Mohammad Shami Fitness Update: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੁਹੰਮਦ ਸ਼ਮੀ ਦੀ ਫਿਟਨੈੱਸ ਬਾਰੇ ਇੱਕ ਅਪਡੇਟ ਜਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (NCA) 'ਚ ਉਨ੍ਹਾਂ ਦੀ ਫਿਟਨੈੱਸ ਦੀ ਜਾਂਚ ਕੀਤੀ ਗਈ ਸੀ। ਹੁਣ ਜਾਂਚ ਰਿਪੋਰਟ 'ਚ ਪਤਾ ਲੱਗਾ ਹੈ ਕਿ ਸ਼ਮੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ।
ਬੀਸੀਸੀਆਈ ਦੀ ਮੈਡੀਕਲ ਟੀਮ ਨੇ ਪਾਇਆ ਕਿ ਸ਼ਮੀ ਦੇ ਗੋਡੇ ਦੀ ਸੱਟ ਠੀਕ ਹੋਣ ਵਿੱਚ ਸਮਾਂ ਲੱਗੇਗਾ। ਬੋਰਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਮੀ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ 2 ਟੈਸਟ ਮੈਚਾਂ 'ਚ ਨਹੀਂ ਖੇਡ ਸਕਣਗੇ।
ਭਾਰਤੀ ਤੇਜ਼ ਗੇਂਦਬਾਜ਼ ਇਸ ਸਮੇਂ ਆਪਣੇ ਖੱਬੇ ਗੋਡੇ 'ਚ ਸੋਜ ਤੋਂ ਪੀੜਤ ਹੈ, ਜਿਸ ਕਾਰਨ ਉਸ ਨੂੰ ਆਪਣੀ ਗੇਂਦਬਾਜ਼ੀ ਦੇ ਕੰਮ ਦਾ ਬੋਝ ਸੰਭਾਲਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਸੋਜ ਉਸ ਦੇ ਲੰਬੇ ਸਮੇਂ ਬਾਅਦ ਗੇਂਦਬਾਜ਼ੀ ਦੇ ਸਪੈੱਲ ਕਰਨ ਕਾਰਨ ਆਈ ਹੈ। ਸ਼ਮੀ ਨੇ ਮੱਧ ਪ੍ਰਦੇਸ਼ ਖਿਲਾਫ ਰਣਜੀ ਟਰਾਫੀ ਮੈਚ 'ਚ ਬੰਗਾਲ ਲਈ 43 ਓਵਰ ਸੁੱਟੇ।
ਫਿਲਹਾਲ, ਸ਼ਮੀ ਮੈਡੀਕਲ ਸਟਾਫ ਦੀ ਸਲਾਹ 'ਤੇ BCCI ਦੇ ਸੈਂਟਰ ਆਫ ਐਕਸੀਲੈਂਸ 'ਚ ਆਪਣੀ ਤਾਕਤ ਤੇ ਕੰਡੀਸ਼ਨਿੰਗ ਨੂੰ ਸੁਧਾਰਨ 'ਤੇ ਕੰਮ ਕਰਨਾ ਜਾਰੀ ਰੱਖੇਗਾ। ਸ਼ਮੀ ਨੇ ਕੁਝ ਹਫਤੇ ਪਹਿਲਾਂ ਰਣਜੀ ਟਰਾਫੀ ਲਈ ਬੰਗਾਲ ਦੀ ਟੀਮ 'ਚ ਵਾਪਸੀ ਕੀਤੀ ਸੀ, ਜਿਸ ਤੋਂ ਬਾਅਦ ਉਹ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਵੀ ਖੇਡਦੇ ਨਜ਼ਰ ਆਏ ਸਨ ਪਰ ਮੈਡੀਕਲ ਜਾਂਚ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸ਼ਮੀ ਨੂੰ ਲੰਬੇ ਫਾਰਮੈਟ ਯਾਨੀ ਟੈਸਟ ਕ੍ਰਿਕਟ ਖੇਡਣ ਲਈ ਆਪਣੀ ਫਿਟਨੈੱਸ 'ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ।
ਵਿਜੇ ਹਜ਼ਾਰੇ ਟਰਾਫੀ 21 ਦਸੰਬਰ ਤੋਂ ਸ਼ੁਰੂ ਹੋਈ, ਜਿਸ 'ਚ ਸ਼ਮੀ ਅਜੇ ਤੱਕ ਖੇਡਦੇ ਨਜ਼ਰ ਨਹੀਂ ਆਏ। ਸ਼ਮੀ ਦਾ ਵਿਜੇ ਹਜ਼ਾਰੇ ਟਰਾਫੀ 'ਚ ਖੇਡਣਾ ਉਨ੍ਹਾਂ ਦੇ ਗੋਡੇ ਦੀ ਸਥਿਤੀ 'ਤੇ ਨਿਰਭਰ ਕਰੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਸ਼ਮੀ ਦੀ ਫਿਟਨੈੱਸ 'ਤੇ ਪੂਰੀ ਨਜ਼ਰ ਰੱਖ ਰਹੀ ਹੈ। ਫਿਲਹਾਲ ਚੰਗੀ ਖਬਰ ਇਹ ਹੈ ਕਿ ਸ਼ਮੀ ਦੀ ਅੱਡੀ ਦੀ ਸੱਟ ਪੂਰੀ ਤਰ੍ਹਾਂ ਠੀਕ ਹੋ ਗਈ ਹੈ, ਜਿਸ ਲਈ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :