ਰਾਮਕਲੀ ਮਹਲਾ ੫ ॥


ਇਸੁ ਪਾਨੀ ਤੇ ਜਿਨਿ ਤੂ ਘਰਿਆ ॥ ਮਾਟੀ ਕਾ ਲੇ ਦੇਹੁਰਾ ਕਰਿਆ ॥ ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥ ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥ ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥ ਜਿਨਿ ਦੀਏ ਤੁਧੁ ਬਾਪ ਮਹਤਾਰੀ ॥ ਜਿਨਿ ਦੀਏ ਭ੍ਰਾਤ ਪੁਤ ਹਾਰੀ ॥ ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥ ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥ ਜਿਨਿ ਦੀਆ ਤੁਧੁ ਪਵਨੁ ਅਮੋਲਾ ॥ ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥ ਜਿਨਿ ਦੀਆ ਤੁਧੁ ਪਾਵਕੁ ਬਲਨਾ ॥ ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥ ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥ ਅੰਤਰਿ ਥਾਨ ਠਹਰਾਵਨ ਕਉ ਕੀਏ ॥ ਬਸੁਧਾ ਦੀਓ ਬਰਤਨਿ ਬਲਨਾ ॥ ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥ {ਪੰਨਾ 913}

ਪਦ ਅਰਥ: ਪਾਨੀ ਤੇ = ਪਿਤਾ ਦੀ ਬੂੰਦ ਤੋਂ। ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਘਰਿਆ = ਘੜਿਆ, ਬਣਾਇਆ। ਲੇ = ਲੈ ਕੇ। ਦੇਹੁਰਾ = ਦੇਹ, ਸਰੀਰ। ਉਕਤਿ = ਯੁਕਤੀ, ਬੁੱਧੀ। ਲੈ = ਲੈ ਕੇ। ਸੁਰਤਿ ਪਰੀਖਿਆ = ਪਛਾਨਣ ਦੀ ਤਾਕਤ। ਗਰਭ = ਪੇਟ। ਤੂ = ਤੈਨੂੰ।1।

ਸਮ੍ਹਾਰਿ = ਸੰਭਾਲ, ਯਾਦ ਰੱਖ। ਜਨਾ = ਹੇ ਜਨ! ਸਗਲੇ = ਸਾਰੇ। ਮਨਾ = ਹੇ ਮਨ!।1। ਰਹਾਉ। ਪਵਨੁ = ਹਵਾ। ਅਮੋਲਾ = ਨਿਰਮੋਲਕ, ਕੀਮਤੀ। ਨੀਰੁ = ਪਾਣੀ। ਪਾਵਕੁ = ਅੱਗ। ਬਲਨਾ = ਬਾਲਣ। ਮਨ = ਹੇ ਮਨ!।3। ਛਤੀਹ ਅੰ​ਮ੍ਰਿਤ = ਛੱਤੀ ਕਿਸਮਾਂ ਦੇ ਸੋਹਣੇ ਖਾਣੇ {ਖਟ ਰਸ, ਮਿਠ ਰਸ, ਮੇਲਿ ਕੈ, ਛਤੀਹ ਭੋਜਨ ਹੋਨਿ ਰਸੋਈ = ਭਾ: ਗੁਰਦਾਸ}। ਅੰਤਰਿ = ਪੇਟ ਦੇ ਅੰਦਰ। ਕਉ = ਵਾਸਤੇ। ਬਸੁਧਾ = ਧਰਤੀ। ਬਲਨਾ = ਸਾਮਾਨ, ਵਲੇਵਾ, ਵਰਤਣ-ਵਲੇਵਾ। ਚਿਤਿ = ਚਿੱਤ ਵਿਚ।4।

ਜਿਨਿ = ਜਿਸ (ਪ੍ਰਭੂ) ਨੇ। ਮਹਤਾਰੀ = ਮਾਂ। ਭ੍ਰਾਤ = ਭਰਾ। ਹਾਰੀ = ਹਾਲੀ, ਕਾਮੇ, ਨੌਕਰ। ਤੁਧੁ = ਤੈਨੂੰ। ਬਨਿਤਾ = ਇਸਤ੍ਰੀ। ਅਰੁ = ਅਤੇ। ਚੀਤਾ = ਚਿੱਤ ਵਿਚ।2।

 

ਅਰਥ: ਹੇ ਭਾਈ! ਸਦਾ ਰੱ​ਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ। ਹੇ ਮੇਰੇ ਮਨ! (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ।1। ਰਹਾਉ। ਹੇ ਭਾਈ! ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ, ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ; ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ ਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱ​ਖਿਆ (ਉਸ ਨੂੰ ਸਦਾ ਯਾਦ ਰੱਖ) ।1।

