INDW vs NEPW Women Asia Cup 2024: ਭਾਰਤੀ ਮਹਿਲਾ ਟੀਮ ਨੇ ਨੇਪਾਲ ਖਿਲਾਫ 82 ਦੌੜਾਂ ਦੀ ਬੰਪਰ ਜਿੱਤ ਹਾਸਲ ਕੀਤੀ ਹੈ। ਮਹਿਲਾ ਏਸ਼ੀਆ ਕੱਪ 2024 ਦੇ ਗਰੁੱਪ ਪੜਾਅ 'ਚ ਟੀਮ ਇੰਡੀਆ ਨੇ ਆਪਣੇ ਤਿੰਨੋਂ ਮੈਚ ਜਿੱਤ ਕੇ ਗਰੁੱਪ ਏ 'ਚ ਚੋਟੀ 'ਤੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਪਹਿਲਾਂ ਹੀ ਜਗ੍ਹਾ ਪੱਕੀ ਕਰ ਚੁੱਕਾ ਹੈ। ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਖੇਡਦਿਆਂ 178 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਜਵਾਬ ਵਿੱਚ ਨੇਪਾਲ ਦੀ ਟੀਮ ਲਗਾਤਾਰ ਵਿਕਟਾਂ ਗੁਆਉਂਦੀ ਰਹੀ ਅਤੇ ਨਿਰਧਾਰਤ 20 ਓਵਰਾਂ ਵਿੱਚ 96 ਦੌੜਾਂ ਹੀ ਬਣਾ ਸਕੀ। ਇਸ ਹਾਰ ਨਾਲ ਨੇਪਾਲ ਅਧਿਕਾਰਤ ਤੌਰ 'ਤੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।



ਭਾਰਤ ਨੇ ਨੇਪਾਲ ਨੂੰ 179 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ 21 ਦੌੜਾਂ ਦੇ ਅੰਦਰ 2 ਵੱਡੀਆਂ ਵਿਕਟਾਂ ਗਵਾ ਦਿੱਤੀਆਂ। ਇਸ ਤੋਂ ਬਾਅਦ ਭਾਵੇਂ ਕਪਤਾਨ ਇੰਦੂ ਬਰਮਾ ਅਤੇ ਸੀਤਾ ਮਗਰ ਨੇ ਮਿਲ ਕੇ 22 ਦੌੜਾਂ ਜੋੜੀਆਂ ਪਰ ਦੋਵੇਂ ਸੈੱਟ ਬੱਲੇਬਾਜ਼ ਸਿਰਫ਼ 6 ਗੇਂਦਾਂ ਦੇ ਅੰਦਰ ਹੀ ਆਊਟ ਹੋ ਗਏ। ਕਪਤਾਨ ਇੰਦੂ ਨੇ 14 ਅਤੇ ਸੀਤਾ ਨੇ 18 ਦੌੜਾਂ ਬਣਾਈਆਂ। ਉਸ ਦੇ ਆਊਟ ਹੋਣ ਕਾਰਨ ਨੇਪਾਲ ਦੀ ਟੀਮ 52 ਦੌੜਾਂ 'ਤੇ 4 ਵਿਕਟਾਂ ਗੁਆ ਕੇ ਮੁਸ਼ਕਲ 'ਚ ਫਸ ਗਈ ਸੀ।


ਇੱਥੋਂ ਵਿਕਟਾਂ ਡਿੱਗਣ ਦਾ ਅਜਿਹਾ ਸਿਲਸਿਲਾ ਸ਼ੁਰੂ ਹੋ ਗਿਆ ਕਿ ਟੀਮ ਨੇ ਅਗਲੇ 40 ਦੌੜਾਂ ਦੇ ਅੰਦਰ ਬਾਕੀ ਦੀਆਂ 4 ਵਿਕਟਾਂ ਗੁਆ ਦਿੱਤੀਆਂ। ਨੇਪਾਲ ਟੀਮ ਦੇ 7 ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਛੂਹ ਨਹੀਂ ਸਕੇ।


