IPL 2024 CSK vs GT Match Highlights: ਚੇਨਈ ਸੁਪਰ ਕਿੰਗਜ਼ (CSK) ਨੇ ਆਈਪੀਐੱਲ 2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਵਾਰ ਗੁਜਰਾਤ ਦੀ ਟੀਮ ਸੀ.ਐੱਸ.ਕੇ. ਦੇ ਹੱਥੇ ਚੜ੍ਹੀ। ਚੇਨਈ ਨੇ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਗੁਜਰਾਤ ਨੂੰ 63 ਦੌੜਾਂ ਨਾਲ ਹਰਾਇਆ। ਗੁਜਰਾਤ ਲਈ ਸਾਈ ਸੁਦਰਸ਼ਨ ਕਾਫੀ ਦੇਰ ਤੱਕ ਕ੍ਰੀਜ਼ 'ਤੇ ਰਹੇ, ਪਰ ਚੇਨਈ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਉੱਪਰ ਪੂਰਾ ਦਬਾਅ ਪਾਈ ਰੱਖਿਆ। ਸੁਦਰਸ਼ਨ ਨੇ 3 ਚੌਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ, ਪਰ ਉਨ੍ਹਾਂ ਦੀ ਪਾਰੀ ਟਾਈਟਨਜ਼ ਨੂੰ ਜਿੱਤ ਦੀ ਰੇਖਾ ਤੋਂ ਪਾਰ ਨਹੀਂ ਕਰਵਾ ਸਕੀ।
ਮੁਕਾਬਲੇ 'ਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਬਿਲਕੁੱਲ ਵੀ ਉਨ੍ਹਾਂ ਦੇ ਪੱਖ 'ਚ ਨਹੀਂ ਰਿਹਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ 6 ਵਿਕਟਾਂ 'ਤੇ 206 ਦੌੜਾਂ ਬਣਾਈਆਂ। ਸੀਐਸਕੇ ਲਈ ਸ਼ਿਵਮ ਦੁਬੇ ਨੇ 2 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 51 (23 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ। ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੇ ਬੱਲੇਬਾਜ਼ਾਂ ਨੇ ਚੇਨਈ ਦੇ ਗੇਂਦਬਾਜ਼ਾਂ ਨੂੰ ਟਿੱਕਣ ਨਹੀਂ ਦਿੱਤਾ ਅਤੇ ਸਮੇਂ-ਸਮੇਂ 'ਤੇ ਪੈਵੇਲੀਅਨ ਦਾ ਰਸਤਾ ਦਿਖਾਉਂਦੇ ਹੋਏ ਇਕਤਰਫਾ ਮੁਕਾਬਲਾ ਆਪਣੇ ਨਾਂਅ ਕਰ ਲਿਆ।
ਇਸ ਤਰ੍ਹਾਂ ਢੇਰ ਹੋਈ ਗੁਜਰਾਤ ਟਾਈਟਨਸ, ਇਕਤਰਫਾ ਗਵਾਇਆ ਮੁਕਾਬਲਾ
