ਰਜਨੀਸ਼ ਕੌਰ ਦੀ ਰਿਪੋਰਟ 


New Indian Captain: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਵਨਡੇ ਅਤੇ ਟੀ-20 ਟੀਮ ਦੇ ਨਵੇਂ ਕਪਤਾਨ ਬਣ ਸਕਦੇ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਰਦਿਕ ਨਾਲ ਇਸ ਬਾਰੇ ਗੱਲ ਕੀਤੀ ਗਈ ਹੈ ਅਤੇ ਜਵਾਬ ਦੇਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। ਫਿਲਹਾਲ ਇਸ ਸਬੰਧ 'ਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਇਹ ਤੈਅ ਹੈ ਕਿ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਹਾਰਦਿਕ ਨੂੰ ਕਪਤਾਨੀ ਮਿਲੇਗੀ। ਹਾਰਦਿਕ ਪਹਿਲਾਂ ਹੀ ਰੋਹਿਤ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਹਾਲ ਹੀ 'ਚ ਉਸ ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਸੀਰੀਜ਼ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ।


ਹਾਰਦਿਕ ਪੰਡਯਾ ਨੇ IPL 2022 'ਚ ਗੁਜਰਾਤ ਟਾਈਟਨਸ ਦੀ ਕੀਤੀ ਸੀ ਕਪਤਾਨੀ


ਹਾਰਦਿਕ ਪੰਡਯਾ ਨੇ ਇੰਡੀਅਨ ਪ੍ਰੀਮੀਅਰ ਲੀਗ 2022 ਵਿੱਚ ਗੁਜਰਾਤ ਟਾਈਟਨਸ ਦੀ ਕਪਤਾਨੀ ਕੀਤੀ, 15 ਮੈਚਾਂ ਵਿੱਚ 44.27 ਦੀ ਔਸਤ ਨਾਲ 487 ਦੌੜਾਂ ਬਣਾਈਆਂ। ਇਸ ਵਿੱਚ ਚਾਰ ਅਰਧ ਸੈਂਕੜੇ ਸ਼ਾਮਲ ਸਨ। ਉਸ ਨੇ ਇਸ ਟੂਰਨਾਮੈਂਟ ਵਿੱਚ ਅੱਠ ਵਿਕਟਾਂ ਵੀ ਲਈਆਂ। ਇਸ ਤੋਂ ਬਾਅਦ, ਜੂਨ ਦੇ ਮਹੀਨੇ ਵਿੱਚ, ਉਹਨਾਂ ਨੂੰ ਭਾਰਤੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਅਤੇ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਨੇ ਦੱਖਣੀ ਅਫਰੀਕਾ ਦੇ ਖਿਲਾਫ਼ ਸੀਰੀਜ਼ 2-2 ਨਾਲ ਖਤਮ ਕੀਤੀ।


ਦੋ ਟੀ-20 ਮੈਚਾਂ ਦੀ ਸੀਰੀਜ਼ 'ਚ ਪਹਿਲੀ ਵਾਰ ਭਾਰਤ ਦਾ ਕਪਤਾਨ ਚੁਣਿਆ 


ਹਾਰਦਿਕ ਨੂੰ ਆਇਰਲੈਂਡ ਦੇ ਖਿਲਾਫ਼ ਦੋ ਟੀ-20 ਮੈਚਾਂ ਦੀ ਸੀਰੀਜ਼ 'ਚ ਪਹਿਲੀ ਵਾਰ ਭਾਰਤ ਦਾ ਕਪਤਾਨ ਚੁਣਿਆ ਗਿਆ ਸੀ ਅਤੇ ਟੀਮ ਇੰਡੀਆ ਨੇ ਸੀਰੀਜ਼ 2-0 ਨਾਲ ਜਿੱਤੀ ਸੀ। ਹਾਰਦਿਕ ਵੈਸਟਇੰਡੀਜ਼ ਦੇ ਖਿਲਾਫ਼ ਟੀ-20 ਸੀਰੀਜ਼ 'ਚ ਵੀ ਭਾਰਤ ਦੇ ਉਪ-ਕਪਤਾਨ ਸਨ ਅਤੇ ਭਾਰਤ ਨੇ ਸੀਰੀਜ਼ 4-1 ਨਾਲ ਜਿੱਤੀ ਸੀ। ਪੰਡਯਾ ਨੇ ਨਿਊਜ਼ੀਲੈਂਡ ਦੇ ਖਿਲਾਫ਼ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ, ਰਿਸ਼ਭ ਪੰਤ ਉਸਦੇ ਉਪ-ਕਪਤਾਨ ਸਨ। ਭਾਰਤ ਨੇ ਸੀਰੀਜ਼ 1-0 ਨਾਲ ਜਿੱਤੀ। ਉਹਨਾਂ ਨੇ ਟੀ-20 ਵਿਸ਼ਵ ਕੱਪ ਦੇ ਕੁਝ ਮੈਚਾਂ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ।