ਭਾਰਤੀ ਗੇਂਦਬਾਜ਼ਾਂ ਨੇ ਆਪਣੀ ਤਾਕਤ ਦਿਖਾਈ


ਗੇਂਦਬਾਜ਼ੀ 'ਚ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਅਰੁੰਧਤੀ ਰੈੱਡੀ ਨੇ ਦਿੱਤੀ, ਜਿਸ ਨੇ ਪਾਰੀ ਦੇ ਦੂਜੇ ਹੀ ਓਵਰ 'ਚ 7 ਦੌੜਾਂ ਦੇ ਸਕੋਰ 'ਤੇ ਸਮਾਨਾ ਖੜਕਾ ਨੂੰ ਪੈਵੇਲੀਅਨ ਭੇਜ ਦਿੱਤਾ।


ਉਨ੍ਹਾਂ ਤੋਂ ਬਾਅਦ ਦੀਪਤੀ ਸ਼ਰਮਾ ਅਤੇ ਰਾਧਾ ਯਾਦਵ ਨੇ ਮੱਧ ਓਵਰਾਂ ਵਿੱਚ ਨੇਪਾਲ ਦੀ ਬੱਲੇਬਾਜ਼ੀ ਲਾਈਨ ਨੂੰ ਹਿਲਾ ਕੇ ਰੱਖ ਦਿੱਤਾ। ਭਾਰਤ ਲਈ ਦੀਪਤੀ ਨੇ ਸਭ ਤੋਂ ਵੱਧ ਵਿਕਟਾਂ ਲਈਆਂ, ਜਿਸ ਨੇ 3.3 ਓਵਰਾਂ ਵਿੱਚ ਸਿਰਫ਼ 10 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਰਾਧਾ ਯਾਦਵ ਅਤੇ ਅਰੁੰਧਤੀ ਰੈੱਡੀ ਨੇ ਦੋ-ਦੋ ਵਿਕਟਾਂ ਲਈਆਂ। ਰੇਣੂਕਾ ਸਿੰਘ ਨੇ ਵੀ ਇੱਕ ਵਿਕਟ ਲੈ ਕੇ ਵਗਦੀ ਗੰਗਾ ਵਿੱਚ ਹੱਥ ਧੋ ਲਏ।


ਭਾਰਤ ਸੈਮੀਫਾਈਨਲ 'ਚ ਪਹੁੰਚ ਗਿਆ ਹੈ



ਭਾਰਤ ਨੂੰ ਮਹਿਲਾ ਏਸ਼ੀਆ ਦੇ Group A ਵਿੱਚ ਜਗ੍ਹਾ ਮਿਲ ਚੁੱਕੀ ਹੈ। ਟੀਮ ਇੰਡੀਆ ਨੇ ਆਪਣੇ ਤਿੰਨੇ ਮੈਚ ਵੱਡੇ ਫਰਕ ਨਾਲ ਜਿੱਤ ਕੇ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਤੋਂ ਇਲਾਵਾ ਪਾਕਿਸਤਾਨ ਨੇ ਵੀ ਗਰੁੱਪ-ਏ ਤੋਂ ਟਾਪ-4 'ਚ ਪ੍ਰਵੇਸ਼ ਕਰ ਲਿਆ ਹੈ। ਸੈਮੀਫਾਈਨਲ ਮੈਚ ਅਜੇ ਤੈਅ ਨਹੀਂ ਹੋਏ ਹਨ ਕਿਉਂਕਿ ਗਰੁੱਪ ਬੀ ਦੇ 2 ਮੈਚ ਅਜੇ ਬਾਕੀ ਹਨ। ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਗਰੁੱਪ ਬੀ 'ਚ ਦੂਜੇ ਸਥਾਨ 'ਤੇ ਰਹੀ ਟੀਮ ਨਾਲ ਹੋਵੇਗਾ। ਫਿਲਹਾਲ ਗਰੁੱਪ ਬੀ 'ਚ ਦੂਜੇ ਸਥਾਨ ਲਈ ਬੰਗਲਾਦੇਸ਼ ਅਤੇ ਥਾਈਲੈਂਡ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।