ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਰਿਟਾਇਰ ਹੋਣ ਦੇ ਬਾਵਜੂਦ ਆਖਰ ਅਹੁਦੇ ਉੱਤੇ ਕਿਉਂ ਬਣੇ ਹੋਏ ਹਨ? ਇਹ ਸਵਾਲ 29 ਨਵੰਬਰ, 2018 ਤੋਂ ਵਾਰ-ਵਾਰ ਉੱਠ ਰਿਹਾ ਹੈ ਜਦੋਂ ਡਾ. ਸਿੱਧੂ ਨੂੰ ਮਿਆਦ ਮੁਤਾਬਕ ਕਾਗਜਾਂ ਵਿੱਚ ਬੀਤੇ ਸ਼ੁੱਕਰਵਾਰ ਯਾਨੀ 29 ਨਵੰਬਰ ਨੂੰ ਰਿਟਾਇਰ ਕਰ ਦਿੱਤਾ ਗਿਆ। ਰਿਟਾਇਰਮੈਂਟ ਚਿੱਠੀ ਤਾਂ ਹੱਥ ਵਿੱਚ ਦੇ ਦਿੱਤੀ ਗਈ ਪਰ ਨਾਲ ਹੀ ਐਜਜੀਪੀਸੀ ਪ੍ਰਧਾਨ ਦੇ ਅਗਲੇ ਆਦੇਸ਼ਾਂ ਤੱਕ ਅਹੁਦੇ ਉੱਤੇ ਬਣੇ ਰਹਿਣ ਲਈ ਵੀ ਕਹਿ ਦਿੱਤਾ ਗਿਆ।

ਦਰਅਸਲ 29 ਨਵਬੰਰ ਨੂੰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਰਤਾਰਪੁਰ ਕਾਰੀਡੋਰ ਸਮਾਗਮਾਂ ਵਿੱਚ ਸ਼ਾਮਲ ਹੋਣ ਕਾਰਨ ਪਾਕਿਸਤਾਨ ਯਾਤਰਾ 'ਤੇ ਸਨ। ਐਸਜੀਪੀਸੀ ਦੇ ਸਿੱਖਿਆ ਸਕੱਤਰ ਅਵਤਾਰ ਸਿੰਘ ਨੇ ਇਹੀ ਜਾਣਕਾਰੀ ਦਿੱਤੀ ਸੀ ਕਿ SGPC ਪ੍ਰਧਾਨ ਦੇ ਵਿਦੇਸ਼ ਹੋਣ ਕਾਰਨ ਡਾਇਰੈਕਟਰ ਦੀ ਨਿਯੁਕਤੀ ਸਬੰਧੀ ਕੋਈ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਦਾ। ਹਾਲਾਂਕਿ 30 ਨਵੰਬਰ ਨੂੰ ਚੰਡੀਗੜ੍ਹ ਵਿੱਚ ਐਸਜੀਪੀਸੀ ਦੀ ਕਾਰਜਕਾਰਨੀ ਦੀ ਬੈਠਕ ਵੀ ਬੁਲਾਈ ਗਈ ਜਿਸ ਵਿੱਚ ਐਜ਼ੂਕੇਸ਼ਨ ਡਾਇਰੈਕਟਰ ਦਾ ਕਾਰਜਕਾਲ ਵਧਾਉਣ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ।