ਹਾਰਦਿਕ ਦਾ ਰਿਕਾਰਡ 


ਇਸ ਸਾਲ, 27 ਮੈਚਾਂ ਦੀਆਂ 25 ਪਾਰੀਆਂ ਵਿੱਚ, ਹਾਰਦਿਕ ਨੇ 33.72 ਦੀ ਔਸਤ ਨਾਲ 607 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਅਰਧ ਸੈਂਕੜੇ ਅਤੇ 71* ਦਾ ਨਿੱਜੀ ਸਰਵੋਤਮ ਸਕੋਰ ਸ਼ਾਮਲ ਹੈ। ਉਹਨਾਂ ਨੇ ਇਸ ਸਾਲ ਟੀ-20 'ਚ ਵੀ 20 ਵਿਕਟਾਂ ਲਈਆਂ ਹਨ। ਇਸ ਸਾਲ ਤਿੰਨ ਇੱਕ ਰੋਜ਼ਾ ਮੈਚਾਂ ਵਿੱਚ ਵੀ, ਉਸਨੇ ਦੋ ਪਾਰੀਆਂ ਵਿੱਚ 71* ਦੇ ਸਰਵੋਤਮ ਸਕੋਰ ਨਾਲ 100 ਦੌੜਾਂ ਬਣਾਈਆਂ ਹਨ। ਉਸ ਨੇ ਇਸ ਸਾਲ ਵਨਡੇ ਵਿੱਚ ਛੇ ਵਿਕਟਾਂ ਵੀ ਲਈਆਂ ਹਨ।


ਹਾਰਦਿਕ ਸ਼੍ਰੀਲੰਕਾ ਖਿਲਾਫ਼ ਕਪਤਾਨੀ ਲੈਣ ਲਈ ਤਿਆਰ


ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਹਾਰਦਿਕ ਪੰਡਯਾ 3 ਜਨਵਰੀ ਤੋਂ ਮੁੰਬਈ 'ਚ ਸ਼੍ਰੀਲੰਕਾ ਦੇ ਖਿਲਾਫ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ 'ਚ ਭਾਰਤ ਦੀ ਕਪਤਾਨੀ ਕਰ ਸਕਦੇ ਹਨ। ਇਸ ਲੜੀ ਦਾ ਦੂਜਾ ਮੈਚ ਪੁਣੇ (5 ਜਨਵਰੀ) ਅਤੇ ਤੀਜਾ ਮੈਚ ਰਾਜਕੋਟ (7 ਜਨਵਰੀ) ਵਿੱਚ ਹੋਵੇਗਾ। ਖਬਰਾਂ ਮੁਤਾਬਕ ਰੋਹਿਤ ਸ਼ਰਮਾ ਨੂੰ ਅੰਗੂਠੇ ਦੀ ਸੱਟ ਤੋਂ ਉਭਰਨ 'ਚ ਹੋਰ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹ (ਰੋਹਿਤ) ਟੀ-20 ਕਪਤਾਨੀ ਤੋਂ ਹਟ ਜਾਵੇਗਾ ਜਾਂ ਇਸ ਮਾਮਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।


ਆਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ ਤੋਂ ਭਾਰਤ ਦੇ ਸੈਮੀਫਾਈਨਲ ਤੋਂ ਬਾਹਰ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੀਂ ਚੋਣ ਕਮੇਟੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਪਤਾਨੀ ਵਿਚ ਬਦਲਾਅ ਕੀਤਾ ਜਾਵੇਗਾ। ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਅਟਕਲਾਂ ਦੇ ਬਾਵਜੂਦ, ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਸਿਖਰ ਕੌਂਸਲ ਦੀ ਮੀਟਿੰਗ ਵਿੱਚ ਭਾਰਤ ਦੀ ਟੀ-20 ਕਪਤਾਨੀ 'ਤੇ ਕੋਈ ਚਰਚਾ ਨਹੀਂ ਹੋਈ।


