Top Players  To Watch Out In IND vs PAK: ਏਸ਼ੀਆ ਕੱਪ ਦਾ ਤੀਜਾ ਮੁਕਾਬਲਾ 2 ਸਤੰਬਰ ਸ਼ਨਿਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼੍ਰੀਲੰਕਾ ਦੇ ਕੈਂਡੀ 'ਚ ਖੇਡਿਆ ਜਾਵੇਗਾ। ਇਸ ਮੁਕਾਬਲੇ ਦੇ ਜ਼ਰੀਏ ਦੋਵੇਂ ਟੀਮਾਂ ਚਾਰ ਸਾਲ ਬਾਅਦ ਵਨਡੇ ਫਾਰਮੈਟ 'ਚ 2019 ਵਿਸ਼ਵ ਕੱਪ ਦੇ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਦੋਵਾਂ ਟੀਮਾਂ ਦੇ ਕੁਝ ਖਿਡਾਰੀਆਂ 'ਤੇ ਹੋਣਗੀਆਂ। ਆਓ ਜਾਣਦੇ ਹਾਂ ਇਸ ਮੈਚ ਦੇ ਟਾਪ-5 ਖਿਡਾਰੀ ਕੌਣ ਹੋ ਸਕਦੇ ਹਨ।


1 ਵਿਰਾਟ ਕੋਹਲੀ


ਪਾਕਿਸਤਾਨ ਦੇ ਖਿਲਾਫ ਵਿਰਾਟ ਕੋਹਲੀ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਚੰਗੀ ਲੈਅ ਵਿੱਚ ਨਜ਼ਰ ਆਏ ਹਨ। ਉਸ ਨੇ ਆਪਣੇ ਵਨਡੇ ਕਰੀਅਰ ਦਾ ਸਰਵੋਤਮ (183) ਵੀ ਪਾਕਿਸਤਾਨ ਖਿਲਾਫ ਬਣਾਇਆ ਹੈ। ਹੁਣ ਤੱਕ ਵਿਰਾਟ ਨੇ ਪਾਕਿਸਤਾਨ ਖਿਲਾਫ 13 ਵਨਡੇ ਮੈਚਾਂ ਦੀਆਂ 13 ਪਾਰੀਆਂ 'ਚ 48.72 ਦੀ ਔਸਤ ਨਾਲ 536 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ, 2022 ਟੀ-20 ਵਿਸ਼ਵ ਕੱਪ ਵਿੱਚ, ਉਸਨੇ ਪਾਕਿਸਤਾਨ ਦੇ ਖਿਲਾਫ ਮੈਚ ਵਿੱਚ ਦੌੜਾਂ ਦਾ ਪਿੱਛਾ ਕਰਦੇ ਹੋਏ 82* ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ।


2 ਬਾਬਰ ਆਜ਼ਮ


ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਹੁਣ ਤੱਕ ਭਾਰਤ ਦੇ ਖਿਲਾਫ ਵਨਡੇ ਮੈਚਾਂ 'ਚ ਕੁਝ ਖਾਸ ਨਹੀਂ ਕਰ ਸਕੇ ਹਨ, ਪਰ ਉਨ੍ਹਾਂ ਦੀ ਸ਼ਾਨਦਾਰ ਫਾਰਮ ਟੀਮ ਇੰਡੀਆ ਲਈ ਅੱਜ ਦੇ ਮੈਚ 'ਚ ਖਤਰਾ ਬਣ ਸਕਦੀ ਹੈ। ਬਾਬਰ ਨੇ ਭਾਰਤ ਖਿਲਾਫ 5 ਵਨਡੇ ਮੈਚਾਂ 'ਚ 31.60 ਦੀ ਔਸਤ ਨਾਲ 158 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ ਕੋਈ ਸੈਂਕੜਾ ਜਾਂ ਅਰਧ ਸੈਂਕੜਾ ਨਹੀਂ ਨਿਕਲਿਆ।


3 ਰੋਹਿਤ ਸ਼ਰਮਾ


ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਪਾਕਿਸਤਾਨ ਖ਼ਿਲਾਫ਼ ਵਨਡੇ ਵਿੱਚ ਚੰਗੀ ਲੈਅ ਵਿੱਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਵਨਡੇ ਮੈਚ (2019 ਵਿਸ਼ਵ ਕੱਪ) ਵਿੱਚ ਰੋਹਿਤ ਸ਼ਰਮਾ ਨੇ 140 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਕਪਤਾਨ ਨੇ ਪਾਕਿਸਤਾਨ ਖਿਲਾਫ 16 ਵਨਡੇ ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 51.42 ਦੀ ਔਸਤ ਨਾਲ 720 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ ਹਨ।


4 ਸ਼ਾਹੀਨ ਅਫਰੀਦੀ


ਖੱਬੇ ਹੱਥ ਦਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਹੁਣ ਤੱਕ ਭਾਰਤ ਲਈ ਖ਼ਤਰਾ ਸਾਬਤ ਹੋਇਆ ਹੈ। ਨਵੀਂ ਗੇਂਦ ਨਾਲ ਸ਼ਾਹੀਨ ਟੀਮ ਇੰਡੀਆ ਦੇ ਟਾਪ ਆਰਡਰ ਨੂੰ ਤਬਾਹ ਕਰ ਸਕਦਾ ਹੈ। ਹਾਲਾਂਕਿ ਵਨਡੇ 'ਚ ਸ਼ਾਹੀਨ ਨੇ ਭਾਰਤ ਖਿਲਾਫ ਸਿਰਫ ਇੱਕ ਹੀ ਮੈਚ ਖੇਡਿਆ ਹੈ, ਜਿਸ 'ਚ ਉਸ ਨੇ 6 ਓਵਰਾਂ 'ਚ 42 ਦੌੜਾਂ ਦਿੱਤੀਆਂ ਅਤੇ ਕੋਈ ਸਫਲਤਾ ਨਹੀਂ ਮਿਲੀ।


5 ਮੁਹੰਮਦ ਸਿਰਾਜ


ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਪਾਕਿਸਤਾਨ ਖਿਲਾਫ ਹੁਣ ਤੱਕ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ ਪਰ ਵਨਡੇ 'ਚ ਸਿਰਾਜ ਦੀ ਹਮਲਾਵਰ ਗੇਂਦਬਾਜ਼ੀ ਪਾਕਿਸਤਾਨ ਦੇ ਬੱਲੇਬਾਜ਼ਾਂ ਲਈ ਮੁਸ਼ਕਲਾਂ ਖੜ੍ਹੀ ਕਰ ਸਕਦੀ ਹੈ।