Irfan Pathan On IND vs PAK: ਏਸ਼ੀਆ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ ਦੋ ਮੈਚ ਖੇਡੇ ਜਾ ਚੁੱਕੇ ਹਨ। ਗਰੁੱਪ ਗੇੜ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਸੁਪਰ-4 'ਚ ਖੇਡੇ ਗਏ ਮੈਚ 'ਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾਇਆ। ਪਾਕਿਸਤਾਨ ਦੀ ਇਸ ਹਾਰ ਤੋਂ ਬਾਅਦ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਪਾਕਿਸਤਾਨ 'ਤੇ ਤੰਜ ਕੱਸਿਆ। 


ਇਰਫਾਨ ਪਠਾਨ ਨੇ ਇੱਕ ਟਵੀਟ ਰਾਹੀਂ ਪਾਕਿਸਤਾਨ ਦੀ ਹਾਰ ਤੋਂ ਬਾਅਦ ਤੰਜ ਕੱਸਿਆ। ਸਾਬਕਾ ਆਲਰਾਊਂਡਰ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਵਾਰ ਟੀਵੀ ਦੇ ਨਾਲ ਮੋਬਾਈਲ ਫੋਨ ਵੀ ਟੁੱਟ ਗਏ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, ''ਖਾਮੋਸ਼ੀ ਛਾਈ ਹੋਈ ਹੈ ਬਹੁਤ ਜ਼ਿਆਦਾ। ਇਸਦੇ ਨਾਲ ਹੀ ਉਨ੍ਹਾਂ ਨੇ ਖਾਮੋਸ਼ੀ ਵਾਲੇ ਇਮੋਜੀ ਦੀ ਵਰਤੋਂ ਕੀਤੀ। ਉਨ੍ਹਾਂ ਅੱਗੇ ਲਿਖਿਆ, "ਲੱਗਦਾ ਹੈ ਕਿ ਗੁਆਂਢੀਆਂ ਨੇ ਟੀਵੀ ਸਣੇ ਮੋਬਾਈਲ ਫੋਨ ਵੀ ਭੰਨ ਦਿੱਤੇ ਹਨ..."






ਯੂਜ਼ਰਸ ਨੇ ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ 


ਇਰਫਾਨ ਪਠਾਨ ਦੀ ਇਸ ਪੋਸਟ 'ਤੇ ਯੂਜ਼ਰਸ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, "ਉਹ ਵਾਲਾ ਡਾਇਲਾਗ ਪੋਸਟ ਕਰੋ, "ਅਤੇ ਗੁਆਂਢੀਓ ਐਤਵਾਰ ਕਿਵੇਂ ਜਾ ਰਿਹਾ ਹੈ?" ਇਕ ਹੋਰ ਯੂਜ਼ਰ ਨੇ ਪਾਕਿਸਤਾਨ ਦੀ ਬੱਲੇਬਾਜ਼ੀ ਨੂੰ ਟ੍ਰੋਲ ਕੀਤਾ ਅਤੇ ਲਿਖਿਆ, 'ਨੇਪਾਲ ਨੇ ਪਾਕਿਸਤਾਨ ਤੋਂ ਬਿਹਤਰ ਖੇਡਿਆ ਸੀ।' ਇਕ ਹੋਰ ਯੂਜ਼ਰ ਨੇ ਦਿਲਚਸਪ ਟਿੱਪਣੀ ਕਰਦੇ ਹੋਏ ਲਿਖਿਆ, ''ਇੰਨੀਆਂ ਦੌੜਾਂ 'ਚ ਪਾਕਿਸਤਾਨ ਨੂੰ ਦੋ ਵਾਰ ਖੇਡਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹੱਦ ਹੈ 128 ਦੌੜਾਂ 'ਤੇ ਟੀਮ ਢੇਰ ਹੋ ਗਈ।


ਪਾਕਿਸਤਾਨ ਖਿਲਾਫ ਭਾਰਤ ਦੀ ਸਭ ਤੋਂ ਵੱਡੀ ਵਨਡੇ ਜਿੱਤ
 
ਦੱਸ ਦੇਈਏ ਕਿ ਭਾਰਤੀ ਟੀਮ ਨੇ ਪਾਕਿਸਤਾਨ ਦੇ ਖਿਲਾਫ ਸਭ ਤੋਂ ਵੱਡੀ ਵਨਡੇ ਜਿੱਤ ਦਰਜ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ 'ਚ ਸਿਰਫ 2 ਵਿਕਟਾਂ 'ਤੇ 356 ਦੌੜਾਂ ਬਣਾਈਆਂ। ਟੀਮ ਲਈ ਵਿਰਾਟ ਕੋਹਲੀ (122*) ਅਤੇ ਕੇਐੱਲ ਰਾਹੁਲ (111*) ਨੇ ਸੈਂਕੜੇ ਜੜੇ। ਦੌੜਾਂ ਦਾ ਪਿੱਛਾ ਕਰਨ ਆਈ ਪਾਕਿਸਤਾਨ ਦੀ ਟੀਮ 32 ਓਵਰਾਂ 'ਚ 128 ਦੌੜਾਂ 'ਤੇ ਢੇਰ ਹੋ ਗਈ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਖਿਲਾਫ ਵਨਡੇ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ।