IPL 2024 Playoff, Qualifier 1: ਆਈਪੀਐੱਲ ਸੀਜ਼ਨ 17 ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਵਿਚਾਲੇ ਫੈਨਜ਼ ਨੂੰ ਨਿਰਾਸ਼ ਹੋਣਾ ਪਿਆ। ਦਰਅਸਲ, IPL ਦਾ 63ਵਾਂ ਮੈਚ ਅਹਿਮਦਾਬਾਦ 'ਚ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਜੀ ਹਾਂ, ਗੁਜਰਾਤ ਅਤੇ ਕੋਲਕਾਤਾ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ। ਦੋਵਾਂ ਟੀਮਾਂ ਦੇ ਕਪਤਾਨਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਅਤੇ ਮੈਚ ਨੂੰ ਅਧਿਕਾਰਤ ਤੌਰ 'ਤੇ ਰੱਦ ਕਰਨ ਦਾ ਐਲਾਨ ਕਰ ਦਿੱਤਾ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮੀਂਹ ਕਾਰਨ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ।


ਜਦਕਿ ਗੁਜਰਾਤ ਟਾਈਟਨਜ਼ ਇਸ ਮੈਚ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ, ਜਦਕਿ ਅੰਕ ਸੂਚੀ 'ਚ ਚੋਟੀ 'ਤੇ ਕਾਬਜ਼ ਕੋਲਕਾਤਾ ਨੂੰ ਛੱਡ ਕੇ ਬਾਕੀ ਤਿੰਨ ਟੀਮਾਂ ਦਾ ਅਧਿਕਾਰਤ ਫੈਸਲਾ ਹੋਣਾ ਬਾਕੀ ਹੈ। ਦੂਜੇ ਪਾਸੇ ਇੱਕ ਇਤਫ਼ਾਕ ਸਾਹਮਣੇ ਆਇਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਕੇਕੇਆਰ ਦੀ ਟੀਮ ਤੀਜੀ ਵਾਰ ਆਈਪੀਐਲ ਦਾ ਤਾਜ ਜਿੱਤਣ ਦੀ ਰਾਹ 'ਤੇ ਹੈ।


ਹੁਣ ਕੀ ਹੈ ਪੁਆਇੰਟ ਟੇਬਲ ਦੀ ਹਾਲਤ?


ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਕੋਲਕਾਤਾ ਦੀ ਟੀਮ 19 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਬਰਕਰਾਰ ਹੈ। ਗੁਜਰਾਤ ਦੀ ਗੱਲ ਕਰੀਏ ਤਾਂ ਟੀਮ 11 ਅੰਕਾਂ ਨਾਲ 8ਵੇਂ ਨੰਬਰ 'ਤੇ ਹੈ ਅਤੇ ਅਧਿਕਾਰਤ ਤੌਰ 'ਤੇ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਗੁਜਰਾਤ ਦਾ ਆਖਰੀ ਮੈਚ 16 ਮਈ ਨੂੰ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ।


ਕੋਲਕਾਤਾ ਨੇ ਕੁਆਲੀਫਾਇਰ-1 'ਚ ਜਗ੍ਹਾ ਪੱਕੀ ਕੀਤੀ 


ਇਸ ਮੀਂਹ ਨੇ ਇਹ ਵੀ ਯਕੀਨੀ ਬਣਾ ਦਿੱਤਾ ਕਿ ਹੁਣ ਸ਼੍ਰੇਅਸ ਅਈਅਰ ਦੀ ਟੀਮ ਕਿਸੇ ਵੀ ਹਾਲਤ ਵਿੱਚ ਕੁਆਲੀਫਾਇਰ-1 ਮੈਚ ਖੇਡੇਗੀ। ਇਹ ਮੈਚ 21 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਕੁਆਲੀਫਾਇਰ-1 ਖੇਡਣ ਦਾ ਮਤਲਬ ਹੈ ਕਿ ਕੋਲਕਾਤਾ ਨੂੰ ਫਾਈਨਲ ਵਿਚ ਪਹੁੰਚਣ ਦੇ ਦੋ ਮੌਕੇ ਮਿਲਣਗੇ। ਕੁਆਲੀਫਾਇਰ-1 ਖੇਡਣ ਵਾਲੀ ਜੇਤੂ ਟੀਮ ਸਿੱਧੇ IPL 2024 ਦੇ ਫਾਈਨਲ ਵਿੱਚ ਪਹੁੰਚ ਜਾਵੇਗੀ ਜਦਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ-2 ਵਿੱਚ ਫਾਈਨਲ ਵਿੱਚ ਪਹੁੰਚਣ ਦਾ ਇੱਕ ਹੋਰ ਮੌਕਾ ਮਿਲੇਗਾ।


ਕੁਆਲੀਫਾਇਰ ਖੇਡਣਾ KKR ਲਈ ਖੁਸ਼ਖਬਰੀ 


ਕੋਲਕਾਤਾ ਨਾਈਟ ਰਾਈਡਰਜ਼ ਲਈ ਕੁਆਲੀਫਾਇਰ-1 ਖੇਡਣਾ ਚੰਗਾ ਸੰਕੇਤ ਹੈ। ਇਸ ਗੱਲ ਦੀ ਗਵਾਹੀ ਕੇਕੇਆਰ ਟੀਮ ਦੇ ਆਖਰੀ ਦੋ ਅੰਕੜੇ ਦਿੰਦੇ ਹਨ। ਕੋਲਕਾਤਾ ਨੇ ਇਸ ਤੋਂ ਪਹਿਲਾਂ ਦੋ ਵਾਰ ਕੁਆਲੀਫਾਇਰ ਮੈਚ ਖੇਡਿਆ ਸੀ ਤਾਂ ਉਹ ਚੈਂਪੀਅਨ ਬਣ ਚੁੱਕਾ ਸੀ। ਕੋਲਕਾਤਾ ਨੇ ਸਾਲ 2012 ਅਤੇ 2014 'ਚ ਅੰਕ ਸੂਚੀ 'ਚ ਟਾਪ-2 'ਤੇ ਰਿਹਾ ਸੀ, ਜਿਸ ਤੋਂ ਬਾਅਦ ਗੌਤਮ ਗੰਭੀਰ ਦੀ ਅਗਵਾਈ 'ਚ ਇਹ ਚੈਂਪੀਅਨ ਬਣਿਆ ਸੀ। ਇਸ ਨੂੰ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਭਾਵੇਂ ਗੰਭੀਰ ਅੱਜ ਟੀਮ ਦੇ ਕਪਤਾਨ ਨਹੀਂ ਹਨ ਪਰ ਉਨ੍ਹਾਂ ਦੇ ਆਉਣ ਨਾਲ ਕੇਕੇਆਰ ਟੀਮ ਵਿੱਚ ਇਸ ਸੀਜ਼ਨ ਵਿੱਚ ਨਵੀਂ ਊਰਜਾ ਭਰ ਗਈ ਹੈ।