Naseem Shah India vs Pakistan Asia Cup 2022: ਪਾਕਿਸਤਾਨ ਨੂੰ ਏਸ਼ੀਆ ਕੱਪ 2022 ਦੇ ਦੂਜੇ ਮੈਚ 'ਚ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਪਾਕਿਸਤਾਨ ਲਈ ਨਸੀਮ ਸ਼ਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਉਨ੍ਹਾਂ ਦਾ ਪਹਿਲਾ ਮੈਚ ਸੀ। ਮੈਚ ਦੌਰਾਨ ਨਸੀਮ ਜ਼ਖ਼ਮੀ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਓਵਰ ਪੂਰਾ ਕੀਤਾ। ਨਸੀਮ ਲਈ ਪਾਕਿਸਤਾਨ ਦੀ ਟੀਮ ਤੱਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਰਿਹਾ। ਉਨ੍ਹਾਂ ਨੇ ਜ਼ਿੰਦਗੀ 'ਚ ਬਹੁਤ ਸੰਘਰਸ਼ ਕੀਤਾ ਹੈ।
ਨਸੀਮ ਨੇ ਸ਼ੁਰੂ ਤੋਂ ਹੀ ਆਪਣੀ ਖ਼ਤਰਨਾਕ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਹ ਸਾਲ 2019 'ਚ ਆਸਟ੍ਰੇਲੀਆ ਖ਼ਿਲਾਫ਼ ਖ਼ਤਰਨਾਕ ਫ਼ਾਰਮ 'ਚ ਨਜ਼ਰ ਆਏ ਸਨ। ਨਸੀਮ ਨੇ ਪਰਥ 'ਚ ਆਸਟ੍ਰੇਲੀਆ-ਏ ਖ਼ਿਲਾਫ਼ ਖੇਡੇ ਗਏ ਮੈਚ 'ਚ 2 ਵਿਕਟਾਂ ਲਈਆਂ ਸਨ। ਇਹ ਉਨ੍ਹਾਂ ਲਈ ਬਹੁਤ ਖ਼ਾਸ ਸੀ। ਪਰ ਜਦੋਂ ਉਹ ਆਪਣੀ ਟੀਮ ਲਈ ਆਪਣੀ ਜੀ-ਜਾਨ ਨਾਲ ਖੇਡ ਰਹੇ ਸਨ ਤਾਂ ਦੂਜੇ ਪਾਸੇ ਪਾਕਿਸਤਾਨ 'ਚ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਨਸੀਮ ਨੇ ਸਿਰਫ਼ 16 ਸਾਲ ਦੀ ਉਮਰ 'ਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ।
NBT 'ਤੇ ਪ੍ਰਕਾਸ਼ਿਤ ਖ਼ਬਰ ਮੁਤਾਬਕ ਨਸੀਮ ਨੇ ਪੀਐਸਐਲ ਦੀਆਂ ਸੀਰੀਜ਼ ਦੀਆਂ ਕਹਾਣੀਆਂ 'ਚ ਕਿਹਾ ਸੀ, "ਅੰਮੀ ਨਾਲ ਕਾਫ਼ੀ ਲਗਾਵ ਸੀ। ਉਨ੍ਹਾਂ ਨੇ ਮੈਨੂੰ ਕ੍ਰਿਕਟ ਖੇਡਣ ਦੇ ਕਾਬਲ ਬਣਾਇਆ। ਮੇਰੇ ਪਿਤਾ ਕ੍ਰਿਕਟ ਨੂੰ ਬਹੁਤ ਸਖ਼ਤੀ ਨਾਲ ਮਨ੍ਹਾ ਕਰਦੇ ਹੁੰਦੇ ਸਨ।"
19 ਸਾਲਾ ਨਸੀਮ ਨੇ ਛੋਟੀ ਉਮਰ 'ਚ ਹੀ ਕਾਫੀ ਨਾਮ ਕਮਾਇਆ ਹੈ। ਉਨ੍ਹਾਂ ਨੇ 13 ਟੈਸਟ ਮੈਚਾਂ 'ਚ 33 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 3 ਵਨਡੇ ਮੈਚਾਂ 'ਚ 10 ਵਿਕਟਾਂ ਲਈਆਂ ਹਨ। ਨਸੀਮ ਨੇ ਪੀਐਸਐਲ ਸਮੇਤ ਕਈ ਘਰੇਲੂ ਟੀ-20 ਮੈਚਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ 'ਚ ਉਨ੍ਹਾਂ ਨੇ 46 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਫਸਟ ਕਲਾਸ ਮੈਚਾਂ ਦੀਆਂ 44 ਪਾਰੀਆਂ 'ਚ 84 ਵਿਕਟਾਂ ਲਈਆਂ ਹਨ।
ਨਸੀਮ ਸ਼ਾਹ ਨੇ ਜਿੱਤਿਆ ਦਿਲ
ਨਸੀਮ ਸ਼ਾਹ ਨੇ ਭਾਰਤ ਖ਼ਿਲਾਫ਼ ਖੇਡੇ ਮੈਚ 'ਚ ਪਾਕਿਸਤਾਨ ਦੇ ਨਾਲ-ਨਾਲ ਭਾਰਤੀ ਪ੍ਰਸ਼ੰਸਕਾਂ ਦਾ ਵੀ ਦਿਲ ਜਿੱਤਿਆ। ਮੈਚ ਦੌਰਾਨ ਆਪਣੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਹੀ ਨਸੀਮ ਨੇ ਕੇਐਲ ਰਾਹੁਲ ਦੀਆਂ ਵਿਕਟਾਂ ਉਡਾ ਦਿੱਤੀਆਂ। ਰਾਹੁਲ ਤੋਂ ਬਾਅਦ ਨਸੀਮ ਦੇ ਝੋਲੀ 'ਚ ਅਗਲੀ ਵਿਕਟ ਸੂਰਿਆਕੁਮਾਰ ਯਾਦਵ ਦੀ ਆਈ। ਨਸੀਮ ਨੇ 4 ਓਵਰਾਂ ਵਿੱਚ 27 ਦੌੜਾਂ ਦੇ ਕੇ ਭਾਰਤ ਦੀਆਂ ਦੋ ਮਹੱਤਵਪੂਰਨ ਵਿਕਟਾਂ ਝਟਕੀਆਂ।