀ ਤੇ 22 ਸਤੰਬਰ, 1539 ਨੂੰ ਇਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਅਕਾਲ ਚਲਾਣਾ ਕਰ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਹਿੰਦੂ ਤੇ ਮੁਸਲਮਾਨ ਸ਼ਰਧਾਲੂਆਂ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਸਬੰਧੀ ਵਿਵਾਦ ਪੈਦਾ ਹੋ ਗਿਆ।
ਹਿੰਦੂ ਉਨ੍ਹਾਂ ਦੀ ਦੇਹ ਦਾ ਆਪਣੇ ਰੀਤੀ-ਰਿਵਾਜਾਂ ਅਨੁਸਾਰ ਸਸਕਾਰ ਕਰਨਾ ਚਾਹੁੰਦੇ ਸਨ ਜਦੋਂਕਿ ਮੁਸਲਮਾਨ ਸ਼ਰਧਾਲੂ ਉਨ੍ਹਾਂ ਨੂੰ ਇਸਲਾਮਕਿ ਢੰਗ-ਤਰੀਕੇ ਅਨੁਸਾਰ ਦਫ਼ਨਾਉਣਾ ਚਾਹੁੰਦੇ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਦੇਹ ਉੱਪਰ ਜੋ ਚਾਦਰ ਪਾਈ ਗਈ ਸੀ, ਜਦੋਂ ਉਸ ਨੂੰ ਉਠਾਇਆ ਗਿਆ ਤਾਂ ਉਸ ਦੇ ਹੇਠਾਂ ਫੁੱਲ ਹੀ ਮਿਲੇ। ਉਨ੍ਹਾਂ ਦੇ ਹਿੰਦੂ ਤੇ ਮੁਸਲਮਾਨ ਸ਼ਰਧਾਲੂਆਂ ਨੇ ਅੱਧੇ-ਅੱਧੇ ਫੁੱਲ ਤੇ ਅੱਧੀ-ਅੱਧੀ ਚਾਦਰ ਵੰਡ ਲਈ ਤੇ ਉਨ੍ਹਾਂ ਨੇ ਕਰਤਾਰਪੁਰ ਦੇ ਇਸ ਸਥਾਨ 'ਤੇ ਆਪੋ-ਆਪਣੇ ਢੰਗ ਨਾਲ ਉਨ੍ਹਾਂ ਦੇ ਅੰਤਿਮ ਸੰਸਕਾਰ ਕੀਤੇ।
ਇਹ ਵੀ ਪੜ੍ਹੋ: Share Market: ਇਜ਼ਰਾਈਲ-ਫਲਸਤੀਨ ਜੰਗ ਦਾ ਅਸਰ, ਖੁੱਲ੍ਹਦੇ ਸਾਰ ਹੀ ਡਿੱਗਿਆ ਬਾਜ਼ਾਰ, ਸੈਂਸੈਕਸ 500 ਅੰਕ ਡਿੱਗਿਆ
ਮੁਸਲਮਾਨ ਸ਼ਰਧਾਲੂਆਂ ਨੇ ਉਨ੍ਹਾਂ ਦੇ ਫੁੱਲਾਂ ਤੇ ਚਾਦਰ ਨੂੰ ਦਫ਼ਨਾ ਕੇ ਦਰਗਾਹ ਦੀ ਉਸਾਰੀ ਕਰ ਲਈ ਤੇ ਹਿੰਦੂ ਸ਼ਰਧਾਲੂਆਂ ਨੇ ਇਸੇ ਤਰ੍ਹਾਂ ਉਨ੍ਹਾਂ ਦਾ ਸਸਕਾਰ ਕਰਕੇ ਉਸ ਸਥਾਨ 'ਤੇ ਸਮਾਧੀ ਦੀ ਉਸਾਰੀ ਕਰ ਲਈ। ਇਹ ਦੋਵੇਂ ਸਥਾਨ ਹੁਣ ਗੁਰਦੁਆਰਾ ਦਰਬਾਰ ਸਾਹਬ ਕਰਤਾਰਪੁਰ ਵਿੱਚ ਸਥਿਤ ਹਨ। ਵਿਸ਼ਵ ਦੇ ਇਤਿਹਾਸ ਵਿੱਚ ਕਰਤਾਰਪੁਰ ਸਾਹਿਬ ਪਹਿਲਾ ਇਤਿਹਾਸਕ ਨਗਰ ਹੈ, ਜਿਸ ਨੂੰ ਪ੍ਰਮਾਣਿਕ ਰੂਪ 'ਚ ਸੱਚ-ਖੰਡ ਕਿਹਾ ਗਿਆ ਹੈ। ਗੁਰੂ ਜੀ ਕਰਤਾਰਪੁਰ ਵਾਸ ਸਮੇਂ ਧਰਮ ਦੀ ਧਰਮਸਾਲ ਸਤਿਸੰਗਤਿ ਸਥਾਪਿਤ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਪੁਰਬ ਮੌਕੇ ABP ਸਾਂਝਾ ਵੀ ਸ਼ਰਧਾ ਦੇ ਫੁੱਲ ਅਰਪਨ ਕਰਦਾ ਹੈ।
ਇਹ ਵੀ ਪੜ੍ਹੋ: Discount On Products: ਕੀ ਆ 80-90 ਪ੍ਰਤੀਸ਼ਤ ਡਿਸਕਾਉਂਟ ਦੀ ਖੇਡ, ਕੀ ਕੰਪਨੀਆਂ ਸੱਚਮੁੱਚ ਦਿੰਦੀਆਂ ਛੋਟ ਜਾਂ ਛੁਪੀ ਹੋਈ ਕੋਈ ਵੱਡੀ ਚਾਲ?