ਭਾਰਤੀ ਕ੍ਰਿਕਟ ਟੀਮ (Indian Cricket Team) ਨੂੰ ਵਿਦੇਸ਼ਾਂ 'ਚ ਜ਼ਿਆਦਾ ਸਫਲਤਾਵਾਂ ਮਿਲੀਆਂ ਹਨ। ਆਸਟ੍ਰੇਲੀਆ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ, ਜਿੱਥੇ ਟੀਮ ਇੰਡੀਆ ਨੇ ਲਗਾਤਾਰ ਦੋ ਵਾਰ ਟੈਸਟ ਸੀਰੀਜ਼ ਜਿੱਤੀ। ਟੀਮ ਇੰਗਲੈਂਡ ਅਤੇ ਦੱਖਣੀ ਅਫਰੀਕਾ 'ਚ ਵੀ ਸੀਰੀਜ਼ ਜਿੱਤਣ ਦੀ ਸਥਿਤੀ 'ਚ ਸੀ ਪਰ ਜਿੱਤ ਨਹੀਂ ਸਕੀ। ਫਿਰ ਵੀ, ਟੀਮ ਇਸ ਸਥਿਤੀ ਵਿੱਚ ਸੀ ਕਿਉਂਕਿ ਉਨ੍ਹਾਂ ਕੋਲ ਸ਼ਾਨਦਾਰ ਤੇਜ਼ ਗੇਂਦਬਾਜ਼ੀ ਹੈ, ਜਿਸ ਨੇ ਲਗਾਤਾਰ ਸਫਲਤਾਵਾਂ ਦਿੱਤੀਆਂ ਹਨ। ਟੀਮ ਇੰਡੀਆ ਦੀ ਕਾਮਯਾਬੀ ਪਿੱਛੇ ਇਹ ਸਭ ਤੋਂ ਵੱਡੀ ਤਾਕਤ ਰਹੀ ਹੈ, ਪਰ ਐਜਬੈਸਟਨ ਟੈਸਟ (Edgbaston Test) 'ਚ ਹਾਰ ਨੇ ਫਿਰ ਇਸ ਤਾਕਤ ਦੀ ਇੱਕ ਵੱਡੀ ਕਮਜ਼ੋਰੀ ਵੱਲ ਧਿਆਨ ਖਿੱਚਿਆ ਹੈ, ਜੋ ਹੁਣ ਇਕ ਗੰਭੀਰ ਸਮੱਸਿਆ ਬਣ ਗਈ ਜਾਪਦੀ ਹੈ ਕਿਉਂਕਿ ਅਜਿਹਾ ਇੱਕ ਜਾਂ ਦੋ ਵਾਰ ਨਹੀਂ, ਸਗੋਂ ਲਗਾਤਾਰ ਤੀਜੀ ਵਾਰ ਹੋਇਆ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਐਜਬੈਸਟਨ ਟੈਸਟ ਮੰਗਲਵਾਰ, 5 ਜੁਲਾਈ ਨੂੰ ਸਮਾਪਤ ਹੋ ਗਿਆ, ਜਿਸ ਵਿੱਚ ਮੇਜ਼ਬਾਨ ਇੰਗਲੈਂਡ ਨੂੰ 378 ਦੌੜਾਂ ਦਾ ਟੀਚਾ ਹਾਸਲ ਕਰਕੇ ਜਿੱਤ ਹਾਸਿਲ ਕੀਤੀ ਹੈ। ਪਰ ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਹੈ ਕਿ ਇੰਗਲੈਂਡ ਨੇ ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਸਾਹਮਣੇ ਇਸ ਨੂੰ ਹਾਸਲ ਕੀਤਾ। ਇੰਗਲੈਂਡ ਲਈ ਇਹ ਵੱਡੀ ਪ੍ਰਾਪਤੀ ਹੈ, ਪਰ ਟੀਮ ਇੰਡੀਆ ਲਈ ਇਹ ਅਸਲ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਵਿਦੇਸ਼ੀ ਧਰਤੀ 'ਤੇ ਇਹ ਲਗਾਤਾਰ ਤੀਜਾ ਟੈਸਟ ਮੈਚ ਸੀ, ਜਿਸ 'ਚ ਭਾਰਤੀ ਟੀਮ ਚੌਥੀ ਪਾਰੀ ਵਿੱਚ ਆਪਣੇ ਸਕੋਰ ਦਾ ਬਚਾਅ ਕਰਨ 'ਚ ਨਾਕਾਮ ਰਹੀ।
