Raider Avatar Bajwa Died: ਖੇਡ ਜਗਤ ਤੋਂ ਦੁੱਖ ਭਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦਾ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਕਬੱਡੀ ਜਗਤ ਦੇ ਮਸ਼ਹੂਰ ਰੇਡਰ ਅਵਤਾਰ ਬਾਜਵਾ ਦੀ ਮੌਤ ਹੋ ਗਈ ਹੈ। ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ। ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਅੰਗ ਕਬੱਡੀ ਖਿਡਾਰੀ ਅਵਤਾਰ ਬਾਜਵਾ ਦੀ ਬੇਵਖਤੀ ਮੌਤ ਨਾਲ ਉਸ ਦੇ ਫੈਨਜ਼ ਸਦਮੇ ਵਿੱਚ ਹਨ।



ਦੱਸ ਦੇਈਏ ਕਿ ਅਵਤਾਰ ਬਾਜਵਾ ਬੜਾ ਮਿਲਣਸਾਰ ਖਿਡਾਰੀ ਸੀ। ਚੰਗੇ ਕੱਦ ਕਾਠ ਦੇ ਮਾਲਕ ਅਵਤਾਰ ਨੇ ਪਹਿਲਾਂ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕਾ ਲਈ ਬਤੌਰ ਧਾਵੀ ਤੱਕੜੀਆਂ ਕਬੱਡੀਆਂ ਪਾਈਆਂ। ਅਵਤਾਰ ਦੇਖਣ ਨੂੰ ਧੀਮਾ ਪਰ ਜਾਨ ਵਿੱਚ ਤਕੜਾ ਰੇਡਰ ਸੀ। ਅਵਤਾਰ ਬਾਜਵਾ ਦੇ ਘਰ ਦਾ ਇਕ ਕਮਰਾ ਪੂਰਾ ਟਰਾਫ਼ੀਆਂ/ਕੱਪਾਂ ਨਾਲ ਭਰਿਆ ਪਿਆ, ਜੋ ਉਸ ਦੀ ਮਿਹਨਤ ਦੀ ਗਵਾਹੀ ਭਰਦਾ ਹੈ।


ਅਵਤਾਰ ਨੇ ਪਿਛਲੇ ਤਿੰਨ ਚਾਰ ਸਾਲ ਤੋਂ ਅੱਡੀ ਦੇ ਦਰਦ ਕਾਰਨ ਕਬੱਡੀ ਖੇਡਣੀ ਛੱਡ ਰੱਖੀ ਸੀ ਪਰ ਮੇਜਰ ਲੀਗ ਦੀ ਬਦੌਲਤ ਲਗਾਤਾਰ ਕਬੱਡੀ ਨਾਲ ਜੁੜਿਆ ਹੋਇਆ ਸੀ। ਉਹ ਅਕਸਰ ਗੱਲਾਂ ਕਰਦੇ ਸਮੇਂ ਨੰਗਲਾਂ ਵਾਲੇ ਸੰਦੀਪ ਅਤੇ ਸਾਥੀਆਂ ਦਾ ਅਹਿਸਾਨ ਮੰਨਦਾ ਰਹਿੰਦਾ ਸੀ ਕਿ ਇਨ੍ਹਾਂ ਦੀ ਟੈਕਨੀਕਲ ਟੀਮ 'ਚ ਲਗਾਈ ਨੌਕਰੀ ਕਰਕੇ ਬੜਾ ਸਹਾਰਾ ਮਿਲਿਆ ਹੋਇਆ, ਨਹੀਂ ਤਾਂ ਕਿਸੇ ਨੇ ਪੁੱਛਣਾ ਨਹੀਂ ਸੀ। 


ਉਹ ਅਜੇ ਵੀ ਖੇਡ ਮੈਦਾਨ 'ਚ ਵਾਪਸੀ ਲਈ ਤਤਪਰ ਸੀ ਪਰ ਕਾਲੇ ਪੀਲੀਏ ਦੀ ਬਿਮਾਰੀ ਨੇ ਅਵਤਾਰ ਨੂੰ ਆਪਣਿਆਂ ਤੋਂ ਸਦਾ ਲਈ ਖੋ ਲਿਆ । ਪ੍ਰਮਾਤਮਾ ਅਵਤਾਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਉਸ ਦੇ ਛੋਟੇ ਛੋਟੇ ਦੋ ਬੱਚਿਆਂ ਨੂੰ ਇਸ ਸਦਮੇ ਵਿਚੋਂ ਨਿਕਲਣ ਦਾ ਬਲ ਬਖ਼ਸ਼ਣ।