ਫੈਸਲਾ ਕਰਨ ਲਈ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ, ਕਮੇਟੀ ਨੇ ਰਿਪੋਰਟ ਵਿੱਚ ਸਪੱਸ਼ਟ ਕੀਤਾ ਕਿ ਡਾ. ਸਿੱਧੂ ਦੀ ਉਮਰ 60 ਸਾਲ ਹੋਣ ਕਾਰਨ ਤਕਨੀਕੀ ਤੌਰ 'ਤੇ ਉਨ੍ਹਾਂ ਦਾ ਕਾਰਜਕਾਲ ਨਹੀਂ ਵਧਾਇਆ ਜਾ ਸਕਦਾ। ਮਿਆਦ ਮੁਤਾਬਕ ਡਾ. ਸਿੱਧੂ ਦਾ ਕਾਰਜਕਾਲ 12 ਨਵੰਬਰ ਨੂੰ ਖਤਮ ਹੋ ਗਿਆ ਸੀ। ਇਸ ਤੋਂ ਬਾਅਦ 29 ਨਵੰਬਰ ਨੂੰ ਰਸਮੀ ਤੌਰ 'ਤੇ ਸੇਵਮੁਕਤ ਪੱਤਰ ਵੀ ਸੌਂਪ ਦਿੱਤਾ ਗਿਆ ਸੀ। ਇਸ ਮੁਤਾਬਕ ਡਾ. ਸਿੱਧੂ ਇਸ ਵਕਤ ਐਜੂਕੇਸ਼ਨ ਵਿਭਾਗ ਦੇ ਸਾਬਕਾ ਡਾਇਰੈਕਟਰ ਹਨ। ਪ੍ਰਧਾਨ ਲੌਂਗੋਵਾਲ ਵੀ 1 ਦਸੰਬਰ ਨੂੰ ਵਤਨ ਪਰਤ ਆਏ ਸੀ ਪਰ ਅੱਜ 7 ਦਿਨ ਬੀਤ ਜਾਣ ਦੇ ਬਾਵਜੂਦ ਐਜੂਕੇਸ਼ਨ ਡਾਇਰੈਕਟਰ ਦੀ ਨਿਯੁਕਤੀ ਸਬੰਧੀ ਕਮੇਟੀ ਚੁੱਪ ਹੈ। ਇੱਥੋਂ ਤੱਕ ਕਿ 3 ਦਸੰਬਰ ਨੂੰ ਚੰਡੀਗੜ੍ਹ ਦੇ ਕਲਗੀਧਰ ਨਿਵਾਸ ਵਿਖੇ ਐਜੂਕੇਸ਼ਨ ਕਮੇਟੀ ਦੀ ਬੈਠਕ ਵਿੱਚ ਵੀ ਡਾ. ਸਿੱਧੂ ਨੂੰ ਸੱਦਾ ਦਿੱਤਾ ਗਿਆ। ਇਸ ਸਬੰਧੀ ਕਾਰਨ ਜਾਣਨ ਲਈ ਐਸਜੀਪੀਸੀ ਪ੍ਰਧਾਨ ਨੇ ਮਸ਼ਰੂਫ ਹੋਣ ਕਾਰਨ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਕਿਹੜੇ ਇਲਜ਼ਾਮਾਂ 'ਚ ਘਿਰੇ ਡਾ. ਜਤਿੰਦਰ ਸਿੰਘ ਸਿੱਧੂ ?