ਹੇ ਭਾਈ! ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱ​ਤੇ, ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱ​ਤੇ, ਜਿਸ ਪ੍ਰਭੂ ਨੇ ਤੈਨੂੰ ਇਸਤ੍ਰੀ ਅਤੇ ਸੱਜਣ-ਮਿੱਤਰ ਦਿੱ​ਤੇ, ਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ।2। ਹੇ ਭਾਈ! ਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ, ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ, ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ, ਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ।3।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱ​ਤੇ, ਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ, ਤੈਨੂੰ ਧਰਤੀ ਦਿੱਤੀ, ਤੈਨੂੰ ਹੋਰ ਵਰਤਣ-ਵਲੇਵਾ ਦਿੱਤਾ, ਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ।4।
ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥ ਹਸਤ ਕਮਾਵਨ ਬਾਸਨ ਰਸਨਾ ॥ ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥ ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥ ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥ ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥ ਅਬ ਤੂ ਸੀਝੁ ਭਾਵੈ ਨਹੀ ਸੀਝੈ ॥ ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥ ਈਹਾ ਊਹਾ ਏਕੈ ਓਹੀ ॥ ਜਤ ਕਤ ਦੇਖੀਐ ਤਤ ਤਤ ਤੋਹੀ ॥ ਤਿਸੁ ਸੇਵਤ ਮਨਿ ਆਲਸੁ ਕਰੈ ॥ ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥ ਹਮ ਅਪਰਾਧੀ ਨਿਰਗੁਨੀਆਰੇ ॥ ਨਾ ਕਿਛੁ ਸੇਵਾ ਨਾ ਕਰਮਾਰੇ ॥ ਗੁਰੁ ਬੋਹਿਥੁ ਵਡਭਾਗੀ ਮਿਲਿਆ ॥ ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥ {ਪੰਨਾ 913}
ਪਦ ਅਰਥ: ਪੇਖਨ ਕਉ = ਵੇਖਣ ਵਾਸਤੇ। ਨੇਤ੍ਰ = ਅੱਖਾਂ। ਕਰਨਾ = ਕੰਨ। ਹਸਤ = ਹੱਥ। ਬਾਸਨ = ਨੱਕ। ਮੇਰਾ = ਮੇਰੂ, ਸ਼ਿਰੋਮਣੀ। ਮਨ = ਹੇ ਮਨ!।5।
ਅਪਵਿਤ੍ਰ = ਗੰਦੇ ਥਾਂ ਤੋਂ। ਤੂ = ਤੈਨੂੰ। ਸਗਲ = ਸਾਰੀਆਂ। ਸਿਰਿ = ਸਿਰ ਉਤੇ। ਸਿਰਿ ਧਰਿਆ = ਸ਼ਿਰੋਮਣੀ ਬਣਾਇਆ। ਸੀਝੁ = ਕਾਮਯਾਬ ਹੋ। ਭਾਵੈ = ਚਾਹੇ। ਕਾਰਜੁ = ਮਨੁੱਖਾ ਜਨਮ ਦਾ ਮਨੋਰਥ। ਸਵਰੈ = ਸੰਵਰਦਾ ਹੈ। ਮਨ = ਹੇ ਮਨ! ਧਿਆਈਜੈ = ਧਿਆਉਣਾ ਚਾਹੀਦਾ ਹੈ।6।
ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਓਹੀ = ਉਹ ਪਰਮਾਤਮਾ ਹੀ। ਜਤ ਕਤ = ਜਿੱ​ਥੇ ਕਿੱ​ਥੇ। ਤੋਹੀ = ਤੇਰੇ ਨਾਲ। ਮਨਿ = ਮਨ ਵਿਚ। ਕਰੈ = (ਜੀਵ) ਕਰਦਾ ਹੈ। ਜਿਸੁ ਵਿਸਰਿਐ = ਜਿਸ ਨੂੰ (ਵਿਸਾਰਿਆਂ) । ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਸਰੈ = ਨਹੀਂ ਨਿਭ ਆਉਂਦੀ।7।
ਹਮ = ਅਸੀਂ (ਸੰਸਾਰੀ ਜੀਵ) । ਕਰਮਾਰੇ = ਚੰਗੇ ਕਰਮ। ਬੋਹਿਥੁ = ਜਹਾਜ਼। ਵਡਭਾਗੀ = ਵੱਡੇ ਭਾਗਾਂ ਨਾਲ। ਸੰਗਿ = ਨਾਲ, ਉਸ ਬੋਹਿਥ ਦੇ ਨਾਲ। ਪਥਰ = ਪੱਥਰ-ਦਿਲ ਬੰਦੇ।8।
ਅਰਥ: ਹੇ ਮੇਰੇ ਮਨ! ਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ, ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ, ਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱ​ਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ, ਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱ​ਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ।
(ਹੇ ਭਾਈ! ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ, ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ। ਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ। ਪਰ ਹੇ ਮਨ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ।6।
ਹੇ ਭਾਈ! ਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ, ਜਿੱ​ਥੇ ਕਿੱ​ਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ। (ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ, ਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ।7।
(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ) ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ, ਅਸੀਂ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ। ਹੇ ਦਾਸ ਨਾਨਕ! (ਆਖ– ਜਿਨ੍ਹਾਂ ਮਨੁੱਖਾਂ ਨੂੰ ਵੱ​ਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ, ਉਸ ਜਹਾਜ਼ ਦੀ ਸੰਗਤਿ ਵਿਚ ਉਹ ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।8।2।