ਬਰਮਿੰਘਮ: ਭਾਰਤੀ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਖੇਡੇ ਮੈਚ ਵਿੱਚ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਮੈਚ ਵਿੱਚ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਟੇਡੀਅਮ ਵਿੱਚ ਭਾਰਤੀ ਟੀਮ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਦਰਸ਼ਕ ਪਹੁੰਚੇ ਜਿਨ੍ਹਾਂ ਵਿੱਚੋਂ 87 ਸਾਲਾਂ ਦੀ ਬਜ਼ੁਰਗ ਮਹਿਲਾ ਵੀ ਸ਼ਾਮਲ ਸੀ। ਇਸ ਮਹਿਲਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ। ਇਸ 'ਵਾਇਰਲ ਦਾਦੀ' ਦਾ ਨਾਂ ਚਾਰੂਲਤਾ ਹੈ।

ਚਾਰੂਲਤਾ ਦੀ ਉਮਰ ਬੇਬੇ ਦੀ ਕ੍ਰਿਕੇਟ ਪ੍ਰਤੀ ਦੀਵਾਨਗੀ ਵਿੱਚ ਅੜਿੱਕਾ ਨਹੀਂ ਬਣਦੀ। 87 ਸਾਲ ਦੀ ਉਮਰ ਦੇ ਬਾਵਜੂਦ ਜਦੋਂ ਵੀ ਕੋਈ ਭਾਰਤੀ ਬੱਲੇਬਾਜ਼ ਰਨ ਬਣਾਉਂਦਾ ਜਾਂ ਕੋਈ ਵਿਕਟ ਲੈਂਦਾ ਤਾਂ ਬੇਬੇ ਸਟੇਡੀਅਮ ਵਿੱਚ ਝੂਮ ਉੱਠਦੀ। ਇਸ ਨਾਲ ਸਟੇਡੀਅਮ ਦਾ ਨਜ਼ਾਰਾ ਤਾਂ ਬੇਹੱਦ ਸ਼ਾਨਦਾਰ ਸੀ ਹੀ, ਹੋਰ ਦਰਸ਼ਕ ਵੀ ਚਾਰੂਲਤਾ ਤੇ ਉਨ੍ਹਾਂ ਦੀ ਖੇਡ ਪ੍ਰਤੀ ਦੀਵਾਨਗੀ ਵੇਖ ਕੇ ਹੈਰਾਨ ਸਨ।



ਬੇਬੇ ਚਾਰੂਲਤਾ ਦੀ ਕ੍ਰਿਕੇਟ ਪ੍ਰਤੀ ਦੀਵਾਨਗੀ ਵੇਖਦਿਆਂ ਉਨ੍ਹਾਂ ਨੂੰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ। ਦੋਵੇਂ ਦਿੱਗਜ ਭਾਰਤੀ ਬੱਲੇਬਾਜ਼ਾਂ ਨੂੰ ਮਿਲਣ ਬਾਅਦ ਚਾਰੂਲਤਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਜਿਵੇਂ ਉਨ੍ਹਾਂ ਆਪਣੇ ਬੱਚਿਆਂ ਨੂੰ ਮਿਲ ਲਿਆ। ਉਨ੍ਹਾਂ ਕਿਹਾ ਇਹ ਦੋਵੇਂ ਬਹੁਤ ਪਿਆਰੇ ਹਨ। ਇਸ ਦੌਰਾਨ ਕਪਤਾਨ ਕੋਹਲੀ ਤੇ ਰੋਹਿਤ ਨੇ ਉਨ੍ਹਾਂ ਦੇ ਪੈਰ ਛੂਹ ਕੇ ਉਨ੍ਹਾਂ ਕੋਲੋਂ ਆਸ਼ੀਰਵਾਦ ਲਿਆ ਤੇ ਵਿਸ਼ਵ ਕੱਪ ਜਿੱਤਣ ਦੀਆਂ ਦੁਆਵਾਂ ਮੰਗੀਆਂ।