IND vs WI: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਨਾਂ ਕਈ ਮਜ਼ਬੂਤ ਰਿਕਾਰਡ ਹਨ। ਟੀਮ ਇੰਡੀਆ ਦੀ 'ਰਨ ਮਸ਼ੀਨ' ਕਹੇ ਜਾਣ ਵਾਲੇ ਵਿਰਾਟ ਕੋਹਲੀ ਨੇ ਹਾਲ ਹੀ 'ਚ ਆਪਣਾ 76ਵਾਂ ਅੰਤਰਰਾਸ਼ਟਰੀ ਸੈਂਕੜਾ ਲਾਇਆ ਹੈ। ਕੋਹਲੀ ਨੇ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਾਉਣ ਦੇ ਮਾਮਲੇ ਵਿੱਚ ਆਸਟਰੇਲੀਆ ਦੇ ਰਿਕੀ ਪੌਂਟਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਤੋਂ ਅੱਗੇ ਸਿਰਫ਼ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਹੀ ਹਨ। ਸਚਿਨ ਨੇ ਆਪਣੇ ਕਰੀਅਰ ਵਿੱਚ 100 ਅੰਤਰਰਾਸ਼ਟਰੀ ਸੈਂਕੜੇ ਲਾਏ। ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ 'ਚ 121 ਦੌੜਾਂ ਬਣਾਈਆਂ, ਜੋ ਉਨ੍ਹਾਂ ਦਾ ਸਭ ਤੋਂ ਲੰਬੇ ਫਾਰਮੈਟ 'ਚ 29ਵਾਂ ਸੈਂਕੜਾ ਹੈ।


34 ਸਾਲਾ ਕੋਹਲੀ ਵਨਡੇ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਫਿਲਹਾਲ 5ਵੇਂ ਸਥਾਨ 'ਤੇ ਹਨ। ਉਨ੍ਹਾਂ ਨੇ ਇਸ ਫਾਰਮੈਟ ਵਿੱਚ 12898 ਦੌੜਾਂ ਜੋੜੀਆਂ ਹਨ। ਕੋਹਲੀ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ ਪਰ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਗੈਰੀ ਸੋਬਰਸ ਨੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਬਾਰੇ ਚੇਤਾਵਨੀ ਦਿੱਤੀ ਹੈ। ਸੋਬਰਸ ਨੂੰ ਯਕੀਨ ਨਹੀਂ ਹੈ ਕਿ ਕੋਹਲੀ ਆਪਣੇ ਕਰੀਅਰ ਦੇ ਅੰਤ ਤੱਕ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਂ ਕਰ ਲੈਣਗੇ ਜਾਂ ਨਹੀਂ।


ਸੋਬਰਸ ਨੇ ਰੇਵ ਸਪੋਰਟਜ਼ ਨਾਲ ਗੱਲਬਾਤ 'ਚ ਕਿਹਾ ਕਿ ਮੈਂ ਅਜਿਹਾ ਨਹੀਂ ਕਹਾਂਗਾ ਕਿਉਂਕਿ ਕਈ ਵਾਰ ਗੇਮ ਬਹੁਤ ਮਜ਼ਾਕੀਆ ਹੋ ਸਕਦੀ ਹੈ। ਤੁਹਾਡੇ ਕੋਲ ਕੁਝ ਅਜਿਹੇ ਗੇਂਦਬਾਜ਼ ਵੀ ਹੋ ਸਕਦੇ ਹਨ ਜੋ ਚੰਗੇ ਹੋਣ। ਅਜਿਹੇ ਖਿਡਾਰੀ ਵੀ ਹਨ ਜੋ ਕਈ ਵਾਰ ਗੇਂਦ ਨਾਲ ਉਹ ਕੰਮ ਕਰ ਸਕਦੇ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਤੁਸੀਂ ਅਕਸਰ ਇਸ ਤਰ੍ਹਾਂ ਦੇ ਖਿਡਾਰੀਆਂ ਨਾਲ ਖੇਡਿਆ ਹੋਏਗਾ ਤੇ ਜੇਕਰ ਤੁਸੀਂ ਕਾਫ਼ੀ ਚੰਗੇ ਹੋ, ਤਾਂ ਆਖਰਕਾਰ ਤੁਸੀਂ ਅੱਗੇ ਵਧੋਗੇ।


ਹਾਲਾਂਕਿ ਸੋਬਰਸ ਨੇ ਕੋਹਲੀ ਨੂੰ ਸ਼ਾਨਦਾਰ ਖਿਡਾਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਚੰਗਾ ਖਿਡਾਰੀ ਹੈ। ਉਸ ਕੋਲ ਸਹੀ ਪਹੁੰਚ ਤੇ ਰਵੱਈਆ ਹੈ ਤੇ ਉਹ ਬਹੁਤ ਵਧੀਆ ਖੇਡਦਾ ਹੈ। ਮੈਂ ਉਸ ਦੀਆਂ ਦੌੜਾਂ ਦੀ ਗਿਣਤੀ ਤੋਂ ਹੈਰਾਨ ਨਹੀਂ ਹਾਂ।


ਗੌਰਤਲਬ ਹੈ ਕਿ ਕੋਹਲੀ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਹਨ। ਕੋਹਲੀ ਨੇ ਪਹਿਲੇ ਵਨਡੇ 'ਚ ਬੱਲੇਬਾਜ਼ੀ ਨਹੀਂ ਕੀਤੀ ਤੇ ਦੂਜੇ ਮੈਚ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ। ਇਹ ਸੀਰੀਜ਼ 1-1 ਨਾਲ ਬਰਾਬਰ ਹੈ। ਦੋਵਾਂ ਟੀਮਾਂ ਵਿਚਾਲੇ ਫੈਸਲਾਕੁੰਨ ਮੈਚ 1 ਅਗਸਤ ਨੂੰ ਖੇਡਿਆ ਜਾਵੇਗਾ।