ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਇਸ ਤੋਂ ਬਾਅਦ ਹਰ ਪਾਸੇ ਟੀਮ ਇੰਡੀਆ ਦੀ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਜਿਸ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕਰਨਾ ਚਾਹੁੰਦੇ ਸੀ, ਉਸ ਖਿਡਾਰੀ ਨੇ ਹੀ ਪਾਕਿਸਤਾਨ ਖਿਲਾਫ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਹੈ।


ਇਸ ਖਿਡਾਰੀ ਨੂੰ ਬਾਹਰ ਕਰਨਾ ਚਾਹੁੰਦੇ ਸੀ ਰੋਹਿਤ ਸ਼ਰਮਾ!
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੋਂ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਖੋਹ ਲਈ ਗਈ ਸੀ ਤੇ ਉਨ੍ਹਾਂ ਦੀ ਥਾਂ ਹਾਰਦਿਕ ਪਾਂਡਿਆ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ IPL 2024 ਦੇ ਪੂਰੇ ਸੀਜ਼ਨ ਵਿੱਚ ਰੋਹਿਤ ਤੇ ਹਾਰਦਿਕ ਵਿਚਕਾਰ ਦੂਰੀ ਵੇਖੀ ਗਈ। ਇਸ ਕਾਰਨ ਮੰਨਿਆ ਜਾ ਰਿਹਾ ਸੀ ਕਿ ਹਾਰਦਿਕ ਪਾਂਡਿਆ ਨੂੰ ਟੀ-20 ਵਿਸ਼ਵ ਕੱਪ 'ਚ ਜਗ੍ਹਾ ਨਹੀਂ ਮਿਲੇਗੀ।


ਹਾਲਾਂਕਿ, ਬੀਸੀਸੀਆਈ ਨੇ ਹਾਰਦਿਕ ਨੂੰ ਟੀ-20 ਵਿਸ਼ਵ ਕੱਪ ਲਈ ਉਪ ਕਪਤਾਨ ਚੁਣਿਆ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਤੇ ਰੋਹਿਤ ਵਿਚਾਲੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਕਾਰਨ ਰੋਹਿਤ ਸ਼ਰਮਾ ਹੁਣ ਹਾਰਦਿਕ ਨੂੰ ਬਾਹਰ ਕਰਨ ਦਾ ਬਹਾਨਾ ਲੱਭ ਰਹੇ ਹਨ।


ਹਾਰਦਿਕ ਪਾਂਡਿਆ ਦਾ ਸ਼ਾਨਦਾਰ ਪ੍ਰਦਰਸ਼ਨ
9 ਜੂਨ ਨੂੰ ਟੀ-20 ਵਿਸ਼ਵ ਕੱਪ 'ਚ ਭਾਰਤੀ ਗੇਂਦਬਾਜ਼ਾਂ ਨੇ ਨਵਾਂ ਇਤਿਹਾਸ ਰਚਿਆ ਤੇ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 'ਚ ਆਪਣੇ ਸਭ ਤੋਂ ਘੱਟ ਸਕੋਰ ਦਾ ਬਚਾਅ ਕੀਤਾ। ਇਸ ਕਾਰਨ ਹਰ ਪਾਸੇ ਟੀਮ ਇੰਡੀਆ ਦੇ ਗੇਂਦਬਾਜ਼ਾਂ ਦੀ ਚਰਚਾ ਹੋ ਰਹੀ ਹੈ।


ਦੱਸ ਦੇਈਏ ਕਿ ਪਾਕਿਸਤਾਨ ਖਿਲਾਫ ਮੈਚ ਵਿੱਚ ਹਾਰਦਿਕ ਪਾਂਡਿਆ ਨੇ ਪਾਕਿਸਤਾਨੀ ਟੀਮ ਦੀ ਕਮਰ ਤੋੜ ਦਿੱਤੀ ਸੀ ਤੇ ਆਪਣੇ ਦੋ ਬਿਹਤਰੀਨ ਹਿੱਟਰਾਂ ਫਖਰ ਜ਼ਮਾਨ ਤੇ ਸ਼ਾਦਾਬ ਖਾਨ ਨੂੰ ਆਊਟ ਕੀਤਾ। ਇਸ ਕਾਰਨ ਟੀਮ ਇੰਡੀਆ ਨੇ ਇਸ ਮੈਚ 'ਚ ਵਾਪਸੀ ਕੀਤੀ। ਹਾਰਦਿਕ ਪਾਂਡਿਆ ਨੇ 4 ਓਵਰਾਂ 'ਚ ਸਿਰਫ 24 ਦੌੜਾਂ ਦਿੱਤੀਆਂ ਤੇ 2 ਵਿਕਟਾਂ ਲਈਆਂ।


ਹਾਰਦਿਕ ਦਾ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ
ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹਾਰਦਿਕ ਪਾਂਡਿਆ ਬੇਹੱਦ ਖ਼ਰਾਬ ਫਾਰਮ 'ਚ ਸੀ। ਇਸ ਕਾਰਨ ਉਸ ਨੂੰ ਪਲੇਇੰਗ 11 'ਚ ਜਗ੍ਹਾ ਨਹੀਂ ਮਿਲ ਰਹੀ ਸੀ ਪਰ ਹਾਰਦਿਕ ਪਾਂਡਿਆ ਨੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ 'ਚ ਚੰਗਾ ਪ੍ਰਦਰਸ਼ਨ ਕੀਤਾ।


ਇਸ ਕਾਰਨ ਉਸ ਨੂੰ ਆਇਰਲੈਂਡ ਖ਼ਿਲਾਫ਼ ਮੌਕਾ ਮਿਲਿਆ ਤੇ ਇਸ ਮੈਚ ਵਿੱਚ ਉਸ ਨੇ 4 ਓਵਰਾਂ ਵਿੱਚ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਥੇ ਹੀ ਹੁਣ ਪਾਕਿਸਤਾਨ ਖਿਲਾਫ ਉਸ ਦੀ ਗੇਂਦਬਾਜ਼ੀ ਵੀ ਸ਼ਾਨਦਾਰ ਰਹੀ। ਹਾਲਾਂਕਿ ਪਾਕਿਸਤਾਨ ਖਿਲਾਫ ਪਾਂਡਿਆ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਤੇ ਸਿਰਫ 7 ਦੌੜਾਂ ਹੀ ਬਣਾ ਸਕੇ।