ਡਾ. ਜਤਿੰਦਰ ਸਿੰਘ ਸਿੱਧੂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਨੌਂ ਸਾਲ (2009-2017) ਪ੍ਰਿੰਸੀਪਲ ਰਹਿ ਚੁੱਕੇ ਹਨ। ਮਨੋਵਿਗਿਆਨ ਦੇ ਵਿਸ਼ੇ ਵਿੱਚ ਡਾਕਟਰੇਟ ਹਨ। ਪ੍ਰਿੰਸੀਪਲ ਰਹਿਣ ਦੌਰਾਨ ਡਾ. ਸਿੱਧੂ ਖਿਲਾਫ 2011 ਵਿੱਚ ਮਾਤਾ ਗੁਜਰੀ ਕਾਲਜ ਵਿੱਚ 70 ਦੇ ਕਰੀਬ ਬਿਨਾਂ ਪ੍ਰਵਾਨਗੀ ਦੀਆਂ ਨਿਯੁਕਤੀਆਂ, ਕਾਲਜ ਫੰਡਾਂ ਵਿੱਚ 67 ਲੱਖ ਰੁਪਏ ਤਨਖਾਹ ਦੇ ਰੂਪ ਵਿੱਚ ਡੀਪੀਆਈ (ਡਾਇਰੈਕਟਰ ਪਬਲਿਕ ਇੰਸਟਰੱਕਸ਼ਨਸ ਕਾਲਜਸ) ਤੋਂ ਸੋਧ ਕਰਵਾਏ ਬਿਨਾਂ ਕਢਵਾਉਣ ਦਾ ਘਪਲਾ, 21 ਅਗਸਤ 2017 ਨੂੰ ਡਾਇਰੈਕਟਰ ਵਜੋਂ ਨਿਯੁਕਤ ਹੋਣ ਉਪਰੰਤ ਆਪਣੇ ਤਨਖਾਹ ਸਕੇਲ ਵਿੱਚ ਡੀਪੀਆਈ ਤੋਂ ਸੋਧ ਨਾ ਕਰਵਾ ਕੇ ਕਾਲਜ ਫੰਡਾਂ ਵਿੱਚੋਂ ਹੀ ਪੂਰੀ ਤਨਖਾਹ ਲੈਣ ਆਦਿ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਮਾਤਾ ਗੁਜਰੀ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਸੇ ਵੀ ਅਜਿਹੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

ਇਨ੍ਹਾਂ ਇਲਜ਼ਾਮਾਂ ਕਾਰਨ ਡਾ. ਜਤਿੰਦਰ ਸਿੰਘ ਦਾ ਡਾਇਰੈਕਟਰ ਵਜੋਂ ਪੂਰਾ ਕਾਰਜਕਾਲ ਚਰਚਾ ਵਿੱਚ ਰਿਹਾ ਪਰ ਹੁਣ ਸੇਵਾਮੁਕਤ ਹੋਣ ਤੋਂ ਬਾਅਦ ਵੀ ਅਹੁਦੇ 'ਤੇ ਕਾਬਜ਼ ਕਹਿਣ ਕਾਰਨ ਡਾ. ਸਿੱਧੂ ਦੇ ਇਲਜ਼ਾਮਾਂ ਬਾਰੇ ਖੁੱਲ੍ਹੇ ਤੌਰ 'ਤੇ ਚਰਚਾ ਹੋਣ ਲੱਗ ਪਈ ਹੈ ਕਿ ਆਖਰ ਇੰਨੇ ਘਪਲਿਆਂ ਦੇ ਬਾਵਜੂਦ ਡਾ. ਸਿੱਧੂ ਨੂੰ ਮੁਕੰਮਲ ਤੌਰ 'ਤੇ ਫਾਰਗ ਕਿਉਂ ਨਹੀਂ ਕੀਤਾ ਜਾ ਰਿਹਾ। ਐਸਜੀਪੀਸੀ ਦੇ ਤਕਰੀਬਨ ਸਾਰੇ ਵੱਡੇ ਅਧਿਕਾਰੀ ਅੰਦਰਖਾਤੇ ਡਾ. ਸਿੱਧੂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਰਫਾਰਮੈਂਸ ਤੋਂ ਸੰਤੁਸ਼ਟ ਨਹੀਂ। ਇਸ ਦਾ ਕਾਰਨ ਸਿੱਧੂ ਦੇ ਕਾਰਜਕਾਲ ਦੌਰਾਨ ਸਮੂਹ ਅਦਾਰਿਆਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਘਟਣਾ, ਕਾਲਜਾਂ ਦੇ ਸਟਾਫ ਦੀ ਤਰੱਕੀ ਨੂੰ ਬਿਨਾਂ ਕਾਰਨ ਰੋਕਣਾ, ਕਾਲਜਾਂ ਦਾ ਵਿੱਤੀ ਘਾਟਾ ਵਧਣਾ ਤੇ ਅਕਾਦਮਿਕ ਕੰਮਾਂ ਦੀ ਕੋਈ ਰਿਪੋਰਟ ਪੇਸ਼ ਨਾ ਕਰਨਾ ਮੰਨਿਆ ਜਾ ਰਿਹਾ ਹੈ।

