Women's World Cup 2022: ਆਸਟਰੇਲੀਆ ਨੇ ਅੱਜ ਇੱਥੇ ਫਾਈਨਲ ਵਿੱਚ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ 7ਵੀਂ ਵਾਰ ਆਈਸੀਸੀ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤੇ ਗਏ ਆਸਟਰੇਲੀਆ ਨੇ ਐਲੀਸਾ ਹੀਲੀ ਦੀਆਂ ਸ਼ਾਨਦਾਰ 170 ਦੌੜਾਂ ਤੇ ਰੇਚਲ ਹੇਂਸ (68) ਤੇ ਬੈਥ ਮੂਨੀ (62) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਪੰਜ ਵਿਕਟਾਂ 'ਤੇ 356 ਦੌੜਾਂ ਬਣਾਈਆਂ। ਜਵਾਬ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੈਟ ਸਾਇਵਰ ਦੀਆਂ ਨਾਬਾਦ 148 ਦੌੜਾਂ ਦੇ ਬਾਵਜੂਦ 43.4 ਓਵਰਾਂ ਵਿੱਚ ਸਿਰਫ਼ 285 ਦੌੜਾਂ ਹੀ ਬਣਾ ਸਕਿਆ।
ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੇ ਕਪਤਾਨ ਦਾ ਇਹ ਫੈਸਲਾ ਗਲਤ ਸਾਬਤ ਹੋਇਆ ਤੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਕੀਤੀ। ਰੇਚਲ ਹਾਇਨਸ 68 ਦੌੜਾਂ ਬਣਾ ਕੇ ਆਊਟ ਹੋ ਗਈ।
ਉਸ ਤੋਂ ਬਾਅਦ ਸਲਾਮੀ ਬੱਲੇਬਾਜ਼ ਐਲੀਸਾ ਹੀਲੀ (170) ਨੇ ਵੀ ਬੇਥ ਮੁਨੀ (62) ਨਾਲ 156 ਦੌੜਾਂ ਦੀ ਸਾਂਝੇਦਾਰੀ ਕੀਤੀ। ਐਲੀਸਾ 170 ਦੌੜਾਂ ਬਣਾ ਕੇ ਐਨਿਆ ਸ਼ਰਬਸੋਲ ਦਾ ਸ਼ਿਕਾਰ ਬਣ ਗਈ। ਜਦੋਂ ਉਹ ਆਊਟ ਹੋਈ ਤਾਂ ਆਸਟ੍ਰੇਲੀਆ ਦੇ ਸਕੋਰ ਬੋਰਡ 'ਤੇ 316 ਦੌੜਾਂ ਸਨ। ਇਸ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ਾਂ ਨੇ ਟੀਮ ਨੂੰ 350 ਦੇ ਪਾਰ ਤੱਕ ਪਹੁੰਚਾਇਆ। ਇਸ ਤਰ੍ਹਾਂ ਆਸਟਰੇਲੀਆ ਨੇ ਪਹਿਲਾਂ ਖੇਡਦਿਆਂ 356 ਦੌੜਾਂ ਦਾ ਵੱਡਾ ਸਕੋਰ ਬਣਾਇਆ।
357 ਦੌੜਾਂ ਦੇ ਪਹਾੜ ਵਰਗੇ ਟੀਚੇ ਸਾਹਮਣੇ ਇੰਗਲੈਂਡ ਦਬਾਅ 'ਚ ਨਜ਼ਰ ਆਇਆ। ਟੀਮ ਨੇ ਪਹਿਲੀਆਂ ਦੋ ਵਿਕਟਾਂ ਸਿਰਫ਼ 38 ਦੌੜਾਂ 'ਤੇ ਗੁਆ ਦਿੱਤੀਆਂ। ਤੀਜੇ ਵਿਕਟ ਲਈ ਕਪਤਾਨ ਹੀਥਰ ਨਾਈਟ (26) ਨਾਲ ਨੈਟ ਸ਼ਿਵਰ (148) ਨੇ 48 ਦੌੜਾਂ ਜੋੜੀਆਂ।
ਇਸ ਸਕੋਰ 'ਤੇ ਕਪਤਾਨ ਨਾਈਟ ਪੈਵੇਲੀਅਨ ਪਰਤ ਗਏ। ਇੱਥੋਂ ਨੈਟ ਸ਼ੀਵਰ ਨੇ ਇੱਕ ਸਿਰਾ ਸੰਭਾਲਿਆ ਤੇ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਨੈਟ ਸ਼ਿਵਰ 148 ਦੌੜਾਂ ਬਣਾ ਕੇ ਅਜੇਤੂ ਰਹੇ ਪਰ ਇੰਗਲੈਂਡ ਦੀ ਬਾਕੀ ਬੱਲੇਬਾਜ਼ੀ ਲਾਈਨਅੱਪ ਉਨ੍ਹਾਂ ਦਾ ਸਾਥ ਨਹੀਂ ਦੇ ਸਕੀ ਤੇ ਪੂਰੀ ਟੀਮ 43.4 ਓਵਰਾਂ ਵਿੱਚ 285 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇੰਗਲੈਂਡ ਇਹ ਮੈਚ 71 ਦੌੜਾਂ ਨਾਲ ਹਾਰ ਗਿਆ ਸੀ।