Smriti Mandhana T20I Opener Recrod: ਇਨ੍ਹੀਂ ਦਿਨੀਂ ਭਾਰਤ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਦੀਆਂ ਮਹਿਲਾ ਟੀਮਾਂ ਵਿਚਾਲੇ ਤਿਕੋਣੀ ਸੀਰੀਜ਼ ਖੇਡੀ ਜਾ ਰਹੀ ਹੈ। 23 ਜਨਵਰੀ ਨੂੰ ਇਸ ਸੀਰੀਜ਼ ਦਾ ਤੀਜਾ ਮੈਚ ਭਾਰਤ ਅਤੇ ਵੈਸਟਇੰਡੀਜ਼ ਦੀਆਂ ਮਹਿਲਾ ਟੀਮਾਂ ਵਿਚਾਲੇ ਖੇਡਿਆ ਗਿਆ। ਈਸਟ ਲੰਡਨ ਦੇ ਬਫੇਲੋ ਪਾਰਕ 'ਚ ਖੇਡੇ ਗਏ ਮੈਚ 'ਚ ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਨਿੱਜੀ ਉਪਲੱਬਧੀ ਹਾਸਲ ਕੀਤੀ। ਉਸ ਨੇ ਮੈਚ 'ਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 51 ਗੇਂਦਾਂ 'ਤੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਸਮ੍ਰਿਤੀ ਟੀ-20 ਮਹਿਲਾ ਇੰਟਰਨੈਸ਼ਨਲ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਦੁਨੀਆ ਦੀ ਤੀਜੀ ਬੱਲੇਬਾਜ਼ ਬਣ ਗਈ।
ਦੁਨੀਆ ਦੀ ਤੀਜੀ ਬੱਲੇਬਾਜ਼
ਵੈਸੇ, ਮਹਿਲਾ ਟੀ-20 ਇੰਟਰਨੈਸ਼ਨਲ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਦੇ ਨਾਂ ਹੈ। ਬੇਟਸ ਨੇ ਕੀਵੀ ਟੀਮ ਲਈ ਟੀ-20 ਅੰਤਰਰਾਸ਼ਟਰੀ ਵਿੱਚ ਪਾਰੀ ਦੀ ਸ਼ੁਰੂਆਤ ਕਰਦੇ ਹੋਏ 3402 ਦੌੜਾਂ ਬਣਾਈਆਂ ਹਨ। ਇਸ ਮਾਮਲੇ 'ਚ ਇੰਗਲੈਂਡ ਦੀ ਸ਼ਾਰਲੋਟ ਐਡਵਰਡਸ ਦੂਜੇ ਨੰਬਰ 'ਤੇ ਹੈ। ਉਸ ਨੇ ਇੰਗਲਿਸ਼ ਟੀਮ ਲਈ ਟੀ-20 ਇੰਟਰਨੈਸ਼ਨਲ ਦੀ ਸ਼ੁਰੂਆਤ ਕਰਦੇ ਹੋਏ 2570 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਦੀ ਸਮ੍ਰਿਤੀ ਮੰਧਾਨਾ ਹੁਣ ਇਸ ਸੂਚੀ 'ਚ ਤੀਜੇ ਨੰਬਰ 'ਤੇ ਪਹੁੰਚ ਗਈ ਹੈ। ਮੰਧਾਨਾ ਨੇ ਟੀ-20 ਇੰਟਰਨੈਸ਼ਨਲ 'ਚ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਹੁਣ ਤੱਕ 2525 ਦੌੜਾਂ ਬਣਾਈਆਂ ਹਨ।
ਸਮ੍ਰਿਤੀ ਦਾ T20I ਕਰੀਅਰ
ਸਮ੍ਰਿਤੀ ਮੰਧਾਨਾ ਨੇ ਭਾਰਤ ਲਈ 109 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ 109 ਮੈਚਾਂ ਦੀਆਂ 105 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 2646 ਦੌੜਾਂ ਬਣਾਈਆਂ ਹਨ। ਉਸ ਦੇ ਨਾਂ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ 20 ਅਰਧ ਸੈਂਕੜੇ ਹਨ। ਸਮ੍ਰਿਤੀ ਦਾ ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਸਕੋਰ 86 ਦੌੜਾਂ ਹੈ। ਉਸ ਨੇ ਟੀ-20 ਅੰਤਰਰਾਸ਼ਟਰੀ ਵਿੱਚ ਭਾਰਤ ਲਈ ਸਭ ਤੋਂ ਵੱਧ 20 ਅਰਧ ਸੈਂਕੜੇ ਬਣਾਏ ਹਨ। ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਤਿਕੋਣੀ ਟੀ-20 ਸੀਰੀਜ਼ 'ਚ ਉਹ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਦੂਜੀ ਮਹਿਲਾ ਸਲਾਮੀ ਬੱਲੇਬਾਜ਼ ਬਣ ਸਕਦੀ ਹੈ। ਉਸ ਨੂੰ ਚਾਰਲੋਟ ਐਡਵਰਡਸ ਨੂੰ ਪਿੱਛੇ ਛੱਡਣ ਲਈ ਸਿਰਫ਼ 46 ਦੌੜਾਂ ਦੀ ਲੋੜ ਹੈ।