Asia Cup 2023: ਅੱਜ ਹੋਣ ਵਾਲੇ ਮੈਚ 'ਚ ਸਭ ਦੀਆਂ ਨਜ਼ਰਾਂ ਭਾਰਤੀ ਬੱਲੇਬਾਜ਼ਾਂ ਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਵਿਚਾਲੇ ਟੱਕਰ 'ਤੇ ਹਨ ਪਰ ਇਸ ਦੇ ਨਾਲ ਹੀ ਟੀਮ ਇੰਡੀਆ ਕੋਲ ਪਾਕਿਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦਾ ਮੌਕਾ ਹੈ। ਪਾਕਿਸਤਾਨ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਪਲੇਇੰਗ 11 ਦਾ ਐਲਾਨ ਕੀਤਾ ਸੀ। ਪਾਕਿਸਤਾਨ ਸਿਰਫ ਇੱਕ ਸਪਿਨਰ ਨਾਲ ਮੈਦਾਨ ਵਿੱਚ ਉੱਤਰ ਰਿਹਾ ਹੈ। ਭਾਰਤੀ ਬੱਲੇਬਾਜ਼ ਇਸ ਦਾ ਫਾਇਦਾ ਉਠਾ ਸਕਦੇ ਹਨ।
ਪਾਕਿਸਤਾਨ ਨੇ ਇਸ ਮੈਚ 'ਚ ਸ਼ਾਹੀਨ ਅਫਰੀਦੀ, ਨਸੀਮ ਸ਼ਾਹ ਤੇ ਹਰਿਸ ਰਾਊਫ ਤੋਂ ਇਲਾਵਾ ਫਹੀਮ ਅਸ਼ਰਫ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦਾ ਮੁੱਖ ਸਪਿਨਰ ਸ਼ਾਦਾਬ ਖਾਨ ਹੈ। ਪਾਕਿਸਤਾਨ ਦੇ ਸਪਿਨ ਅਟੈਕ ਦੇ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਸ਼ਾਦਾਬ ਦਾ ਫਾਰਮ 'ਚ ਨਾ ਹੋਣਾ ਹੈ। ਸ਼ਾਦਾਬ ਨੇ ਪਿਛਲੇ 12 ਵਨਡੇ 'ਚ ਸਿਰਫ 11 ਵਿਕਟਾਂ ਲਈਆਂ ਹਨ। ਇੰਨਾ ਹੀ ਨਹੀਂ ਇਨ੍ਹਾਂ 'ਚੋਂ 4 ਵਿਕਟਾਂ ਨੇਪਾਲ ਵਰਗੀ ਕਮਜ਼ੋਰ ਟੀਮ ਖਿਲਾਫ ਲਈਆਂ ਹਨ।
ਸ਼ਾਦਾਬ ਤੋਂ ਇਲਾਵਾ ਸਪਿਨ ਦੀ ਜ਼ਿੰਮੇਵਾਰੀ ਆਲਰਾਊਂਡਰ ਆਗਾ ਸਲਮਾਨ ਤੇ ਇਫਤਿਖਾਰ ਅਹਿਮਦ ਦੇ ਮੋਢਿਆਂ 'ਤੇ ਹੋਵੇਗੀ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਵਨਡੇ 'ਚ ਗੇਂਦਬਾਜ਼ੀ ਦਾ ਜ਼ਿਆਦਾ ਤਜਰਬਾ ਨਹੀਂ। ਆਗਾ ਸਲਮਾਨ ਨੇ 17 ਵਨਡੇ ਮੈਚਾਂ 'ਚ ਸਿਰਫ 4 ਵਿਕਟਾਂ ਲਈਆਂ ਹਨ। ਉੱਥੇ ਹੀ ਇਫਤਿਖਾਰ ਨੇ 17 ਵਨਡੇ ਮੈਚਾਂ 'ਚ 9 ਵਿਕਟਾਂ ਲਈਆਂ ਹਨ। ਘੱਟ ਤਜ਼ਰਬੇ ਕਾਰਨ ਪਾਕਿਸਤਾਨ ਦਾ ਸਪਿਨ ਅਟੈਕ ਕਮਜ਼ੋਰ ਕੜੀ ਹੈ ਜਿਸ ਤੋਂ ਭਾਰਤੀ ਬੱਲੇਬਾਜ਼ ਪੂਰਾ ਫਾਇਦਾ ਉਠਾ ਸਕਦੇ ਹਨ।
ਭਾਰਤੀ ਬੱਲੇਬਾਜ਼ ਸਪਿਨ ਖਿਲਾਫ ਵਧੀਆ ਖੇਡਦੇ
ਭਾਰਤੀ ਬੱਲੇਬਾਜ਼ਾਂ ਨੇ ਸਪਿਨ ਖਿਲਾਫ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ। ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਤੇ ਕੇਐਲ ਰਾਹੁਲ ਸਾਰੇ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿੰਨਰਾਂ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਦੇ ਹਨ। ਹਾਰਦਿਕ ਪੰਡਯਾ ਤੇ ਰਵਿੰਦਰ ਜਡੇਜਾ ਵੀ ਸਪਿਨਰਾਂ 'ਤੇ ਹਮਲਾ ਕਰਨ ਦੀ ਸਮਰੱਥਾ ਰੱਖਦੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਭਾਰਤੀ ਬੱਲੇਬਾਜ਼ ਪਾਕਿਸਤਾਨ ਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਣ 'ਚ ਕੋਈ ਗਲਤੀ ਨਹੀਂ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।