ਚੌਥੀ ਪਾਰੀ ਵਿੱਚ ਟੀਚੇ ਦਾ ਪਿੱਛਾ ਕਰਨਾ ਕਦੇ ਵੀ ਅਤੇ ਕਿਸੇ ਵੀ ਹਾਲਾਤ ਵਿੱਚ ਆਸਾਨ ਨਹੀਂ ਹੁੰਦਾ। ਉਸ 'ਚ ਵੀ ਜਦੋਂ ਸਕੋਰ 200 ਜਾਂ 300 ਤੋਂ ਜ਼ਿਆਦਾ ਹੁੰਦਾ ਹੈ ਤਾਂ ਪਿੱਛਾ ਕਰਨ ਵਾਲੀ ਟੀਮ ਨੂੰ ਕੁਝ ਮੌਕਿਆਂ 'ਤੇ ਹੀ ਸਫਲਤਾ ਮਿਲਦੀ ਹੈ ਪਰ ਟੀਮ ਇੰਡੀਆ ਫਿਲਹਾਲ ਇਸ 'ਚ ਕਮੀ ਮਹਿਸੂਸ ਕਰ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਇਸ ਸਾਲ ਜਨਵਰੀ ਤੋਂ ਹੋਈ ਹੈ। ਇਸ ਸਾਲ ਜਨਵਰੀ 'ਚ ਦੱਖਣੀ ਅਫਰੀਕਾ ਦੌਰੇ 'ਤੇ ਟੀਮ ਇੰਡੀਆ ਇਸ ਤਰ੍ਹਾਂ ਲਗਾਤਾਰ ਦੋ ਮੈਚ ਹਾਰ ਗਈ ਸੀ। ਜੋਹਾਨਸਬਰਗ 'ਚ ਖੇਡੇ ਗਏ ਦੂਜੇ ਟੈਸਟ 'ਚ ਦੱਖਣੀ ਅਫਰੀਕਾ ਦੀ ਮੁਕਾਬਲਤਨ ਕਮਜ਼ੋਰ ਬੱਲੇਬਾਜ਼ੀ ਨੇ 240 ਦੌੜਾਂ ਦੇ ਔਖੇ ਟੀਚੇ ਨੂੰ ਸਿਰਫ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਇਸ ਤੋਂ ਬਾਅਦ ਕੇਪਟਾਊਨ 'ਚ ਖੇਡੇ ਗਏ ਅਗਲੇ ਹੀ ਟੈਸਟ 'ਚ ਦੱਖਣੀ ਅਫਰੀਕਾ ਨੇ ਫਿਰ ਚੌਥੀ ਪਾਰੀ 'ਚ 3 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ।
ਕੌੜਾ ਸੱਚ ਬਿਆਨ ਕਰਦਾ ਡਾਟਾ
ਹੁਣ ਐਜਬੈਸਟਨ 'ਚ ਵੀ ਭਾਰਤੀ ਟੀਮ ਸਿਰਫ 3 ਵਿਕਟਾਂ ਹੀ ਲੈ ਸਕੀ, ਜਦਕਿ ਇੰਗਲੈਂਡ ਨੇ ਕਰੀਬ 77 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਦੀ ਚੌਥੀ ਪਾਰੀ ਦੀ ਸਮੱਸਿਆ ਨੂੰ ਹੋਰ ਨੇੜਿਓਂ ਸਮਝਣ ਲਈ ਇਨ੍ਹਾਂ ਅੰਕੜਿਆਂ ਨੂੰ ਦੇਖਣਾ ਹੋਵੇਗਾ। ਇਸ ਸਾਲ ਖੇਡੇ ਗਏ ਤਿੰਨ ਟੈਸਟ ਮੈਚਾਂ ਦੀ ਚੌਥੀ ਪਾਰੀ 'ਚ ਭਾਰਤੀ ਗੇਂਦਬਾਜ਼ਾਂ ਨੇ ਕੁੱਲ 207.5 ਓਵਰ ਸੁੱਟੇ, ਜਿਸ 'ਚ ਉਨ੍ਹਾਂ ਨੂੰ ਸਿਰਫ 8 ਵਿਕਟਾਂ ਮਿਲੀਆਂ। ਯਾਨੀ ਟੀਮ ਨੇ 1 ਵਿਕਟ ਲਈ 100.25 ਦੌੜਾਂ ਦੀ ਔਸਤ ਨਾਲ ਖਰਚ ਕੀਤਾ, ਜਦਕਿ ਉਨ੍ਹਾਂ ਨੂੰ ਇੱਕ ਵਿਕਟ ਲਈ 155.8 ਗੇਂਦਾਂ (ਸਟਰਾਈਕ ਰੇਟ) ਦਾ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਦਾ ਇਕਾਨਮੀ ਰੇਟ ਵੀ 3.85 ਦੌੜਾਂ ਪ੍ਰਤੀ ਓਵਰ ਰਿਹਾ। ਯਾਨੀ ਅਗਲੇ ਵਿਦੇਸ਼ੀ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਇਸ ਕਮਜ਼ੋਰੀ ਨੂੰ ਸੁਧਾਰਨਾ ਹੋਵੇਗਾ।