IND Vs SA, Innings Highlights: ਭਾਰਤ ਨੇ ਦੱਖਣੀ ਅਫਰੀਕਾ ਨੂੰ 327 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 50 ਓਵਰਾਂ 'ਚ 5 ਵਿਕਟਾਂ 'ਤੇ 326 ਦੌੜਾਂ ਬਣਾਈਆਂ। ਭਾਰਤ ਲਈ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ। ਵਿਰਾਟ ਕੋਹਲੀ ਨੇ 121 ਗੇਂਦਾਂ 'ਤੇ 101 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 10 ਚੌਕੇ ਲਗਾਏ। ਵਿਰਾਟ ਕੋਹਲੀ ਦੇ ਵਨਡੇ ਕਰੀਅਰ ਦਾ ਇਹ 49ਵਾਂ ਸੈਂਕੜਾ ਹੈ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਵਨਡੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ।
ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 87 ਗੇਂਦਾਂ 'ਚ 77 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਸ਼ਾਨਦਾਰ ਰਹੀ। ਭਾਰਤੀ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ 5.5 ਓਵਰਾਂ ਵਿੱਚ 62 ਦੌੜਾਂ ਜੋੜੀਆਂ।
ਰੋਹਿਤ ਸ਼ਰਮਾ ਨੇ 24 ਗੇਂਦਾਂ 'ਚ 40 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਲਗਾਏ। ਉੱਥੇ ਹੀ ਸ਼ੁਭਮਨ ਗਿੱਲ 24 ਗੇਂਦਾਂ 'ਤੇ 23 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸ਼ੁਭਮਨ ਗਿੱਲ ਨੂੰ ਕੇਸ਼ਵ ਮਹਾਰਾਜ ਨੇ ਆਊਟ ਕੀਤਾ। ਭਾਰਤੀ ਟੀਮ ਨੂੰ ਦੂਜਾ ਝਟਕਾ 93 ਦੌੜਾਂ ਦੇ ਸਕੋਰ 'ਤੇ ਲੱਗਿਆ। ਪਰ ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਵਿਚਾਲੇ 134 ਦੌੜਾਂ ਦੀ ਸਾਂਝੇਦਾਰੀ ਹੋਈ।
ਇਹ ਵੀ ਪੜ੍ਹੋ: Virat Kohli: ਜਨਮ ਦਿਨ ਮੌਕੇ ਵਿਰਾਟ ਕੋਹਲੀ ਨੇ ਜੜਿਆ 49ਵਾਂ ਸੈਂਕੜਾ, 173 ਮੈਚ ਪਹਿਲਾਂ ਕੀਤੀ ਸਚਿਨ ਦੇ ਰਿਕਾਰਡ ਦੀ ਬਰਾਬਰੀ
ਹਾਲਾਂਕਿ ਕੇਐੱਲ ਰਾਹੁਲ ਜਲਦੀ ਆਊਟ ਹੋ ਗਏ। ਕੇਐੱਲ ਰਾਹੁਲ 17 ਗੇਂਦਾਂ 'ਤੇ 8 ਦੌੜਾਂ ਬਣਾ ਸਕੇ। ਭਾਰਤੀ ਵਿਕਟਕੀਪਰ ਬੱਲੇਬਾਜ਼ ਨੂੰ ਮਾਰਕੋ ਯੋਨਸਨ ਨੇ ਆਪਣਾ ਸ਼ਿਕਾਰ ਬਣਾਇਆ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੇ ਆਖਰੀ ਓਵਰਾਂ ਵਿੱਚ 13 ਗੇਂਦਾਂ ਵਿੱਚ 22 ਦੌੜਾਂ ਜੋੜੀਆਂ। ਸੂਰਿਆਕੁਮਾਰ ਯਾਦਵ ਨੇ ਆਪਣੀ ਪਾਰੀ 'ਚ 5 ਚੌਕੇ ਲਗਾਏ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 15 ਗੇਂਦਾਂ 'ਤੇ 29 ਅਜੇਤੂ ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 1 ਛੱਕਾ ਲਗਾਇਆ।
ਦੱਖਣੀ ਅਫਰੀਕਾ ਲਈ ਲੁੰਗੀ ਏਨਗਿਡੀ ਤੋਂ ਇਲਾਵਾ ਕਗੀਸੋ ਰਬਾਡਾ, ਮਾਰਕੋ ਯੂਨਸਨ, ਕੇਸ਼ਵ ਮਹਾਰਾਜ ਅਤੇ ਤਬਰੇਜ਼ ਸ਼ਮਸੀ ਨੂੰ 1-1 ਸਫਲਤਾ ਮਿਲੀ। ਲੁੰਗੀ ਏਨਗਿਡੀ ਨੇ ਸ਼੍ਰੇਅਸ ਅਈਅਰ ਨੂੰ ਆਊਟ ਕੀਤਾ। ਜਦੋਂ ਕਿ ਕੇਸ਼ਵ ਮਹਾਰਾਜ ਨੇ ਸ਼ੁਭਮਨ ਗਿੱਲ ਨੂੰ ਆਪਣਾ ਸ਼ਿਕਾਰ ਬਣਾਇਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਨੇ ਆਊਟ ਕੀਤਾ। ਮਾਰਕੋ ਯੂਨਸਨ ਨੇ ਕੇਐੱਲ ਰਾਹੁਲ ਨੂੰ ਪੈਵੇਲੀਅਨ ਭੇਜਿਆ। ਇਸ ਦੇ ਨਾਲ ਹੀ ਤਬਰੇਜ਼ ਸ਼ਮਸੀ ਨੇ ਸੂਰਿਆਕੁਮਾਰ ਯਾਦਵ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਦੱਸ ਦਈਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਭਾਰਤੀ ਟੀਮ 7 ਮੈਚਾਂ 'ਚ 14 ਅੰਕਾਂ ਨਾਲ ਟਾਪ 'ਤੇ ਹੈ। ਹੁਣ ਤੱਕ ਭਾਰਤੀ ਟੀਮ ਆਪਣੇ ਸਾਰੇ ਮੈਚ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ 7 ਮੈਚਾਂ 'ਚ 12 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਨੇ 6 ਮੈਚ ਜਿੱਤੇ ਹਨ, ਜਦਕਿ 1 ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ: Virat Kohli Birthday: ਜਨਮਦਿਨ 'ਤੇ ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਨੂੰ ਆਹ ਕੀ ਕਹਿ ਦਿੱਤਾ, ਬਣ ਗਿਆ ਚਰਚਾ ਦਾ ਵਿਸ਼ਾ