207 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਦੀ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ। ਟੀਮ ਨੂੰ ਪਹਿਲਾ ਝਟਕਾ ਕਪਤਾਨ ਗਿੱਲ ਦੇ ਰੂਪ 'ਚ ਲੱਗਾ, ਜੋ ਤੀਜੇ ਓਵਰ 'ਚ 1 ਛੱਕੇ ਦੀ ਮਦਦ ਨਾਲ ਸਿਰਫ 8 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਪੰਜਵੇਂ ਓਵਰ 'ਚ ਟੀਮ ਨੇ ਦੂਜਾ ਵਿਕਟ ਰਿਦੀਮਾਨ ਦੇ ਰੂਪ 'ਚ ਗਵਾਇਆ, ਜੋ 4 ਚੌਕਿਆਂ ਦੀ ਮਦਦ ਨਾਲ 21 ਦੌੜਾਂ (17 ਗੇਂਦਾਂ) ਬਣਾ ਕੇ ਪੈਵੇਲੀਅਨ ਪਰਤ ਗਏ।
ਫਿਰ ਵਿਜੇ ਸ਼ੰਕਰ ਗੁਜਰਾਤ ਦਾ ਤੀਜਾ ਵਿਕਟ ਬਣਿਆ, ਜੋ 8ਵੇਂ ਓਵਰ ਵਿੱਚ 1 ਛੱਕੇ ਦੀ ਮਦਦ ਨਾਲ 12 (12) ਦੌੜਾਂ ਬਣਾ ਕੇ ਆਊਟ ਹੋ ਗਿਆ। ਫਿਰ 12ਵੇਂ ਓਵਰ ਵਿੱਚ ਤੁਸ਼ਾਰ ਦੇਸ਼ਪਾਂਡੇ ਨੇ ਡੇਵਿਡ ਮਿਲਰ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਮਿਲਰ ਨੇ 3 ਚੌਕਿਆਂ ਦੀ ਮਦਦ ਨਾਲ 21 (16 ਗੇਂਦਾਂ) ਦੌੜਾਂ ਬਣਾਈਆਂ। ਫਿਰ 15ਵੇਂ ਓਵਰ 'ਚ ਟੀਮ ਨੂੰ ਪੰਜਵਾਂ ਝਟਕਾ ਸਾਈ ਸੁਦਰਸ਼ਨ ਦੇ ਰੂਪ 'ਚ ਲੱਗਾ, ਜੋ ਕਾਫੀ ਸਮੇਂ ਤੱਕ ਕ੍ਰੀਜ਼ 'ਤੇ ਸਨ। ਸੁਦਰਸ਼ਨ ਨੇ 3 ਚੌਕਿਆਂ ਦੀ ਮਦਦ ਨਾਲ 37 ਦੌੜਾਂ (31 ਗੇਂਦਾਂ) ਬਣਾਈਆਂ।
ਇਸ ਤੋਂ ਬਾਅਦ ਅਜ਼ਮਤੁੱਲਾ ਉਮਰਜ਼ਈ ਨੂੰ 16ਵੇਂ ਓਵਰ ਵਿੱਚ ਤੁਸ਼ਾਰ ਦੇਸ਼ਪਾਂਡੇ ਨੇ ਆਪਣਾ ਸ਼ਿਕਾਰ ਬਣਾਇਆ। ਉਮਰਜ਼ਈ ਨੇ 1 ਚੌਕੇ ਦੀ ਮਦਦ ਨਾਲ 11 (10 ਗੇਂਦਾਂ) ਦੌੜਾਂ ਬਣਾਈਆਂ। ਫਿਰ ਅਗਲੇ ਓਵਰ 'ਚ ਰਾਸ਼ਿਦ ਖਾਨ ਵਾਕ ਆਊਟ ਹੋਏ, ਜੋ ਸਿਰਫ 1 ਦੌੜਾਂ ਹੀ ਬਣਾ ਸਕੇ। ਫਿਰ ਰਾਹੁਲ ਤਿਵਾਤੀਆ (06) 19ਵੇਂ ਓਵਰ ਵਿੱਚ ਆਊਟ ਹੋ ਗਏ।
ਚੇਨਈ ਦੇ ਗੇਂਦਬਾਜ਼ਾਂ ਨੇ ਕਮਾਲ ਕਰ ਦਿਖਾਇਆ
ਚੇਨਈ ਲਈ ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ ਨੇ 2-2 ਵਿਕਟਾਂ ਲਈਆਂ। ਇਸ ਦੌਰਾਨ ਤੁਸ਼ਾਰ ਨੇ 4 ਓਵਰਾਂ 'ਚ 21 ਦੌੜਾਂ, ਦੀਪਕ ਨੇ 28 ਅਤੇ ਮੁਸਤਫਿਜ਼ੁਰ ਨੇ 30 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਡੇਰਿਲ ਮਿਸ਼ੇਲ ਅਤੇ ਮਥੀਸ਼ਾ ਪਥੀਰਾਨਾ ਨੂੰ 1-1 ਸਫਲਤਾ ਮਿਲੀ।