Bangladesh vs England, 1st T20I: ਬੰਗਲਾਦੇਸ਼ ਕ੍ਰਿਕਟ ਟੀਮ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਟੀ-20 ਮੈਚ 'ਚ ਹਰਾ ਕੇ ਸੋਸ਼ਲ ਮੀਡੀਆ 'ਤੇ ਸਾਰੀਆਂ ਸੁਰਖੀਆਂ ਬਟੋਰ ਲਈਆਂ ਹਨ। ਇੰਗਲੈਂਡ ਦੀ ਟੀਮ ਇਸ ਸਮੇਂ ਬੰਗਲਾਦੇਸ਼ ਦੇ ਦੌਰੇ 'ਤੇ ਹੈ। 9 ਮਾਰਚ 2023, ਵੀਰਵਾਰ ਨੂੰ, ਬੰਗਲਾਦੇਸ਼ ਅਤੇ ਇੰਗਲੈਂਡ ਵਿਚਕਾਰ ਸੀਰੀਜ਼ ਦਾ ਪਹਿਲਾ ਟੀ-20 ਮੈਚ ਖੇਡਿਆ ਗਿਆ, ਜਿਸ ਵਿੱਚ ਬੰਗਲਾਦੇਸ਼ ਨੇ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਮੈਚ ਦਾ ਵੇਰਵਾ।




ਇਸ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਕਪਤਾਨ ਜੋਸ ਬਟਲਰ ਨੇ 42 ਗੇਂਦਾਂ ਵਿੱਚ 67 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਉਸ ਤੋਂ ਇਲਾਵਾ ਫਿਲਿਪ ਸ਼ੌਲਟ ਹੀ ਇਕਲੌਤਾ ਬੱਲੇਬਾਜ਼ ਸੀ, ਜਿਸ ਨੇ 35 ਗੇਂਦਾਂ 'ਚ 38 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਇੰਗਲੈਂਡ ਦਾ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।


ਬੰਗਲਾਦੇਸ਼ ਦੀ ਯਾਦਗਾਰ ਜਿੱਤ


ਬੰਗਲਾਦੇਸ਼ ਲਈ ਪਹਿਲੀ ਪਾਰੀ ਵਿੱਚ ਹਸਨ ਮਹਿਮੂਦ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ ਅਤੇ ਬਾਕੀ ਸਾਰੇ ਬੰਗਲਾਦੇਸ਼ੀ ਗੇਂਦਬਾਜ਼ਾਂ ਨੂੰ ਇੱਕ-ਇੱਕ ਵਿਕਟ ਮਿਲੀ। 156 ਦੌੜਾਂ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਚੰਗੀ ਬੱਲੇਬਾਜ਼ੀ ਕੀਤੀ। ਬੰਗਲਾਦੇਸ਼ ਵੱਲੋਂ ਨਜਮੁਲ ਹੁਸੈਨ ਸ਼ਾਂਤੋ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅੰਤ 'ਚ ਕਪਤਾਨ ਸ਼ਾਕਿਬ ਅਲ ਹਸਨ ਨੇ ਵੀ 24 ਗੇਂਦਾਂ 'ਚ 34 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਵਿਸ਼ਵ ਚੈਂਪੀਅਨ ਇੰਗਲੈਂਡ ਦੀ ਟੀਮ ਖਿਲਾਫ ਯਾਦਗਾਰ ਜਿੱਤ ਦਿਵਾਈ।


ਇਸ ਮੈਚ 'ਚ 30 ਗੇਂਦਾਂ 'ਚ 51 ਦੌੜਾਂ ਬਣਾਉਣ ਵਾਲੇ ਨਾਜ਼ਨੁਲ ਹੁਸੈਨ ਨੂੰ 'ਪਲੇਅਰ ਆਫ ਦਿ ਮੈਚ' ਦਾ ਖਿਤਾਬ ਦਿੱਤਾ ਗਿਆ। ਇਸ ਸੀਰੀਜ਼ 'ਚ ਅਜੇ ਦੋ ਮੈਚ ਬਾਕੀ ਹਨ ਅਤੇ ਜੇਕਰ ਬੰਗਲਾਦੇਸ਼ ਅਗਲੇ ਦੋ ਟੀ-20 ਮੈਚਾਂ 'ਚੋਂ ਇਕ ਵੀ ਜਿੱਤ ਲੈਂਦਾ ਹੈ ਤਾਂ ਉਹ ਸੀਰੀਜ਼ 'ਤੇ ਕਬਜ਼ਾ ਕਰ ਲਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਸੀਰੀਜ਼ ਵੀ ਖੇਡੀ ਗਈ ਸੀ, ਜਿਸ 'ਚ ਇੰਗਲੈਂਡ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਸੀ।