CA Tribute to Shane Warne: ਕ੍ਰਿਕਟ ਆਸਟਰੇਲੀਆ ਨੇ ਵਿਸ਼ਵ ਕ੍ਰਿਕਟ ਦੇ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਮਰਹੂਮ ਆਸਟਰੇਲੀਆਈ ਸਪਿਨਰ ਸ਼ੇਨ ਵਾਰਨ ਨੂੰ ਸਨਮਾਨਿਤ ਕਰਨ ਦਾ ਵੱਡਾ ਫੈਸਲਾ ਲਿਆ ਹੈ। ਦਰਅਸਲ, ਕ੍ਰਿਕਟ ਆਸਟ੍ਰੇਲੀਆ ਨੇ ਹੁਣ ਸ਼ੇਨ ਵਾਰਨ ਦੇ ਬਾਅਦ ਆਪਣਾ ਦੂਜਾ ਸਭ ਤੋਂ ਵੱਕਾਰੀ ਪੁਰਸਕਾਰ, ਆਸਟ੍ਰੇਲੀਆ ਪੁਰਸ਼ ਟੈਸਟ ਖਿਡਾਰੀ ਆਫ ਦਿ ਈਅਰ ਦਾ ਨਾਮ ਦੇਣ ਦਾ ਫੈਸਲਾ ਕੀਤਾ ਹੈ। ਹੁਣ ਇਸ ਐਵਾਰਡ ਦਾ ਨਾਂ ਸ਼ੇਨ ਵਾਰਨ ਟੈਸਟ ਪਲੇਅਰ ਆਫ ਦਿ ਈਅਰ ਹੋਵੇਗਾ।


ਸਾਲ ਦੇ ਸਰਵੋਤਮ ਟੈਸਟ ਖਿਡਾਰੀ ਦਾ ਪੁਰਸਕਾਰ ਸ਼ੇਨ ਵਾਰਨ ਦੇ ਹੋਵੇਗਾ ਨਾਂ 


ਕ੍ਰਿਕਟ ਆਸਟ੍ਰੇਲੀਆ ਨੇ ਇਹ ਫੈਸਲਾ ਦੱਖਣੀ ਅਫਰੀਕਾ ਖਿਲਾਫ਼ ਆਸਟਰੇਲੀਆ ਦੇ ਦੂਜੇ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਲਿਆ ਹੈ। ਵਾਰਨ ਨੇ ਆਪਣੇ ਕਰੀਅਰ 'ਚ ਇਕ ਵਾਰ ਕ੍ਰਿਕਟ ਆਸਟ੍ਰੇਲੀਆ ਦਾ ਇਹ ਵੱਕਾਰੀ ਪੁਰਸਕਾਰ ਜਿੱਤਿਆ ਹੈ। 2005 ਏਸ਼ੇਜ਼ ਵਿੱਚ ਇੰਗਲੈਂਡ ਦੇ ਖਿਲਾਫ਼ 40 ਵਿਕਟਾਂ ਲੈਣ ਤੋਂ ਬਾਅਦ ਉਸਨੂੰ 2006 ਵਿੱਚ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਗਿਆ ਸੀ।


ਵਾਰਨ ਨੇ ਇਸ ਸਾਲ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ 


ਸ਼ੇਨ ਵਾਰਨ ਦੁਨੀਆ ਦੇ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਵਿੱਚੋਂ ਇੱਕ ਸਨ। ਇਸ ਸਾਲ, 4 ਮਾਰਚ ਨੂੰ ਦੱਖਣੀ ਥਾਈਲੈਂਡ ਦੇ ਸਾਮੂਈ ਟਾਪੂ 'ਤੇ ਉਹਨਾਂ ਦੀ ਮੌਤ ਹੋ ਗਈ ਸੀ। ਉਹ ਆਪਣੇ ਦੋਸਤਾਂ ਨਾਲ ਛੁੱਟੀਆਂ ਬਿਤਾਉਣ ਲਈ ਥਾਈਲੈਂਡ ਗਏ ਹੋਏ ਸੀ। ਇਸ ਮਹਾਨ ਕ੍ਰਿਕਟਰ ਦੀ ਮੌਤ ਤੋਂ ਬਾਅਦ ਪੂਰਾ ਖੇਡ ਜਗਤ ਸੋਗ ਦੀ ਲਹਿਰ ਵਿਚ ਡੁੱਬ ਗਿਆ। ਦਰਅਸਲ ਵਾਰਨ ਦੀ ਸਪਿਨ ਗੇਂਦਬਾਜ਼ੀ ਇੰਨੀ ਮਸ਼ਹੂਰ ਸੀ ਕਿ ਉਨ੍ਹਾਂ ਨੂੰ ਜਾਦੂਗਰ ਵੀ ਕਿਹਾ ਜਾਂਦਾ ਸੀ। ਦੁਨੀਆ ਭਰ 'ਚ ਵਾਰਨ ਦੇ ਕਰੋੜਾਂ ਪ੍ਰਸ਼ੰਸਕ ਹਨ।


ਸ਼ੇਨ ਵਾਰਨ ਦਾ ਕਰੀਅਰ ਰਿਹਾ ਸ਼ਾਨਦਾਰ


ਸ਼ੇਨ ਵਾਰਨ ਨੇ ਆਸਟ੍ਰੇਲੀਆ ਲਈ 145 ਟੈਸਟ ਮੈਚ ਖੇਡੇ ਜਿਸ 'ਚ ਉਨ੍ਹਾਂ ਨੇ 708 ਵਿਕਟਾਂ ਲਈਆਂ। ਟੈਸਟ 'ਚ ਉਸ ਦਾ ਸਰਵੋਤਮ ਪ੍ਰਦਰਸ਼ਨ 71 ਦੌੜਾਂ 'ਤੇ 8 ਵਿਕਟਾਂ ਰਿਹਾ। ਉਸਨੇ ਆਸਟਰੇਲੀਆ ਲਈ 194 ਵਨਡੇ ਵੀ ਖੇਡੇ ਜਿਸ ਵਿੱਚ ਉਸਨੇ 293 ਵਿਕਟਾਂ ਲਈਆਂ। ਵਨਡੇ 'ਚ ਉਸ ਦਾ ਸਰਵੋਤਮ ਪ੍ਰਦਰਸ਼ਨ 33 ਦੌੜਾਂ 'ਤੇ 5 ਵਿਕਟਾਂ ਦਾ ਰਿਹਾ। ਇਸ ਤੋਂ ਇਲਾਵਾ ਵਾਰਨ ਨੇ ਟੈਸਟ 'ਚ 3154 ਦੌੜਾਂ ਅਤੇ ਵਨਡੇ 'ਚ 1018 ਦੌੜਾਂ ਬਣਾਈਆਂ ਹਨ।