ਬੀਸੀਸੀਆਈ ਨੇ ਹਾਰਦਿਕ ਪੰਡਯਾ ਨੂੰ ਮੰਨਿਆ ਕਪਤਾਨੀ ਦਾ ਨਵਾਂ ਵਿਕਲਪ  


ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਇਹ ਮਾਮਲਾ ਸਿਖਰ ਕੌਂਸਲ ਦੇ ਏਜੰਡੇ 'ਤੇ ਵੀ ਨਹੀਂ ਸੀ ਅਤੇ ਇਸ 'ਤੇ ਚਰਚਾ ਨਹੀਂ ਕੀਤੀ ਗਈ ਸੀ। ਸਿਰਫ਼ ਚੋਣ ਕਮੇਟੀ ਹੀ ਕਪਤਾਨੀ ਬਾਰੇ ਫ਼ੈਸਲਾ ਕਰ ਸਕਦੀ ਹੈ। ਹਾਲਾਂਕਿ, ਭਾਰਤ ਦੀ T20I ਟੀਮ ਪੂਰੀ ਤਰ੍ਹਾਂ ਨਾਲ ਸੁਧਾਰ ਲਈ ਹੈ ਅਤੇ ਹਾਰਦਿਕ ਪੰਡਯਾ ਨੂੰ ਕਪਤਾਨੀ ਦਾ ਨਵਾਂ ਵਿਕਲਪ ਮੰਨਿਆ ਜਾ ਰਿਹਾ ਹੈ।


ਸਾਲ 2023 'ਚ ਭਾਰਤ ਨੇ ਸਿਰਫ ਛੇ ਟੀ-20 ਮੈਚ ਖੇਡਣੇ ਹਨ। ਇਸ ਸਾਲ ਵਨਡੇ ਵਿਸ਼ਵ ਕੱਪ ਦੇ ਕਾਰਨ ਜ਼ਿਆਦਾਤਰ ਸੀਰੀਜ਼ ਵਨਡੇ ਫਾਰਮੈਟ 'ਚ ਖੇਡੀਆਂ ਜਾਣਗੀਆਂ। ਰੋਹਿਤ 2024 ਟੀ-20 ਵਿਸ਼ਵ ਕੱਪ ਲਈ ਭਾਰਤੀ ਪ੍ਰਬੰਧਨ ਦੀ ਯੋਜਨਾ 'ਚ ਨਹੀਂ ਹੈ। ਅਜਿਹੇ 'ਚ ਹਾਰਦਿਕ ਨੂੰ ਨਵਾਂ ਕਪਤਾਨ ਬਣਾਇਆ ਜਾ ਸਕਦਾ ਹੈ।


ਬੀਸੀਸੀਆਈ ਦੇ ਇੱਕ ਸਾਬਕਾ ਅਧਿਕਾਰੀ ਨੇ ਕਿਹਾ, "ਪਹਿਲਾ ਟੀ-20 ਵਾਨਖੇੜੇ ਵਿੱਚ ਹੈ, ਜੋ ਰੋਹਿਤ ਦਾ ਘਰੇਲੂ ਮੈਦਾਨ ਹੈ। ਚੋਣਕਾਰ ਅਤੇ ਬੀਸੀਸੀਆਈਏਯੂ ਸਕੱਤਰ (ਸ਼ਾਹ) ਉਸ ਨੂੰ ਵਿਦਾਇਗੀ ਟੀ-20 ਮੈਚ ਕਿਉਂ ਨਹੀਂ ਦਿੰਦੇ ਅਤੇ ਭਾਰਤੀ ਟੀਮ ਦੀ ਅਗਵਾਈ ਵਿੱਚ ਸ਼ਾਨਦਾਰ ਤਬਦੀਲੀ ਕਿਉਂ ਨਹੀਂ ਕਰਦੇ?" ਹਾਲਾਂਕਿ ਹਾਰਦਿਕ ਨੂੰ ਵਨਡੇ 'ਚ ਕਪਤਾਨ ਬਣਾਏ ਜਾਣ ਤੋਂ ਪਹਿਲਾਂ ਉਹਨਾਂ ਦੇ ਕੰਮ ਦੇ ਬੋਝ ਅਤੇ ਇਸ ਦੇ ਪ੍ਰਭਾਵ 'ਤੇ ਚਰਚਾ ਕੀਤੀ ਜਾਵੇਗੀ।