Shubman Gill In Test: ਸ਼ੁਭਮਨ ਗਿੱਲ ਟੈਸਟ ਕ੍ਰਿਕਟ 'ਚ ਲਗਾਤਾਰ ਫਲਾਪ ਹੁੰਦੇ ਨਜ਼ਰ ਆ ਰਹੇ ਹਨ। ਗਿੱਲ ਨੂੰ ਲਗਾਤਾਰ ਮੌਕੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦਾ ਉਹ ਫਾਇਦਾ ਨਹੀਂ ਉਠਾ ਪਾ ਰਹੇ ਹਨ। ਗਿੱਲ ਦੀਆਂ ਪਿਛਲੀਆਂ 10 ਟੈਸਟ ਪਾਰੀਆਂ 'ਤੇ ਨਜ਼ਰ ਮਾਰੀਏ ਤਾਂ ਤੁਹਾਡੇ ਦਿਮਾਗ 'ਚ ਸਿੱਧਾ ਸਵਾਲ ਉੱਠੇਗਾ ਕਿ ਉਸ ਨੂੰ ਲਗਾਤਾਰ ਮੌਕੇ ਕਿਉਂ ਦਿੱਤੇ ਜਾ ਰਹੇ ਹਨ? ਪਿਛਲੀਆਂ 10 ਟੈਸਟ ਪਾਰੀਆਂ ਵਿੱਚ ਗਿੱਲ ਨੇ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਹੈ।


ਇਨ੍ਹੀਂ ਦਿਨੀਂ ਗਿੱਲ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੀ ਪਹਿਲੀ ਪਾਰੀ 'ਚ ਵੀ ਫਲਾਪ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੌਰੇ ਦੌਰਾਨ ਵੀ ਗਿੱਲ ਟੈਸਟ 'ਚ ਫਲਾਪ ਸਾਬਿਤ ਹੋਏ ਸੀ। ਪਿਛਲੀਆਂ 10 ਪਾਰੀਆਂ ਵਿੱਚ ਗਿੱਲ ਸਿਰਫ਼ ਇੱਕ ਵਾਰ 30 ਦੌੜਾਂ ਦਾ ਅੰਕੜਾ ਪਾਰ ਕਰ ਸਕਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 'ਫਲਾਪ ਗਿੱਲ' ਨੂੰ ਕਦੋਂ ਤੱਕ ਅਜਿਹੇ ਮੌਕੇ ਦਿੱਤੇ ਜਾਂਦੇ ਰਹਿਣਗੇ?


ਵਿਦੇਸ਼ਾਂ ਤੋਂ ਇਲਾਵਾ ਗਿੱਲ ਘਰੇਲੂ ਸਰਜ਼ਮੀ ਉੱਪਰ ਵੀ ਫਲਾਪ ਹੁੰਦੇ ਨਜ਼ਰ ਆ ਰਹੇ ਹਨ। ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਨੇ ਦੱਖਣੀ ਅਫਰੀਕਾ ਦੌਰੇ 'ਤੇ ਦੋ ਟੈਸਟ ਮੈਚ ਖੇਡੇ ਸਨ। ਅਫਰੀਕਾ ਖਿਲਾਫ ਦੋ ਮੈਚਾਂ ਦੀਆਂ 4 ਪਾਰੀਆਂ 'ਚ ਗਿੱਲ ਨੇ ਕ੍ਰਮਵਾਰ 2, 26, 36 ਅਤੇ 10 ਦੌੜਾਂ ਬਣਾਈਆਂ ਸੀ। ਇਸ ਤੋਂ ਬਾਅਦ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਪਹਿਲੇ ਮੈਚ ਦੀ ਪਹਿਲੀ ਪਾਰੀ 'ਚ ਗਿੱਲ ਸਿਰਫ 23 ਦੌੜਾਂ ਬਣਾ ਕੇ ਆਊਟ ਹੋ ਗਏ।


ਇੰਗਲੈਂਡ ਖਿਲਾਫ ਆਖਰੀ ਤਿੰਨ ਮੈਚਾਂ 'ਚ ਨਹੀਂ ਹੋਏਗਾ ਸਿਲੈਕਟ ?


ਭਾਰਤ ਨੂੰ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਬੀਸੀਸੀਆਈ ਨੇ ਪਹਿਲੇ ਦੋ ਟੈਸਟਾਂ ਲਈ ਹੀ ਟੀਮ ਇੰਡੀਆ ਦਾ ਐਲਾਨ ਕੀਤਾ ਸੀ। ਅਜਿਹੇ 'ਚ ਹੁਣ ਸਵਾਲ ਇਹ ਉੱਠਦਾ ਹੈ ਕਿ ਗਿੱਲ ਨੂੰ ਆਖਰੀ ਤਿੰਨ ਮੈਚਾਂ ਲਈ ਟੀਮ 'ਚੋਂ ਬਾਹਰ ਕੀਤਾ ਜਾਵੇਗਾ? ਤਾਂ ਇਸ ਦਾ ਜਵਾਬ ਗਿੱਲ ਖੁਦ ਦੇ ਸਕਦੇ ਹਨ, ਅਤੇ ਕਿਵੇਂ? ਹੁਣ ਜੇਕਰ ਗਿੱਲ ਪਹਿਲੇ ਮੈਚ ਅਤੇ ਦੂਜੇ ਟੈਸਟ ਦੀ ਦੂਜੀ ਪਾਰੀ 'ਚ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਆਖਰੀ ਤਿੰਨ ਮੈਚਾਂ ਲਈ ਚੁਣਿਆ ਜਾਵੇਗਾ, ਜੇਕਰ ਉਹ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਗਿੱਲ ਨੂੰ ਆਖਰੀ ਟੈਸਟ ਤੋਂ ਵੀ ਬਾਹਰ ਕੀਤਾ ਜਾ ਸਕਦਾ ਹੈ। ਹੁਣ ਗਿੱਲ ਦੇ ਪ੍ਰਦਰਸ਼ਨ ਅਤੇ ਚੋਣਕਰਤਾਵਾਂ ਦੇ ਫੈਸਲੇ ਨੂੰ ਦੇਖਣਾ ਦਿਲਚਸਪ ਹੋਵੇਗਾ।


ਹੁਣ ਤੱਕ ਅਜਿਹਾ ਰਿਹਾ ਟੈਸਟ ਕਰੀਅਰ


ਤੁਹਾਨੂੰ ਦੱਸ ਦੇਈਏ ਕਿ ਗਿੱਲ ਨੇ ਦਸੰਬਰ 2020 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਲਾਲ ਗੇਂਦ ਦੇ 20 ਮੈਚ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 37 ਪਾਰੀਆਂ 'ਚ ਬੱਲੇਬਾਜ਼ੀ ਕਰਦਿਆਂ ਉਸ ਨੇ 30.58 ਦੀ ਔਸਤ ਨਾਲ 1040 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 128 ਦੌੜਾਂ ਦੇ ਸਭ ਤੋਂ ਵੱਧ ਸਕੋਰ ਦੇ ਨਾਲ 2 ਸੈਂਕੜੇ ਅਤੇ 4 ਅਰਧ ਸੈਂਕੜੇ ਲਗਾਏ ਹਨ।