Novak Djokovic Insta Story: ਸਾਲ ਦੇ ਪਹਿਲੇ ਗ੍ਰੈਂਡ ਸਲੈਮ 'ਆਸਟ੍ਰੇਲੀਅਨ ਓਪਨ' ਤੋਂ ਠੀਕ ਪਹਿਲਾਂ ਟੈਨਿਸ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨਾਲ ਕ੍ਰਿਕਟ ਖੇਡਿਆ। ਇਹ ਦੋਵੇਂ ਟੈਨਿਸ ਕੋਰਟ 'ਚ ਵੀ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਏ। ਇਸ ਤੋਂ ਬਾਅਦ ਜੋਕੋਵਿਚ ਤੋਂ ਕ੍ਰਿਕਟ ਨਾਲ ਜੁੜੇ ਕਈ ਸਵਾਲ ਅਤੇ ਜਵਾਬ ਹੋਏ ਸੀ। ਇੱਥੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ ਨਾਂ ਵੀ ਲਿਆ। ਇਸ ਤੋਂ ਬਾਅਦ ਜਦੋਂ ਵਿਰਾਟ ਤੋਂ ਜੋਕੋਵਿਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਟੈਨਿਸ ਖਿਡਾਰੀ ਨਾਲ ਆਪਣੇ ਸਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਕੋਹਲੀ ਨੇ ਜੋਕੋਵਿਚ ਦੀ ਕਾਫੀ ਤਾਰੀਫ ਵੀ ਕੀਤੀ ਸੀ। ਕੋਹਲੀ ਦੀ ਇਸ ਤਾਰੀਫ ਤੋਂ ਬਾਅਦ ਜੋਕੋਵਿਚ ਨੇ ਹੁਣ ਵਿਰਾਟ ਦਾ ਧੰਨਵਾਦ ਕੀਤਾ ਹੈ।
ਜੋਕੋਵਿਚ ਨੇ ਇੱਕ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਇਸ ਸੋਟਰੀ 'ਚ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੀ ਇੱਕ ਰੀਲ ਸ਼ੇਅਰ ਕੀਤੀ ਹੈ, ਜਿਸ 'ਚ ਵਿਰਾਟ ਕੋਹਲੀ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਇਸ ਰੀਲ ਨੂੰ ਸ਼ੇਅਰ ਕਰਦੇ ਹੋਏ ਜੋਕੋਵਿਚ ਨੇ ਲਿਖਿਆ, 'ਇਨ੍ਹਾਂ ਪਿਆਰੇ ਸ਼ਬਦਾਂ ਲਈ ਧੰਨਵਾਦ ਵਿਰਾਟ। ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਅਸੀਂ ਇਕੱਠੇ ਖੇਡਾਂਗੇ।
ਵਿਰਾਟ ਨੇ ਜੋਕੋਵਿਚ ਬਾਰੇ ਕੀ ਕਿਹਾ?
ਅਫਗਾਨਿਸਤਾਨ ਖਿਲਾਫ ਇੰਦੌਰ 'ਚ ਖੇਡੇ ਗਏ ਟੀ-20 ਮੈਚ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਵਿਰਾਟ ਕੋਹਲੀ ਨੇ ਬੀਸੀਸੀਆਈ ਟੀਵੀ ਨਾਲ ਗੱਲਬਾਤ ਦੌਰਾਨ ਨੋਵਾਕ ਜੋਕੋਵਿਚ ਨਾਲ ਆਪਣੀ ਦੋਸਤੀ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ। ਵਿਰਾਟ ਕੋਹਲੀ ਨੇ ਕਿਹਾ, 'ਮੈਂ ਇੰਸਟਾਗ੍ਰਾਮ 'ਤੇ ਨੋਵਾਕ ਦੀ ਪ੍ਰੋਫਾਈਲ ਦੇਖ ਰਿਹਾ ਸੀ। ਮੈਂ ਉਸਨੂੰ ਮੈਸੇਜ ਕਰਨ ਲਈ ਚੈਟ ਬਾਕਸ ਖੋਲ੍ਹਿਆ ਅਤੇ ਦੇਖਿਆ ਕਿ ਉਸਨੇ ਮੈਨੂੰ ਪਹਿਲਾਂ ਹੀ ਮੈਸੇਜ ਕੀਤਾ ਸੀ। ਮੈਂ ਪਹਿਲੀ ਵਾਰ ਆਪਣਾ ਮੈਸੇਜ ਬਾਕਸ ਖੋਲ੍ਹਿਆ। ਉਸਦਾ ਮੈਸੇਜ ਬਹੁਤ ਸਮਾਂ ਪਹਿਲਾਂ ਆਇਆ ਸੀ। ਸ਼ੁਰੂ ਵਿੱਚ ਮੈਂ ਸੋਚਿਆ ਕਿ ਇਹ ਕਿਸੇ ਜਾਅਲੀ ਆਈਡੀ ਤੋਂ ਆਇਆ ਹੈ, ਪਰ ਜਦੋਂ ਮੈਂ ਦੁਬਾਰਾ ਜਾਂਚ ਕੀਤੀ, ਤਾਂ ਮੈਨੂੰ ਪਤਾ ਲੱਗਿਆ ਕਿ ਮੈਸੇਜ ਇੱਕ ਅਸਲੀ ਅਕਾਊਂਟ ਤੋਂ ਆਇਆ ਹੈ। ਇਸ ਤੋਂ ਬਾਅਦ ਸਾਡੀ ਗੱਲਬਾਤ ਸ਼ੁਰੂ ਹੋਈ। ਅਸੀਂ ਇੱਕ-ਦੂਜੇ ਨੂੰ ਉਪਲੱਬਧੀਆਂ ਦੀ ਵਧਾਈ ਦਿੰਦੇ ਰਹੇ ਹਾਂ।
ਇਸ ਤੋਂ ਬਾਅਦ ਵਿਰਾਟ ਨੇ ਨੋਵਾਕ ਦੀ ਕਾਫੀ ਤਾਰੀਫ ਕੀਤੀ। ਉਸ ਨੇ ਕਿਹਾ, 'ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹਾਂ। ਉਸ ਦਾ ਟੈਨਿਸ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਫਿਟਨੈੱਸ ਮੈਨੂੰ ਹਮੇਸ਼ਾ ਪ੍ਰੇਰਿਤ ਕਰਦੀ ਹੈ। ਕੋਹਲੀ ਨੇ ਇਹ ਵੀ ਕਿਹਾ ਕਿ ਉਹ ਭਾਰਤ 'ਚ ਕੌਫੀ 'ਤੇ ਜੋਕੋਵਿਚ ਨਾਲ ਗੱਲ ਕਰਨਾ ਚਾਹੁੰਦਾ ਹੈ। ਅੰਤ ਵਿੱਚ ਉਨ੍ਹਾਂ ਨੇ ਜੋਕੋਵਿਚ ਨੂੰ ਆਸਟ੍ਰੇਲੀਅਨ ਓਪਨ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।