ਜਕਾਰਤਾ - 18ਵੀਆਂ ਏਸ਼ੀਅਨ ਖੇਡਾਂ ਦੇ ਚੌਥੇ ਦਿਨ ਭਾਰਤ ਦੀ ਝੋਲੀ ਇੱਕ ਸੋਨ ਤਗਮਾ ਤੇ 4 ਕਾਂਸੀ ਦੇ ਤਗਮੇ ਪਏ। ਇਸ ਤੋਂ ਬਾਅਦ ਭਾਰਤ ਦੀ ਮੈਡਲਾਂ ਦੀ ਗਿਣਤੀ 15 ਹੋ ਗਈ ਹੈ।
ਸ਼ੂਟਿੰਗ - ਮਹਿਲਾ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ। ਏਸ਼ਿਆਈ ਖੇਡਾਂ ਵਿੱਚ ਰਾਹੀ ਸਰਨੋਬਤ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਨਿਸ਼ਾਨੇਬਾਜ ਬਣ ਗਈ ਹੈ। ਰਾਹੀ ਨੇ ਰੋਮਾਂਚਕ ਮੁਕਾਬਲੇ ਵਿੱਚ ਥਾਈਲੈਂਡ ਦੀ ਸ਼ੂਟਰ ਨੂੰ ਸ਼ੂਟਆਫ ਵਿੱਚ 3-2 ਨਾਲ ਮਾਤ ਦਿੱਤੀ। ਦੋਵਾਂ ਖਿਡਾਰੀਆਂ ਦਾ ਸਕੋਰ 34-34 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਸ਼ੂਟਆਫ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ।
ਵੁਸ਼ੂ - ਬੁਧਵਾਰ ਨੂੰ ਖੇਡਾਂ ਦੇ ਚੌਥੇ ਦਿਨ ਵੁਸ਼ੂ ਦੀ ਖੇਡ ਵਿਚ ਵੀ ਭਾਰਤ ਨੂੰ ਕਾਮਯਾਬੀ ਹਾਸਿਲ ਹੋਈ। ਵੁਸ਼ੂ ਵਿਚ ਭਾਰਤ ਨੂੰ 4 ਮੈਡਲ ਹਾਸਿਲ ਹੋਏ। ਮਹਿਲਾਵਾਂ ਦੀ 60kg ਸਾਂਡਾ ਕੈਟੇਗਰੀ ਵਿਚ ਰੋਸ਼ੀਬੀਨਾ ਨਾਓਰੇਮ ਨੇ ਬਰੌਂਜ਼ ਮੈਡਲ ਜਿੱਤਿਆ। ਪੁਰਸ਼ਾਂ ਦੀ ਸਾਂਡਾ ਕੈਟੇਗਰੀ ਵਿਚ 56kg, 60kg ਅਤੇ 65kg ਕੈਟੇਗਰੀ ਵਿਚ ਭਾਰਤ ਨੂੰ ਕਾਂਸੀ ਦੇ ਮੈਡਲ ਹਾਸਿਲ ਹੋਏ। ਸੰਤੋਸ਼ ਕੁਮਾਰ (56kg), ਸੁਰਿਆ ਭਾਨੂ ਪ੍ਰਤਾਪ ਸਿੰਘ (60kg) ਅਤੇ ਨਰਿੰਦਰ ਗਰੇਵਾਲ (65kg) ਨੇ ਇਹ ਮੈਡਲ ਭਾਰਤ ਦੇ ਖਾਤੇ ਵਿਚ ਪਾਏ। ਇਹ ਨਰਿੰਦਰ ਗਰੇਵਾਲ ਵਾਸਤੇ ਏਸ਼ੀਆਈ ਖੇਡਾਂ ਦਾ ਦੂਜਾ ਤਗਮਾ ਹੈ।
ਵਾਲੀਬਾਲ - ਕਤਰ ਨੇ ਭਾਰਤ ਨੂੰ ਇੱਕ ਤਰਫਾ ਅੰਦਾਜ਼ ਵਿਚ (15-25, 20-25, 20-25) ਮਾਤ ਦਿੱਤੀ।
ਤੈਰਾਕੀ - ਪੁਰਸ਼ਾਂ ਦੀ 4 ਗੁਣਾ 100m ਫ੍ਰੀਸਟਾਈਲ ਰਿਲੇਅ ਵਿਚ ਭਾਰਤ ਦੇ ਹੱਥ ਨਾਕਾਮੀ ਲੱਗੀ। ਇਸ ਈਵੈਂਟ ਵਿਚ ਭਾਰਤੀ ਟੀਮ 8ਵੇਂ ਸਥਾਨ 'ਤੇ ਰਹੀ। ਇਸ ਈਵੈਂਟ ਵਿਚ ਭਾਰਤ ਦਾ ਸਮਾਂ 3.25.34 ਦਾ ਰਿਹਾ।
ਟੈਨਿਸ - ਭਾਰਤ ਦੇ ਰੋਹਨ ਬੋਪੰਨਾ ਅਤੇ ਅੰਕਿਤਾ ਰੈਨਾ ਨੇ ਮਿਲਕੇ ਜਿੱਤ ਦਰਜ ਕੀਤੀ ਅਤੇ ਮਿਕਸਡ ਡਬਲਸ ਕੈਟੇਗਰੀ ਦੇ ਕੁਆਟਰਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੋਨਾ ਨੇ ਮਿਲਕੇ ਹਾਂਗ ਕਾਂਗ ਦੀ ਜੋਡੀ ਨੂੰ 6-4, 6-4 ਨਾਲ ਹਰਾਇਆ।
