RCB vs PBKS: ਆਈਪੀਐੱਲ 2024 ਦੇ 58ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਦੀ ਟੱਕਰ ਹੋਵੇਗੀ। ਹੁਣ ਤੱਕ ਮੁੰਬਈ ਇੰਡੀਅਨਜ਼ ਹੀ ਅਜਿਹੀ ਟੀਮ ਹੈ ਜੋ ਅਧਿਕਾਰਤ ਤੌਰ 'ਤੇ ਪਲੇਆਫ ਤੋਂ ਬਾਹਰ ਹੋ ਗਈ ਹੈ। ਬਾਕੀ 9 ਟੀਮਾਂ ਵਿਚਾਲੇ ਟਾਪ-4 'ਚ ਬਣੇ ਰਹਿਣ ਦੀ ਲੜਾਈ ਅਜੇ ਵੀ ਜਾਰੀ ਹੈ। ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਹੈ। RCB ਅਤੇ PBKS ਇਸ ਸਮੇਂ ਪੁਆਇੰਟ ਟੇਬਲ ਵਿੱਚ ਕ੍ਰਮਵਾਰ 7ਵੇਂ ਅਤੇ 8ਵੇਂ ਸਥਾਨ 'ਤੇ ਹਨ ਅਤੇ ਦੋਵਾਂ ਦੇ ਇਸ ਸਮੇਂ ਅੱਠ-ਅੱਠ ਅੰਕ ਹਨ। ਦੋਵਾਂ ਟੀਮਾਂ ਲਈ ਪਲੇਆਫ ਦੀ ਦੌੜ 'ਚ ਬਣੇ ਰਹਿਣ ਲਈ ਇਹ ਮੁਕਾਬਲਾ ਕਾਫੀ ਅਹਿਮ ਹੋਵੇਗਾ।
ਹਾਰਨ ਵਾਲਾ ਹੋ ਜਾਏਗਾ ਬਾਹਰ
ਰਾਇਲ ਚੈਲੰਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਨੇ ਹੁਣ ਤੱਕ 11 ਮੈਚ ਖੇਡੇ ਹਨ ਅਤੇ ਦੋਵਾਂ ਟੀਮਾਂ ਨੇ ਚਾਰ-ਚਾਰ ਜਿੱਤਾਂ ਦਰਜ ਕੀਤੀਆਂ ਹਨ। ਉਨ੍ਹਾਂ ਨੂੰ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਅਗਲੇ ਤਿੰਨ ਮੈਚ ਜਿੱਤਣੇ ਹੋਣਗੇ। ਪਰ ਅੱਜ ਦੇ ਮੈਚ ਵਿੱਚ ਇੱਕ ਟੀਮ ਬਾਹਰ ਹੋਣ ਜਾ ਰਹੀ ਹੈ। ਕਿਉਂਕਿ ਜੇਕਰ ਅੱਜ ਹਾਰਨ ਵਾਲੀ ਟੀਮ ਅਗਲੇ 2 ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਉਹ ਸਿਰਫ਼ 12 ਅੰਕ ਹੀ ਹਾਸਲ ਕਰ ਸਕੇਗੀ। ਹਾਲਾਂਕਿ ਸੀਐਸਕੇ, ਐਲਐਸਜੀ ਅਤੇ ਡੀਸੀ ਦੇ ਫਿਲਹਾਲ 12 ਅੰਕ ਹਨ, ਪਰ ਲਖਨਊ ਅਤੇ ਦਿੱਲੀ ਵਿਚਾਲੇ ਅਜੇ ਵੀ ਮੈਚ ਬਾਕੀ ਹੈ, ਜਿਸ ਕਾਰਨ ਉਨ੍ਹਾਂ ਵਿੱਚੋਂ ਇੱਕ ਯਕੀਨੀ ਤੌਰ 'ਤੇ 14 ਅੰਕਾਂ ਤੱਕ ਪਹੁੰਚ ਜਾਵੇਗਾ।
ਜਿੱਤ ਦੀ ਹੈਟ੍ਰਿਕ ਲਗਾ ਚੁੱਕੀ ਆਰਸੀਬੀ
ਰਾਇਲ ਚੈਲੰਜਰਜ਼ ਬੈਂਗਲੁਰੂ ਇੱਕ ਸਮੇਂ ਤੇ 8 ਮੈਚਾਂ ਵਿੱਚ ਸਿਰਫ਼ ਇੱਕ ਜਿੱਤ ਦਰਜ ਕਰ ਸਕੀ ਸੀ। ਪਰ ਫਾਫ ਡੂ ਪਲੇਸਿਸ ਦੀ ਫੌਜ ਨੇ ਪਿਛਲੇ ਤਿੰਨ ਮੈਚਾਂ ਵਿੱਚ ਜਿੱਤ ਦਰਜ ਕਰਕੇ ਜਿੱਤਾਂ ਦੀ ਹੈਟ੍ਰਿਕ ਲਗਾਈ ਹੈ। ਜੇਕਰ ਟੀਮ ਨੇ ਪਲੇਆਫ 'ਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਅਗਲੇ ਤਿੰਨ ਮੈਚ ਜਿੱਤਣੇ ਹੋਣਗੇ। ਪਿਛਲੇ 3 ਮੈਚਾਂ ਵਿੱਚ ਆਰਸੀਬੀ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਇੱਕ ਵਾਰ ਅਤੇ ਗੁਜਰਾਤ ਟਾਈਟਨਸ ਨੂੰ ਦੋ ਵਾਰ ਹਰਾਇਆ ਹੈ।
ਮੁੰਬਈ ਹੋ ਚੁੱਕੀ ਬਾਹਰ
ਮੁੰਬਈ ਇੰਡੀਅਨਜ਼ IPL 2024 ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। MI ਨੇ ਹੁਣ ਤੱਕ 12 ਮੈਚਾਂ 'ਚ ਸਿਰਫ 4 ਜਿੱਤਾਂ ਦਰਜ ਕੀਤੀਆਂ ਹਨ, ਜਿਸ ਕਾਰਨ ਟੀਮ ਇਸ ਸਮੇਂ 8 ਅੰਕਾਂ ਨਾਲ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਹੈ। ਮੁੰਬਈ ਅਗਲੇ ਦੋ ਮੈਚ ਜਿੱਤਣ 'ਤੇ ਵੀ 12 ਅੰਕ ਹਾਸਲ ਕਰ ਲਵੇਗੀ। ਪਰ MI ਨੂੰ ਅਜੇ ਵੀ KKR ਅਤੇ LSG ਨਾਲ ਮੈਚ ਖੇਡਣੇ ਹਨ ਅਤੇ ਇਹ ਖਾਸ ਤੌਰ 'ਤੇ ਲਖਨਊ ਲਈ ਮੁਸ਼ਕਲਾਂ ਵਧਾ ਸਕਦਾ ਹੈ। ਅੱਜ ਇਸ ਸੂਚੀ ਵਿੱਚ ਇੱਕ ਹੋਰ ਨਾਂ ਜੁੜ ਜਾਵੇਗਾ।