T20 World Cup Largest Security By USA: ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਉੱਪਰ ਅੱਤਵਾਦੀਆਂ ਦਾ ਖਤਰਾ ਮੰਡਰਾ ਰਿਹਾ ਹੈ। ਦੱਸ ਦੇਈਏ ਕਿ ਇਸ ਮੈਚ ਉੱਪਰ ISIS ਅੱਤਵਾਦੀ ਹਮਲੇ ਨੂੰ ਲੈ ਸੁਰਖੀਆਂ ਤੇਜ਼ ਹੋ ਗਈਆਂ ਹਨ। ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਕੁਝ ਦਿਨਾਂ 'ਚ ਸ਼ੁਰੂ ਹੋਣ ਵਾਲਾ ਹੈ ਅਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਧਮਕੀ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਅਤੇ ਆਈ.ਸੀ.ਸੀ. ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਹਾਲਾਂਕਿ, ਨਿਊਯਾਰਕ ਦੇ ਗਵਰਨਰ ਦਫਤਰ ਦੇ ਇੱਕ ਬਿਆਨ ਦੇ ਅਨੁਸਾਰ, ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹਨਾਂ ਦੀ ਜਾਣਕਾਰੀ ਅਨੁਸਾਰ "ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਭਰੋਸੇਯੋਗ ਖ਼ਤਰਾ ਨਹੀਂ ਹੈ।"
ਰੱਖੀ ਜਾ ਰਹੀ ਪੂਰੀ ਨਿਗਰਾਨੀ
ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ, ਆਈਸੀਸੀ ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਕਿਹਾ, "ਈਵੈਂਟ ਵਿੱਚ ਹਰ ਕਿਸੇ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਸਾਡੇ ਕੋਲ ਇੱਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਯੋਜਨਾ ਹੈ। ਅਸੀਂ ਆਪਣੇ ਮੇਜ਼ਬਾਨ ਵਿੱਚ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।" ਅਸੀਂ ਲਗਾਤਾਰ ਗਲੋਬਲ ਲੈਂਡਸਕੇਪ ਦੀ ਨਿਗਰਾਨੀ ਅਤੇ ਮੁਲਾਂਕਣ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਘਟਨਾ ਲਈ ਪਛਾਣੇ ਗਏ ਕਿਸੇ ਵੀ ਜੋਖਮ ਨੂੰ ਘਟਾਉਣ ਲਈ ਉਚਿਤ ਯੋਜਨਾਵਾਂ ਮੌਜੂਦ ਹਨ।"
ਦੇਸ਼ ਦੇ ਇਤਿਹਾਸ ਦੀ ਵੱਡੀ ਸੁਰੱਖਿਆ
ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕੱਪ ਮੈਚ ਦੌਰਾਨ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸੁਰੱਖਿਆ ਦਾ ਵਿਸ਼ੇਸ਼ ਇੰਤਜ਼ਾਮ ਹੋਏਗਾ। ਜਿਸਦਾ ਕਿ ਅਮਰੀਕਾ ਵੱਲੋਂ ਵਾਅਦਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਈਡਰ ਨੇ ਦੱਸਿਆ ਕਿ "ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਸੁਰੱਖਿਆ" ਦਾ ਭਰੋਸਾ ਦਿਵਾਇਆ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਸਾਓ ਕਾਉਂਟੀ "9 ਜੂਨ ਨੂੰ ਸਭ ਤੋਂ ਸੁਰੱਖਿਅਤ ਸਥਾਨ" ਬਣਿਆ ਰਹੇਗਾ।
ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਵਰਲਡ ਕੱਪ ਮੈਚਾਂ ਦੌਰਾਨ "ਜਨਤਕ ਸੁਰੱਖਿਆ" ਨੂੰ ਯਕੀਨੀ ਬਣਾਉਣ ਲਈ "ਉੱਚ ਸੁਰੱਖਿਆ" ਪ੍ਰਦਾਨ ਕੀਤੀ ਜਾਏਗੀ।