ਟੈਨਿਸ - ਪੁਰਸ਼ਾਂ ਦੇ ਡਬਲਸ ਈਵੈਂਟ ਵਿਚ ਭਾਰਤ ਲਈ ਘੱਟੋ-ਘਟ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਹੈ। ਰੋਹਨ ਬੋਪੰਨਾ ਅਤੇ ਦਿਵੀਜ ਸ਼ਰਨ ਨੇ ਸੈਮੀਫਾਈਨਲ ਵਿਚ ਐਂਟਰੀ ਕਰ ਲਈ ਹੈ। ਚੀਨੀ ਤੇਪੇਈ ਦੀ ਜੋਡੀ ਖਿਲਾਫ ਬੋਪੰਨਾ-ਸ਼ਰਨ ਦੀ ਜੋੜੀ ਨੇ 6-3, 5-7, 10-1 ਨਾਲ ਬਾਜ਼ੀ ਮਾਰੀ।
ਹਾਕੀ - ਹਾਕੀ ਵਿਚ ਭਾਰਤ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਅਤੇ ਰਿਕਾਰਡਤੋੜ ਪ੍ਰਦਰਸ਼ਨ ਕੀਤਾ। ਭਾਰਤ ਨੇ ਹਾਂਗ ਕਾਂਗ ਨੂੰ 26-0 ਨਾਲ ਹਰਾਇਆ। ਇਸਦੇ ਨਾਲ ਹੀ ਭਾਰਤੀ ਟੀਮ ਨੇ ਸਾਲਾਂ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਭਾਰਤ ਨੇ ਇਸਦੇ ਨਾਲ ਹੀ ਆਪਣਾ 86 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। 86 ਸਾਲ ਪਹਿਲਾਂ 1932 ਦੇ ਓਲੰਪਿਕਸ ਵਿਚ ਭਾਰਤ ਨੇ ਅਮਰੀਕਾ ਨੂੰ 24-1 ਨਾਲ ਮਾਤ ਦਿੱਤੀ ਸੀ। ਇਸਤੋਂ ਬਾਅਦ ਇਹ ਰਿਕਾਰਡ ਹੁਣ ਤਕ ਕਾਇਮ ਰਿਹਾ ਸੀ, ਪਰ 86 ਸਾਲ ਦੇ ਰਿਕਾਰਡ ਤੇ ਏਸ਼ੀਆਈ ਖੇਡਾਂ ਵਿਚ ਆਪਣਾ ਦਮ ਜਮਾ ਰਹੀ ਭਾਰਤੀ ਟੀਮ ਭਾਰੀ ਪੈ ਗਈ। ਹਾਲਾਂਕਿ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਤਾਂ ਹੈ, ਪਰ ਇਹ ਅੰਤਰਰਾਸ਼ਟਰੀ ਹਾਕੀ ਦਾ ਰਿਕਾਰਡ ਨਹੀਂ ਹੈ। ਅੰਤਰਰਾਸ਼ਟਰੀ ਹਾਕੀ ਵਿਚ ਰਿਕਾਰਡ ਨਿਊਜੀਲੈਂਡ ਦੇ ਨਾਮ ਹੈ, ਜਿਸਨੇ ਕਿ ਸਮੋਆ ਦੀ ਟੀਮ ਨੂੰ 1994 ਵਿਚ ਹੋਏ ਇੱਕ ਮੈਚ ਵਿਚ 36-1 ਦੇ ਫਰਕ ਨਾਲ ਮਾਤ ਦਿੱਤੀ ਸੀ। ਹਾਂਗ ਕਾਂਗ ਖਿਲਾਫ ਖੇਡੇ ਗਏ ਮੈਚ ਵਿਚ ਭਾਰਤ ਲਈ ਸਭ ਤੋਂ ਵੱਧ ਗੋਲ ਰੁਪਿੰਦਰਪਾਲ ਸਿੰਘ ਨੇ ਕੀਤੇ, ਜਿੰਨਾ ਨੇ 5 ਵਾਰ ਗੇਂਦ ਗੋਲਪੋਸਟ ਦੇ ਅੰਦਰ ਪਹੁੰਚਾਈ।
ਚੌਥੇ ਦਿਨ ਤੋਂ ਬਾਅਦ ਭਾਰਤ ਦੇ ਏਸ਼ੀਆਈ ਖੇਡਾਂ ਵਿਚ ਮੈਡਲਾਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ, ਜਿਸ ਵਿਚ 4 ਗੋਲਡ, 3 ਸਿਲਵਰ ਅਤੇ 8 ਕਾਂਸੀ ਦੇ ਤਗਮੇ ਸ਼ਾਮਿਲ ਹਨ।