ਡਾ. ਸਿੱਧੂ ਉੱਪਰ ਅਕਸਰ ਰੁੱਖੀ ਤੇ ਭੱਦੀ ਸ਼ਬਦਾਵਲੀ ਵਰਤਣ ਦੇ ਵੀ ਇਲਜ਼ਾਮ ਲੱਗਦੇ ਹਨ। ਇਸ ਸਬੰਧੀ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ 6 ਅਪ੍ਰੈਲ, 2018 ਵਿੱਚ ਪੱਤਰ ਨੰ. 20140 ਰਾਹੀਂ ਡਾਇਰੈਕਟਰ ਜਤਿੰਦਰ ਸਿੰਘ ਨੂੰ ਕਾਲਜਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਗਈ ਸੀ।

ਇੰਨੇ ਵਿਵਾਦ ਹੋਣ ਦੇ ਬਾਵਜੂਦ ਵੀ ਸਾਬਕਾ ਡਾਇਰੈਕਟਰ ਨੂੰ ਆਖਰ ਇੰਨੀ ਤਰਜੀਹ ਕਿਉਂ ਦਿੱਤੀ ਜਾ ਰਹੀ ਹੈ ? ਕੀ ਐਸਜੀਪੀਸੀ ਦੇ ਅਦਾਰਿਆਂ ਵਿੱਚ ਕੋਈ ਵੀ ਯੋਗ ਵਿਅਕਤੀ ਇਸ ਅਹੁਦੇ ਲਈ ਨਹੀਂ ਲੱਭ ਰਿਹਾ? ਇਨਾਂ ਸਾਰੇ ਸਵਾਲਾਂ ਦਰਮਿਆਨ ਡਾ. ਸਿੱਧੂ ਦੇ ਅਹੁਦੇ 'ਤੇ ਬਣੇ ਰਹਿਣ ਦਾ ਇੱਕ ਕਾਰਨ ਕਿਤੇ ਨਾ ਕਿਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਡਾ. ਸਿੱਧੂ ਦਾ ਇੱਕ ਹੀ ਪਿੰਡ ਲੌਂਗੋਵਾਲ ਹੋਣਾ ਵੀ ਮੰਨਿਆ ਜਾ ਰਿਹਾ ਹੈ। ਡਾ. ਸਿੱਧੂ ਖੁਦ ਵੀ ਅਹੁਦਾ ਛੱਡਣ ਲਈ ਰਜ਼ਾਮੰਦ ਨਹੀਂ ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ 'ਮੈਨੂੰ 2017 ਵਿੱਚ 3 ਸਾਲ ਤੱਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਪਰ ਕਾਇਦੇ ਮੁਤਾਬਕ ਉਨ੍ਹਾਂ ਦੀ ਉਮਰ 60 ਸਾਲ ਹੋਣ ਕਾਰਨ ਡਾ. ਸਿੱਧੂ ਦਾ ਇਹ ਤਰਕ ਮਾਇਨੇ ਨਹੀਂ ਰੱਖਦਾ।

ਐਸਜੀਪੀਸੀ ਵੱਲੋਂ ਦੇਸ਼ਭਰ ਵਿੱਚ 38 ਕਾਲਜ, 19 ਸਕੂਲ ਤੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ (ਫਤਿਹਗੜ੍ਹ ਸਾਹਿਬ ਵਿਖੇ) ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਪ੍ਰਬੰਧ ਚਲਾਉਣ ਲਈ ਹਰ 3 ਸਾਲ ਬਾਅਦ ਡਾਇਰੈਕਟਰ ਦੀ ਨਿਯੁਕਤੀ ਕੀਤੀ ਜਾਂਦੀ ਹੈ, ਇੱਕ ਸਿੱਖਿਆ ਸਕੱਤਰ ਵੀ ਨਿਯੁਕਤ ਕੀਤਾ ਜਾਂਦਾ ਹੈ।